ਸਕੂਲੀ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ

ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਪ੍ਰਬੰਧ ਬਹੁਤ ਮਾੜੇ ਹਨ। ਸਰਕਾਰ ਸਰਕਾਰੀ ਸਕੂਲਾਂ ਵੱਲ ਧਿਆਨ ਨਹੀਂ ਦੇ ਰਹੀ ਇਸ ਕਾਰਨ ਹੀ ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਦੀ ਥਾਂ ਨਿੱਜੀ ਸਕੂਲਾਂ ਵਿੱਚ ਪੜ੍ਹਾਉਣ ਦੀ ਤਰਜੀਹ ਦੇ ਰਹੇ ਹਨ। ਬੇਸ਼ਕ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ’ਚ ਸਿਖਿਆ ਦਾ ਪਧਰ ਉਪਰ ਚੁਕਣ ਲਈ ਲਗਾਤਾਰ ਦਾਅਵੇ ਕੀਤੇ ਜਾ ਰਹੇ ਹਨ ਪ੍ਰੰਤੂ ਜ਼ਮੀਨੀ ਹਾਲਾਤਾਂ ਵਿੱਚ ਕੋਈ ਤਬਦੀਲੀ ਨਹੀਂ ਆਈ। ਪਿਛਲੇ ਸੈਸ਼ਨ ਦੌਰਾਨ ਵੀ ਵਿਦਿਆਰਥੀਆਂ ਨੂੰ ਸਮੇਂ ਸਿਰ ਕਿਤਾਬਾਂ ਨਹੀਂ ਮਿਲੀਆਂ। ਇਸ ਸੈਸ਼ਨ ਦੇ ਸ਼ੁਰੂਆਤ ਮੌਕੇ ਵੀ ਅਜਿਹੇ ਹਾਲਾਤ ਬਣੇ ਹੋਏ ਹਨ। ਸਕੂਲਾਂ ਵਿੱਚ ਨਵਾਂ ਵਿਦਿਅਕ ਵਰ੍ਹਾ 1 ਅਪ੍ਰੈਲ ਤੋਂ ਸ਼ੁਰੂ ਹੋ ਚੁਕਾ ਹੈ। ਅੱਧਾ ਮਹੀਨਾ ਬੀਤ ਜਾਣ ਦੇ ਬਾਵਜੂਦ ਸਕੂਲਾਂ ਦੀਆਂ ਵੱਖ-ਵੱਖ ਜਮਾਤਾਂ ਦੀਆਂ ਅਧੀਆਂ ਤੋਂ ਵਧ ਕਿਤਾਬਾਂ ਹਾਲੇ ਤੱਕ ਬੱਚਿਆਂ ਤੱਕ ਨਹੀਂ ਪਹੁੰਚੀਆਂ। ਕਿਤਾਬਾਂ ਨਾ ਹੋਣ ਕਾਰਨ ਸਕੂਲਾਂ ਵਿੱਚ ਪੜ੍ਹਾਈ ਨਹੀਂ ਹੋ ਰਹੀ। ਇਨ੍ਹਾਂ ਦੁਰਪ੍ਰਬੰਧਾਂ ਕਾਰਨ ਵਿਦਿਆਰਥੀਆਂ ਦਾ ਭਵਿੱਖ ਖਰਾਬ ਹੋ ਰਿਹਾ ਹੈ। ਦਸਵੀਂ ਜਮਾਤ ਦੀਆਂ ਕੁੱਲ 17 ਕਿਤਾਬਾਂ ’ਚੋਂ ਅਜੇ ਤਕ ਸਿਰਫ਼ ਚਾਰ ਕਿਤਾਬਾਂ ਹੀ ਉਪਲੱਬਧ ਹੋਈਆਂ ਹਨ। ਬਹੁਤ ਅਹਿਮ ਵਿਸ਼ਿਆਂ ਗਣਿਤ, ਅੰਗਰੇਜ਼ੀ, ਪੰਜਾਬੀ ਸਮੇਤ ਇਸ ਜਮਾਤ ਦੀਆਂ 13 ਕਿਤਾਬਾਂ ਹਾਲੇ ਆਉਣੀਆਂ ਬਾਕੀ ਹਨ। 9ਵੀਂ ਦੀਆਂ 15 ਕਿਤਾਬਾਂ ’ਚੋਂ ਹਾਲੇ ਤੱਕ ਸਿਰਫ 6 ਕਿਤਾਬਾਂ ਹੀ ਮਿਲੀਆਂ ਹਨ। ਅਠਵੀਂ ਜਮਾਤ ਦੀਆਂ 11 ਕਿਤਾਬਾਂ ’ਚੋਂ ਅੰਗਰੇਜ਼ੀ, ਗਣਿਤ, ਡਰਾਇੰਗ, ਪੰਜਾਬੀ, ਕੰਪਿਊਟਰ ਦੀਆਂ 6 ਕਿਤਾਬਾਂ ਹਾਲੇ ਵੀ ਆਉਣੀਆਂ ਬਕਾਇਆ ਹਨ। ਸਤਵੀਂ ਦੀਆਂ ਚਾਰ ਕਿਤਾਬਾਂ ਰਹਿੰਦੀਆਂ ਹਨ। ਪ੍ਰਾਇਮਰੀ ਜਮਾਤਾਂ ਦੀਆਂ ਵੀ ਚਾਰ ਕਿਤਾਬਾਂ ਆਉਣੀਆਂ ਬਾਕੀ ਹਨ। ਸਕੂਲਾਂ ’ਚ ਕਿਤਾਬਾਂ ਦੀ ਅਣਹੋਂਦ ਕਾਰਨ ਪੜ੍ਹਾਈ ਦਾ ਭਾਰੀ ਨੁਕਸਾਨ ਹੁੰਦਾ ਹੈ ਅਤੇ ਇਸ ਨਾਲ ਨਤੀਜੇ ਪ੍ਰਭਾਵਿਤ ਹੁੰਦੇ ਹਨ। ਕਿਤਾਬਾਂ ਦੇ ਨਾਲ-ਨਾਲ ਸਰਕਾਰ ਸਕੂਲਾਂ ’ਚ ਹੋਰ ਜ਼ਰੂਰੀ ਸਹੂਲਤਾਂ ਮੁੱਹੀਆ ਕਰਵਾਉਣ ਵੱਲ ਕੋਈ ਧਿਆਨ ਨਹੀਂ ਦੇ ਰਹੀ। ਇਹ ਸਥਿਤੀ ਬਹੁਤ ਹੀ ਚਿੰਤਾਜਨਕ ਹੈ। ਇਸ ਸਬੰਧੀ ਹਰ ਪੱਧਰ ’ਤੇ ਆਵਾਜ਼ ਉਠਾਉਣ ਦੀ ਜ਼ਰੂਰਤ ਹੈ ਤਾਂ ਜੋ ਪੰਜਾਬ ਵਿੱਚ ਸਿੱਖਿਆ ਨੂੰ ਬਚਾਇਆ ਜਾ ਸਕੇ।
– ਬਲਜੀਤ ਸਿੰਘ ਬਰਾੜ

Send this to a friend