ਤਿਲੰਗਾਨਾ ਦੀ ਇਕ ਕੰਪਨੀ ਵੱਲੋਂ ਆਧਾਰ ਕਾਰਡਾਂ ਦਾ ਡੇਟਾ ਚੋਰੀ ਕਰਨਾ ਬਹੁਤ ਗੰਭੀਰ ਮੁੱਦਾ ਹੈ। ਤਿਲੰਗਾਨਾ ਦੀ ਪੁਲਿਸ ਨੇ ਜਾਂਚ ਦੌਰਾਨ ਇਸ ਚੋਰੀ ਦਾ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਇਕ ਨਿੱਜੀ ਕੰਪਨੀ ‘ਆਈਟੀ ਗਰਿੱਡ ਇੰਡੀਆ’ ਦੀਆਂ ਹਾਰਡ ਡਿਸਕਾਂ ਫੜੇ ਜਾਣ ਬਾਅਦ ਕੀਤੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਸ ਕੰਪਨੀ ਨੇ ਪੰਜਾਬ ਨਾਲ ਸਬੰਧਤ ਦੋ ਕਰੋੜ ਆਧਾਰ ਕਾਰਡਾਂ ਦਾ ਡੇਟਾ ਚੋਰੀ ਕੀਤਾ ਹੋਇਆ ਸੀ।ਇਸ ਤੋਂ ਪਹਿਲਾਂ ਕੰਪਨੀ ਵਲੋਂ ਆਂਧਰਾ ਪ੍ਰਦੇਸ਼ ਤੇ ਤਿਲੰਗਾਨਾ ਸੂਬਿਆਂ ਦੇ ਨਾਲ ਸਬੰਧਤ 7.82 ਕਰੋੜ ਆਧਾਰ ਕਾਰਡਾਂ ਦਾ ਡੇਟਾ ਚੋਰੀ ਦੇ ਮਾਮਲੇ ਦਾ ਪਰਦਾਫਾਸ਼ ਹੋ ਚੁਕਾ ਹੈ। ਕੰਪਨੀ ਵੱਲੋਂ ਪੰਜਾਬ ਨਾਲ ਸਬੰਧਤ ਏਨੀ ਵਡੀ ਮਾਤਰਾ ਵਿਚ ਡੇਟਾ ਚੋਰੀ ਕਰਨਾ ਕਾਫੀ ਹੈਰਾਨੀਜਨਕ ਹੈ। ਇਸ ਪਿੱਛੇ ਕੋਈ ਸਾਜਿਸ਼ ਕੰਮ ਕਰ ਰਹੀ ਹੈ। ਸਾਧਾਰਨ ਹਾਲਾਤਾਂ ਵਿੱਚ ਇਹ ਡਾਟਾ ਚੋਰੀ ਕਰਨਾ ਮੁਸ਼ਕਿਲ ਹੈ। ਲਾਜ਼ਮੀ ਤੌਰ ’ਤੇ ਇਸ ਚੋਰੀ ਵਿੱਚ ਸਬੰਧਤ ਸੰਸਥਾ ਦਾ ਕੋਈ ਕਰਮਚਾਰੀ ਜਾਂ ਅਧਿਕਾਰੀ ਸ਼ਾਮਿਲ ਹੋ ਸਕਦਾ ਹੈ। ਜਾਂਚ ਏਜੰਸੀਆਂ ਨੂੰ ਇਸ ਕੇਸ ਦੀ ਸਾਵਧਾਨੀ ਨਾਲ ਪੜਤਾਲ ਕਰਨੀ ਚਾਹੀਦੀ ਹੈ। ਇਹ ਵੀ ਪਤਾ ਕਰਨਾ ਚਾਹੀਦਾ ਹੈ ਕਿ ਇਸ ਡਾਟਾ ਚੋਰੀ ਦਾ ਮਕਸਦ ਕੀ ਸੀ। ਆਧਾਰ ਕਾਰਡ ਮੁਹੱਈਆ ਕਰਵਾਉਣ ਵਾਲੀ ਯੂਨੀਕ ਇੰਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (ਯੂਆਈਡੀਏਆਈ) ਆਪਣੇ ਸਰਵਰ ਤੋਂ ਡੇਟਾ ਲੀਕ ਹੋਣ ਜਾਂ ਇਸ ਵਿਚ ਸੰਨ੍ਹ ਲਗਣ ਦੀਆਂ ਰਿਪੋਰਟਾਂ ਨੂੰ ਰਦ ਕਰ ਚੁਕੀ ਹੈ।ਆਈਟੀ ਗਰਿਡ (ਇੰਡੀਆ) ਕੰਪਨੀ ਦੀਆਂ ਸਰਗਰਮੀਆਂ ਕਾਫੀ ਸ਼ੱਕੀ ਹਨ। ਇਸ ਪਿੱਛੇ ਜ਼ਰੂਰ ਸਿਆਸੀ ਨੇਤਾਵਾਂ ਦਾ ਵੀ ਹੱਥ ਹੋ ਸਕਦਾ ਹੈ। ਕਰੋੜਾਂ ਲੋਕਾਂ ਦਾ ਨਿੱਜੀ ਡਾਟਾ ਚੋਰੀ ਹੋਣ ਤੋਂ ਇਹ ਪਤਾ ਲੱਗਦਾ ਹੈ ਕਿ ਸਰਕਾਰ ਚੇਤਾਵਨੀ ਦੇ ਬਾਵਜੂਦ ਇਸ ਮੁੱਦੇ ’ਤੇ ਗੰਭੀਰ ਨਹੀਂ ਹੈ। ਆਧਾਰ ਕਾਨੂੰਨ ਅਨੁਸਾਰ ਲੋਕਾਂ ਦੇ ਆਧਾਰ ਨੰਬਰਾਂ ਆਪਣੇ ਕਬਜ਼ੇ ਵਿਚ ਰਖਣ ਦੇ ਦੋਸ਼ ਵਿਚ ਕੁਝ ਵਿਸ਼ੇਸ਼ ਹਾਲਤਾਂ ਵਿਚ ਅਪਰਾਧਿਕ ਕਾਰਵਾਈ ਹੋ ਸਕਦੀ ਹੈ।ਆਧਾਰ ਕਾਰਡ ਸਬੰਧੀ ਜਾਣਕਾਰੀ ਰਖ ਕੇ ਵੀ ਕਾਰਡ ਹੋਲਡਰ ਨੂੰ ਕਈ ਤਰ੍ਹਾਂ ਦਾ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ। ਇਸ ਕਾਰਨ ਇਹ ਮੁੱਦਾ ਹੋਰ ਵੀ ਗੰਭੀਰ ਹੈ। ਅਪਰਾਧਕ ਮਨਸੇ ਨਾਲ ਚੋਰੀ ਕੀਤਾ ਗਿਆ ਇਹ ਡਾਟਾ ਦੇਸ਼ ਦੀ ਸੁਰੱਖਿਆ ਲਈ ਵੀ ਇਕ ਖਤਰਾ ਹੈ। ਯੂਆਈਡੀਏਆਈ ਨੇ ਤਿਲੰਗਾਨਾ ਪੁਲੀਸ ਦੀ ਸਿਟ ਦੀ ਰਿਪੋਰਟ ਦੇ ਆਧਾਰ ਉਤੇ ਐਫਆਈਆਰ ਦਰਜ ਕਰਵਾ ਦਿਤੀ ਹੈ। ਤਿਲੰਗਾਨਾ ਪੁਲੀਸ ਅਨੁਸਾਰ ਡੇਟਾ ਚੋਰੀ ਕਰਕੇ ਇਸ ਦੇ ਰਾਹੀਂ ਦੋ ਰਾਜਾਂ ਵਿਚ ਵੋਟਰਾਂ ਨਾਲ ਸੰਪਰਕ ਕੀਤਾ ਗਿਆ ਹੋ ਸਕਦਾ ਹੈ।ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਕੰਪਨੀ ਤੋਂ 60 ਹਾਰਡ ਡਿਸਕਾਂ, ਪੈਨ ਡਰਾਈਵ ਅਤੇ ਮੈਮਰੀ ਕਾਰਡ ਕਬਜ਼ੇ ਵਿੱਚ ਲਏ ਹਨ। ਇਸ ਸਮੁੱਚੇ ਮਾਮਲੇ ਦੀ ਸਚਾਈ ਸਾਹਮਣੇ ਆਉਣੀ ਚਾਹੀਦੀ ਹੈ ਅਤੇ ਪੀੜਤ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ।
– ਬਲਜੀਤ ਸਿੰਘ ਬਰਾੜ