ਭੀਖੀ- ਚੋਣਾਂ ਸਮੇਂ ਹਰੇਕ ਪਾਰਟੀ ਦੇ ਲੀਡਰ ਮੋਮੋਠੱਗਣੀਆਂ ਗੱਲਾਂ ਕਰਕੇ ਭੋਲ਼ੇ-ਭਾਲ਼ੇ ਲੋਕਾਂ ਤੋਂ ਵੋਟਾਂ ਵਟੋਰ ਹੀ ਲੈਂਦੇ ਹਨ।ਹੁਣ ਪੰਜਾਬ ਵਿੱਚ ਚੋਣ ਪ੍ਰਚਾਰ ਸਿਖਰਾਂ ’ਤੇ ਹੈ ਤੇ ਹਰ ਉਮੀਦਵਾਰ ਦੇ ਪਰਿਵਾਰਕ ਮੈਂਬਰ ਵੀ ਪ੍ਰਚਾਰ ’ਤੇ ਹਨ।ਸਿਆਸੀ ਲੀਡਰਾਂ ਦੇ ਪ੍ਰਚਾਰ ਕਰਨ ਦੇ ਢੰਗ ਵਿੱਚ ਐਨੀ ਗਿਰਾਵਟ ਆ ਗਈ ਹੈ ਕਿ ਉਹ ਵਿਰੋਧੀ ਉਮੀਦਵਾਰ ਜਾਂ ਲੀਡਰਾਂ ’ਤੇ ਨਿੱਜੀ ਤੰਜ਼ ਕਸਣ ਤੋਂ ਬਾਜ਼ ਨਹੀਂ ਆਉਂਦੇ ਜੋ ਕਿ ਬਹੁਤ ਹੀ ਗਲ੍ਹਤ ਪਿਰਤ ਹੈ।ਲੋਕ ਇਹਨਾਂ ਲੀਡਰਾਂ ਨੂੰ ਸਿਹਤ ਤੇ ਸਿੱਖਿਆ ਦੇ ਸੰਬੰਧ ਵਿੱਚ ਕੋਈ ਸਵਾਲ ਨਹੀਂ ਪੁੱਛਦੇ ਕਿਉਂਕਿ ਉਹਨਾਂ ਨੂੰ ਸਰਕਾਰਾਂ ਨੇ ਮੁਫਤ ਦੀਆਂ ਸਕੀਮਾਂ ਵਿੱਚ ਉਲਝਾਇਆ ਹੋਇਆ ਹੈ।ਰੋਜ਼ਗਾਰ ਹੈ ਨਹੀਂ ਪਰ ਸਕੀਮਾਂ ਦੇ ਕੇ ਸਰਕਾਰਾਂ ਨੇ ਲੋਕਾਂ ਨੂੰ ਮੰਗਤੇ ਬਣਾ ਕੇ ਰੱਖ ਦਿੱਤਾ ਹੈ ਤੇ ਉਹ ਗੁਣਗਾਨ ਕਰਦੇ ਨਹੀਂ ਥੱਕਦੇ ਕਿ ਸਾਨੂੰ ਉਹਨਾਂ ਇਹ ਦਿੱਤਾ ਸੀ,ਇਹਨਾਂ ਔਹ ਵੀ ਬੰਦ ਕਰ ਦਿੱਤਾ।ਕੀ ਮੁਫਤ ਸਕੀਮਾਂ ਸਾਡੇ ਬੱਚਿਆਂ ਦਾ ਭਵਿੱਖ ਸੰਵਾਰ ਦੇਣਗੀਆਂ ਇਸ ਬਾਰੇ ਕਿਸੇ ਨੇ ਸੋਚਿਆ ਨਹੀਂ।ਗੱਲ ਕਰੀਏ ਸਿੱਖਿਆ ਸਹੂਲਤਾਂ ਦੀ।ਇਹਨੀ ਦਿਨੀਂ ਪੂਰੇ ਪੰਜਾਬ ਦੇ ਪ੍ਰਾਇਮਰੀ ਤੇ ਅੱਪਰ ਪ੍ਰਾਇਮਰੀ ਸਕੂਲਾਂ ’ਚ ਦਾਖਲੇ ਵਧਾਉਣ ਦਾ ਰੌਲਾ ਹੈ।ਅਧਿਕਾਰੀ ਅਧਿਆਪਕਾਂ ’ਤੇ ਜ਼ੋਰ ਪਾ ਰਹੇ ਹਨ ਕਿ ਉਹ ਮਾਪਿਆਂ ਕੋਲ ਜਾਣ ’ਤੇ ਉਹਨਾਂ ਨੂੰ ਸਰਕਾਰੀ ਸਕੀਮਾਂ ਬਾਰੇ ਦੱਸ ਕੇ ਸਰਕਾਰੀ ਸਕੂਲਾਂ ਵਿੱਚ ਬੱਚੇ ਦਾਖਲ ਕਰਵਾਉਣ ਲਈ ਕਹਿਣ।ਇਹ ਗੱਲ ਸੱਚ ਹੈ ਕਿ 90 ਫੀਸਦੀ ਤੋਂ ਵੀ ਵੱਧ ਸਰਕਾਰੀ ਅਧਿਆਪਕਾਂ ਦੇ ਬੱਚੇ ਮਹਿੰਗੇ ਨਿੱਜੀ ਸਕੂਲਾਂ ਦੀਆਂ ਵੈਨਾਂ ਦੇ ਝੂਟੇ ਲੈ ਰਹੇ ਹਨ,ਲੈਣ ਵੀ ਕਿਉਂ ਨਾ ਕਿਉਂਕਿ ਸਿੱਖਿਆ ਵਿਭਾਗ ਦੀ ਮਨਜ਼ੂਰੀ ਨਾਲ ਹੀ ਇਹ ਸਕੂਲ ਚੱਲ ਰਹੇ ਹਨ,ਜੇਕਰ ਉਥੇ ਸਰਦੇ-ਪੁਜਦੇ ਵਾਲੇ ਆਪਣੇ ਬੱਚੇ ਨਹੀਂ ਪੜ੍ਹਾਉਣਗੇ ਹੋਰ ਕੌਣ ਪੜ੍ਹਾਏਗਾ ? ਲੋਕ ਜਾਗਰੂਕ ਹਨ ਤੇ ਬਹੁਤ ਸਾਰੇ ਅਧਿਆਪਕਾਂ ਨੂੰ ਮਾਪੇ ਇਹੀ ਸਵਾਲ ਕਰਦੇ ਹਨ ਕਿ ਤੁਹਾਡੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ ? ਉਹਨਾ ਕੋਲ ਕੋਈ ਜਵਾਬ ਨਾ ਹੋਣ ਕਾਰਨ ਉਹ ਉਠ ਕੇ ਤੁਰਨ ਨੂੰ ਤਰਜ਼ੀਹ ਦਿੰਦੇ ਹਨ।ਇੱਥੇ ਸਵਾਲ ਇਕੱਲੇ ਅਧਿਆਪਕਾਂ ਦੇ ਬੱਚਿਆਂ ਦਾ ਨਹੀਂ,ਸਗੋਂ ਸਾਰੇ ਉਹਨਾਂ ਲੋਕਾਂ ’ਤੇ ਉਠਣਾ ਚਾਹੀਂਦਾ ਹੈ ਜੋ ਸਰਕਾਰੀ ਖਜ਼ਾਨੇ ’ਚੋਂ ਪੈਸਾ ਲੈਂਦੇ ਹਨ ਤੇ ਬੱਚਿਆਂ ਦੀ ਪੜ੍ਹਾਈ ਨਿੱਜੀ ਸਕੂਲਾਂ ਵਿੱਚ ਕਰਵਾ ਰਹੇ ਹਨ ਪਰ ਇਹ ਉਂਗਲ ਅਧਿਆਪਕਾਂ ’ਤੇ ਇਸ ਵਾਸਤੇ ਉਠਦੀ ਹੈ ਕਿ ਜੇਕਰ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਵਧੀਆ ਹੈ ਤਾਂ ਤੁਸੀਂ ਆਪਣੇ ਬੱਚੇ ਨਿੱਜੀ ਸਕੂਲਾਂ ਵਿੱਚ ਕਿਉਂ ਭੇਜ ਰਹੇ ਓਂ? ਜੇਕਰ ਸਰਕਾਰੀ ਸਕੂਲਾਂ ਨੂੰ ਸਹੂਲਤਾਂ ਦੀ ਗੱਲ ਕਰੀਏ,ਕਿਸੇ ਵੀ ਪ੍ਰਾਇਮਰੀ ਸਕੂਲ ਵਿੱਚ ਚੌਂਕੀਦਾਰ, ਸਫਾਈ ਸੇਵਕ,ਮਾਲੀ ਆਦਿ ਦੀ ਪੱਕੀ ਭਰਤੀ ਨਹੀਂ ਹੈ।ਅਧਿਆਪਕ ਆਪਣੇ ਪੱਧਰ ’ਤੇ ਸਕੂਲ ਦੀ ਸਫਾਈ, ਪਖਾਨਿਆਂ ਦੀ ਸਫਾਈ, ਸਕੂਲ ਖੋਲ੍ਹਣ ਤੇ ਬੰਦ ਕਰਨ ਦੀ ਡਿਊਟੀ ਵੀ ਨਿਭਾਅ ਰਹੇ ਹਨ।ਵੱਖ-ਵੱਖ ਤਰ੍ਹਾ ਦੀਆਂ ਡਾਕਾਂ ਤਿਆਰ ਕਰਨੀਆਂ, ਮਿਡ-ਡੇ-ਮੀਲਜ਼ ਦਾ ਸਮਾਨ ਲਿਆਉਣਾ, ਤਿਆਰ ਕਰਵਾਉਣਾ, ਚੈਕ ਕਰਨਾ, ਰਜਿਸਟਰ ਮੇਨਟੇਨ ਕਰਨੇ, ਬੀ.ਐਲ.ਓ. ਡਿਊਟੀਆਂ, ਬੱਚਿਆ ਦੇ ਬੈਂਕ ਖਾਤੇ ਖੁਲਵਾਉਣੇ, ਬੱਚਿਆਂ ਦਾ ਸਾਰਾ ਡਾਟਾ ਈ ਪੰਜਾਬ ਪੋਰਟਲ ’ਤੇ ਚੜ੍ਹਾਉਣਾ ਤੋਂ ਬਿਨ੍ਹਾਂ ਹੋਰ ਵੀ ਬਹੁਤ ਸਾਰੇ ਗੈਰ ਵਿੱਦਿਆਕ ਕੰਮ ਨੇ ਜੋ ਅਧਿਆਪਕ ਨੂੰ ਨਾ-ਚਾਹੁੰਦੇ ਹੋਏ ਵੀ ਕਰਨੇ ਪੈ ਰਹੇ ਹਨ।ਰਹਿੰਦੀ ਕਸਰ ਮਹਿੰਗੇ ਸਮਾਰਟ ਮੋਬਾਈਲ ਫੋਨਾਂ ਨੇ ਕੱਢ ਦਿੱਤੀ ਹੈ ਤੇ ਕਈ ਸਕੁਲਾ ਦੇ ਅਧਿਆਪਕ/ ਅਧਿਆਪਕਾਵਾਂ ਇਹਨਾਂ ਵਿੱਚ ਗ੍ਰਸਤ ਦੇਖੇ ਜਾ ਸਕਦੇ ਹਨ ਕਿਉਂਕਿ ਮਹਿਕਮੇ ਨੇ ਸਾਰਾ ਪੱਤਰ ਵਿਹਾਰ ਵੱਟਸਐਪ ਰਾਹੀਂ ਕਰ ਦਿੱਤਾ ਹੈ,ਜਿਸ ਕਰਕੇ ਸਕੂਲ ਮੁਖੀ ਕੋਲ ਸਮਾਰਟ ਫੋਨ ਹੋਣਾ ਜ਼ਰੂਰੀ ਹੈ ਪਰ ਹੋਰ ਅਧਿਆਪਕ ਵੀ ਇਹਨਾਂ ਆਨ ਲਾਈਨ ਪੱਤਰਾਂ ਦੀ ਆੜ ਵਿੱਚ ਸ਼ੋਸਲ ਮੀਡੀਆ ’ਤੇ ਨਜ਼ਾਰੇ ਲੁੱਟ ਰਹੇ ਹਨ।ਅੱਜ ਦੇ ਬੱਚੇ ਬਹੁਤ ਤੇਜ਼ ਹਨ ਜਿਸ ਕਰਕੇ ਕਿਹੜਾ ਅਧਿਆਪਕ ਸਕੂਲ ਵਿੱਚ ਜਾਂ ਜਮਾਤ ਸਮੇਂ ਮੋਬਾਈਲ ਦੀ ਵਰਤੋਂ ਕਰਦਾ ਹੈ,ਦੀ ਜਾਣਕਾਰੀ ਮਾਪਿਆਂ ਨੂੰ ਦੇ ਰਹੇ ਹਨ।ਸਰਕਾਰ ਵੱਲੋਂ ਬੱਚਿਆਂ ਨੂੰ ਸਮੇਂ ਸਿਰ ਵਜੀਫਾ, ਕਿਤਾਬਾਂ,ਵਰਦੀਆਂ ਤੇ ਹੋਰ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਪਰ ਅਧਿਆਪਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਬੈਨਰ ਛਪਵਾ ਕੇ ਰੈਲੀ ਕੱਢਣ ਅਤੇ ਮੁਫਤ ਸਹੂਲਤਾਂ ਦਾ ਪ੍ਰਚਾਰ ਕਰਨ। ਬਹੁਤ ਸਾਰੇ ਲੋਕਾਂ ਦਾ ਸਰਕਾਰੀ ਸਕੂਲਾਂ ਤੋਂ ਮਨ ਉਕਤਾ ਗਿਆ ਹੈ,ਜਿਸ ਕਰਕੇ ਉਹਨਾਂ ਦਾ ਰੁਝਾਨ ਹੈ ਕਿ ਉਹ ਆਪ ਤਾਂ ਨਹੀਂ ਪੜ੍ਹੇ ਪਰ ਆਪਣੇ ਬੱਚਿਆਂ ਲਈ ਚਿੰਤਤ ਜ਼ਰੂਰ ਹਨ।ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ ਮਹੌਲ ਸਥਾਪਿਤ ਕਰਨ ਲਈ ਉਥੇ ਬੁਨਿਆਦੀ ਸਹੂਲਤਾਂ ਪੂਰੀਆਂ ਕਰਨੀਆਂ ਜ਼ਰੂਰੀ ਹਨ,ਜਿੱਥੇ ਹਨ ਉਥੇ ਦਾਖਲਿਆਂ ਵਾਸਤੇ ਲਾਈਨਾਂ ਲੱਗ ਰਹੀਆਂ ਹਨ ਪਰ ਸਰਕਾਰ ਦੀ ਨੀਅਤ ਵਿੱਚ ਖੋਟ ਹੈ।ਉਹ ਪੱਕੇ ਅਧਿਆਪਕ ਭਰਤੀ ਕਰਨ ਤੋਂ ਕਤਰਾ ਰਹੀ ਹੈ ਤੇ ਕਿੰਨੇ ਸਾਲਾਂ ਤੋਂ ਤਜ਼ਰਬੇਕਾਰ ਕੱਚੇ ਅਧਿਆਪਕਾਂ ਨੂੰ ਘੱਟ ਤਨਖਾਹ ’ਤੇ ਸਾਲਾਂ ਬੱਧੀ ਕੰਮ ਕਰਵਾਇਆ ਜਾ ਰਿਹਾ ਹੈ ਜੋ ਕਿ ਮਾਨਸਿਕ ਸ਼ੋਸ਼ਣ ਹੈ ਤੇ ਤਨਖਾਹ ਗੱਟ ਹੋਣ ਕਾਰਨ ਉਹ ਮਹਿੰਗਾਈ ਦੀ ਚੱਕੀ ਵਿੱਚ ਪਿਸ ਰਹੇ ਹਨ। ਸਰਕਾਰੀ ਸਕੂਲ ਸਰਕਾਰ ਵਾਸਤੇ ਘਾਟੇ ਦਾ ਸੌਦਾ ਹਨ ਕਿਉਂਕਿ ਇਹ ਕਮਾਈ ਕਰਕੇ ਨਹੀਂ ਦਿੰਦੇ ਸਗੋਂ ਸਰਕਾਰ ਨੂੰ ਬਿਲਡਿੰਗਾਂ,ਹੋਰ ਸਕੀਮਾਂ ਤੇ ਅਧਿਆਪਕਾਂ ਦੀਆਂ ਤਨਖਾਹਾਂ ਜ਼ਰੀਏ ਅਰਬਾਂ ਰੁਪਿਆ ਖਰਚ ਕਰਨਾ ਪੈਂਦਾ ਹੈ ਪਰ ਹੋਰ ਮਹਿਕਮੇ ਉਹਨਾਂ ਨੂੰ ਕਮਾਈ ਕਰ ਕੇ ਦਿੰਦੇ ਹਨ।
– ਗੁਰਵਿੰਦਰ ਸਿੰਘ ਚਹਿਲ
ਪੱਤਰਕਾਰ ‘ਪੰਜਾਬ ਟਾਇਮਜ਼’ ਭੀਖੀ
ਸੰਪਰਕ : 92561-00049