ਚੋਣਾਂ ਪਿਛੋਂ ਬਦਲੇਗੀ ਪੰਜਾਬ ਦੀ ਸਿਆਸੀ ਤਸਵੀਰ

ਲੋਕ ਸਭਾ ਦੀਆਂ ਆਮ ਚੋਣਾਂ ਨਾਲ ਜਿੱਥੇ ਦੇਸ਼ ਦੀ ਰਾਜਨੀਤੀ ਵਿੱਚ ਵੱਡੀ ਤਬਦੀਲੀ ਆਉਣ ਦੀ ਸੰਭਾਵਨਾ ਹੈ ਉਥੇ ਇਸ ਦਾ ਅਸਰ ਪੰਜਾਬ ਦੇ ਰਾਜਸੀ ਮਾਹੌਲ ਉਪਰ ਵੀ ਪਵੇਗਾ। ਪੰਜਾਬ ਵਿੱਚ ਮੁੱਖ ਤੌਰ ’ਤੇ ਹੁਕਮਰਾਨ ਕਾਂਗਰਸ, ਅਕਾਲੀ-ਭਾਜਪਾ ਗਠਜੋੜ, ਆਮ ਆਦਮੀ ਪਾਰਟੀ, ਟਕਸਾਲੀ ਅਕਾਲੀ ਦਲ ਅਤੇ ਪੀਡੀਏ ਦਰਮਿਆਨ ਮੁਕਾਬਲਾ ਹੈ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਪਹਿਲੀ ਵਾਰ ਨਵੀਂ ਉਭਰੀ ਆਮ ਆਦਮੀ ਪਾਰਟੀ ਨੂੰ 4 ਹਲਕਿਆਂ ਤੋਂ ਜਿੱਤ ਹਾਸਲ ਹੋਈ ਸੀ। ਨਵੇਂ ਹਾਲਾਤਾਂ ਵਿੱਚ ਆਮ ਆਦਮੀ ਪਾਰਟੀ ਅੰਦਰ ਵੱਡੇ ਪੱਧਰ ’ਤੇ ਟੁੱਟ-ਭੱਜ ਹੋਈ ਹੈ। ‘ਆਪ’ ਤੋਂ ਵੱਖ ਹੋਏ ਸ. ਸੁਖਪਾਲ ਸਿੰਘ ਖਹਿਰਾ ਨੇ ਆਪਣੀ ਪਾਰਟੀ ਬਣਾ ਲਈ ਹੈ। ਉਨ੍ਹਾਂ ਨੇ ਦੂਸਰੀਆਂ ਪਾਰਟੀਆਂ ਨਾਲ ਮਿਲਕੇ ਪੀਡੀਏ ਗਠਜੋੜ ਕਾਇਮ ਕੀਤਾ ਹੈ। ਸ. ਖਹਿਰਾ ਲੋਕ ਸਭਾ ਹਲਕਾ ਬਠਿੰਡਾ ਤੋਂ ਖੁਦ ਚੋਣ ਲੜ ਰਹੇ ਹਨ। ਬਠਿੰਡਾ ਪੰਜਾਬ ਦੇ ਸਭ ਤੋਂ ਅਹਿਮ ਹਲਕਿਆਂ ਵਿੱਚ ਸ਼ਾਮਿਲ ਹੈ। ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ 2 ਵਾਰ ਲਗਾਤਾਰ ਜਿੱਤ ਹਾਸਲ ਕਰ ਚੁੱਕਾ ਹੈ। ਬੀਬਾ ਹਰਸਿਮਰਤ ਕੌਰ ਬਾਦਲ ਇਸ ਹਲਕੇ ਤੋਂ ਜਿੱਤ ਕੇ ਹੀ ਕੇਂਦਰੀ ਮੰਤਰੀ ਬਣੇ। ਬਠਿੰਡਾ ਹਲਕੇ ਵਿੱਚ ਇਸ ਸਮੇਂ ਚਾਰ ਕੋਨੇ ਮੁਕਾਬਲੇ ਦੀ ਸੰਭਾਵਨਾ ਬਣੀ ਹੋਈ ਹੈ। ਫਿਰੋਜ਼ਪੁਰ ਅਤੇ ਪਟਿਆਲਾ ਹਲਕੇ ਵੀ ਕਾਫੀ ਅਹਿਮੀਅਤ ਅਖਤਿਆਰ ਕਰ ਗਏ ਹਨ। ਸ੍ਰੀ ਖਡੂਰ ਸਾਹਿਬ ਹਲਕਾ ਬੀਬੀ ਪਰਮਜੀਤ ਕੌਰ ਖਾਲੜਾ ਕਾਰਨ ਕਾਫੀ ਚਰਚਿਤ ਹੋ ਗਿਆ ਹੈ। ਪੰਜਾਬੀਆਂ ਦੇ ਲਗਭਗ ਸਾਰੇ ਹੀ ਵਰਗ ਲੋਕ ਸਭਾ ਚੋਣਾਂ ਵਿੱਚ ਵਿਸ਼ੇਸ਼ ਦਿਲਚਸਪੀ ਲੈ ਰਹੇ ਹਨ। ਵਿਦੇਸ਼ਾਂ ਵਿੱਚ ਵੀ ਪੰਜਾਬੀ ਲੋਕ ਸਭਾ ਚੋਣਾਂ ਲਈ ਕਾਫੀ ਸਰਗਰਮੀ ਦਿਖਾ ਰਹੇ ਹਨ। ਇਸ ਦਾ ਅਸਰ ਲਗਭਗ ਸਾਰੀਆਂ ਹੀ ਸੀਟਾਂ ਉਪਰ ਪਵੇਗਾ। ਬੇਸ਼ਕ ਹਾਲੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਤਸਵੀਰ ਉਭਰ ਕੇ ਸਾਹਮਣੇ ਨਹੀਂ ਆ ਰਹੀ, ਪ੍ਰੰਤੂ ਸਿਆਸੀ ਮਾਹਰ ਇਹ ਮੰਨ ਕੇ ਚੱਲ ਰਹੇ ਹਨ ਕਿ ਇਸ ਵਾਰ ਪੰਜਾਬ ’ਚ ਕਾਂਗਰਸ ਦਾ ਹੱਥ ਉਪਰ ਰਹੇਗਾ। ਦੂਸਰੇ ਨੰਬਰ ’ਤੇ ਪੀਡੀਏ ਜਾਂ ਅਕਾਲੀ-ਭਾਜਪਾ ਗਠਜੋੜ ਆਵੇਗਾ। ਆਮ ਆਦਮੀ ਪਾਰਟੀ ਹਾਲੇ ਆਪਣੇ ਸੰਕਟ ਵਿੱਚੋਂ ਉਭਰ ਨਹੀਂ ਰਹੀ। ਪਾਰਟੀ ਨੂੰ ਆਪਣੇ ਪਹਿਲਾਂ ਵਾਲੇ 4 ਹਲਕਿਆਂ ਮੁੜ ਜਿੱਤ ਹਾਸਿਲ ਕਰਨ ਲਈ ਬਹੁਤ ਮੁਸ਼ੱਕਤ ਕਰਨੀ ਹੋਵੇਗੀ। ਜੇਕਰ ਆਮ ਆਦਮੀ ਪਾਰਟੀ ਘੱਟੋ-ਘੱਟ 4 ਸੀਟਾਂ ਉਪਰ ਜਿੱਤ ਹਾਸਿਲ ਨਹੀਂ ਕਰਦੀ ਤਦ ਉਸ ਲਈ ਆਉਣ ਵਾਲੇ ਹਾਲਾਤ ਬਹੁਤ ਮੁਸ਼ਕਿਲ ਵਾਲੇ ਹੋ ਸਕਦੇ ਹਨ। 2014 ਦੀ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ 4 ਸੀਟਾਂ ਮਿਲੀਆਂ ਸਨ। 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਹਾਰ ਤੋਂ ਬਾਅਦ ਅਕਾਲੀ ਦਲ ਦੇ ਪੈਰ ਨਹੀਂ ਲੱਗ ਰਹੇ। ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਪਹਿਲੀ ਵਾਰ ਲੋਕ ਸਭਾ ਚੋਣਾਂ ਦਾ ਸਾਹਮਣੇ ਕਰ ਰਿਹਾ ਹੈ। ਜੇਕਰ ਅਕਾਲੀ ਦਲ ਨੂੰ ਇਸ ਵਾਰ 4 ਤੋਂ ਘੱਟ ਸੀਟਾਂ ਮਿਲਦੀਆਂ ਹਨ ਤਦ ਇਹ ਸ. ਬਾਦਲ ਅਤੇ ਦੂਸਰੀ ਲੀਡਰਸ਼ਿਪ ਲਈ ਖਤਰੇ ਦਾ ਸੰਕੇਤ ਹੋਵੇਗਾ। ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੇ ਸਿਆਸੀ ਮਾਹੌਲ ਵਿੱਚ ਵੱਡੀ ਤਬਦੀਲੀ ਦੇ ਆਸਾਰ ਹਨ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਪੰਜਾਬ ਦੇ ਵੋਟਰ ਲੋਕ ਸਭਾ ਚੋਣਾਂ ਵਿੱਚ ਕਿਸ ਸਿਆਸੀ ਧਿਰ ਵੱਲ ਝੁਕਾਅ ਦਾ ਪ੍ਰਗਟਾਵਾ ਕਰਦੇ ਹਨ।
– ਬਲਜੀਤ ਸਿੰਘ ਬਰਾੜ

Send this to a friend