ਸੁਨਾਮ ਊਧਮ ਸਿੰਘ ਵਾਲਾ, 27 ਅਪ੍ਰੈਲ (ਸੁਖਦੇਵ ਸਿੰਘ ਦੇਬੀ, ਰੋਹਿਤ ਗਰਗ)- ਇੱਥੋਂ ਨਜਦੀਕੀ ਪਿੰਡ ਫੁਲੇੜਾ ਤੋਂ ਰੱਤਾ ਖੇੜਾ ਦੇ ਰਾਹ ’ਤੇ ਪੈਂਦੇ ਕਿਸਾਨਾਂ ਦੇ ਖੇਤਾਂ ਵਿਚ ਖੜ੍ਹੀ ਕਣਕ 3 ਏਕੜ ਅਤੇ ਤਕਰੀਬਨ 90 ਏਕੜ ਨਾੜ ਮਿੰਟਾਂ ਵਿਚ ਸੜ ਕੇ ਸਵਾਹ ਹੋ ਗਿਆ। ਇਸਦੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਕਣਕਵਾਲ ਇਕਾਈ ਦੇ ਖਜਾਨਚੀ ਰਿੰਪਾ ਕਣਕਵਾਲ ਅਤੇ ਫੁਲੇੜਾ ਇਕਾਈ ਦੇ ਪ੍ਰਧਾਨ ਗੁਰਬਖਸ਼ ਸਿੰਘ ਨੇ ਦੱਸਿਆ ਕਿ ਫੁਲੇੜਾ ਪਿੰਡ ਤੋਂ ਰੱਤਾ ਖੇੜਾ ਨੂੰ ਜਾਣ ਵਾਲੇ ਰਸਤੇ ’ਤੇ ਪੈਂਦੇ ਕੋਠਿਆਂ ਨਜਦੀਕ ਅਚਨਚੇਤ ਅੱਗ ਪੈਣ ਕਾਰਨ ਤਿੰਨ ਏਕੜ ਖੜ੍ਹੀ ਫਸਲ ਸੜ ਕੇ ਸਵਾਹ ਹੋ ਗਈ। ਪੰਜਾਬ ਅੰਦਰ ਇਹ ਘਟਨਾਵਾਂ ਹਰ ਰੋਜ਼ ਵਾਪਰ ਰਹੀਆਂ ਹਨ, ਜੋ ਕਿ ਆਮ ਗੱਲ ਬਣ ਚੁੱਕੀ ਹੈ, ਪਰ ਸਮੇਂ ਦੀ ਸਰਕਾਰ ਤੋਂ ਇਸ ਵੱਡੀ ਅਤੇ ਗੰਭੀਰ ਸਮੱਸਿਆ ਨੂੰ ਹੱਲ ਕਰਨ ਲਈ ਹੁਣ ਤੱਕ ਕੋਈ ਕਿਸਾਨ ਹਿਤੈਸ਼ੀ ਕਦਮ ਚੁੱਕਣ ਵਿਚ ਦੇਰੀ ਹੋਣ ਦੇ ਨਾਲ-ਨਾਲ ਭਾਰੀ ਗਲਤੀ ਦੀ ਵੀ ਦੋਖੀ ਹੈ, ਕਿਉਂਕਿ ਪੰਜਾਬ ਦਾ ਕਿਸਾਨ ਆਤਮ ਹੱਤਿਆ ਜਿਹੇ ਮਾੜੇ ਰੁਝਾਨ ਵਿਚ ਪੈ ਕੇ ਕਿਸਾਨੀ ਦੀ ਹੋਂਦ ਨੂੰ ਖਤਰੇ ਦੀ ਟਿੱਲੀ ’ਤੇ ਟੰਗ ਰਿਹਾ ਹੈ, ਜਿੱਥੇ ਸੋਚਣਾ ਬਣਦਾ ਹੈ ਕਿ ਆਖਿਰ ਇਸ ਘਟਨਾਵਿਊ ਚੱਕਰ ਦਾ ਅਸਲੀ ਜਿੰਮੇਵਾਰੀ ਕੌਣ ਹੈ। ਅੱਜ ਵਾਪਰੀ ਘਟਨਾ ਦੌਰਾਨ ਇਹ ਗੱਲ ਆਮ ਕਿਸਾਨਾਂ ਦੇ ਮੂੰਹੋਂ ਸੁਣੀ ਗਈ ਕਿ ਛੇ ਮਹੀਨੇ ਪੁੱਤਾਂ ਵਾਂਗ ਬੁੱਕਲਾਂ ਵਿਚ ਪਾਲੀ ਫਸਲ ਨੂੰ ਮਿੰਟੋ-ਮਿੰਟੀ ਅਗਨਗੋਦ ਵਿਚ ਕਿਉਂ ਸੋਣਾ ਪਿਆ। ਕਿਸਾਨਾਂ ਦਾ ਸੋਨਾ ਕਿਹਾ ਜਾਣ ਵਾਲਾ ਇਹ ਅਨਾਜ ਪਲਾਂ ਵਿਚ ਸਵਾਹ ਦਾ ਰੂਪ ਧਾਰ ਗਿਆ। ਇਸ ਲਈ ਕਿਸਾਨ ਜੱਥੇਬੰਦੀਆਂ ਦੇ ਇਨ੍ਹਾਂ ਆਗੂਆਂ ਨੇ ਸਰਕਾਰ ਪਾਸੋਂ ਪੰਜਾਬ ਦੇ ਹਰ ਖੇਤਰ ਵਿਚ ਕਿਸਾਨਾਂ ਨੂੰ ਹੋਏ ਅਗਨੀ ਨੁਕਸਾਨ ਦਾ ਵਿਸ਼ੇਸ਼ ਗਰਦਾਵਰੀ ਕਰਵਾ ਕੇ ਬਣਦਾ ਮੁਆਵਜਾ ਦਿੱਤਾ ਜਾਣਾ ਚਾਹੀਦਾ ਹੈ।