ਤਰਨਤਾਰਨ ਵਿਖੇ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਜੀ ਦੀ ਦਰਸ਼ਨੀ ਡਿਊੜੀ ਨੂੰ ਇਕ ਕਾਰ ਸੇਵਾ ਵਾਲੇ ਬਾਬੇ ਜਗਤਾਰ ਸਿੰਘ ਦੀ ਅਗਵਾਈ ਹੇਠ ਰਾਤ ਨੂੰ ਬਹੁਤ ਬੁਰੇ ਤਰੀਕੇ ਨਾਲ ਢਾਹ ਦਿੱਤਾ ਗਿਆ। ਇਸ ਦੀਆਂ ਤਸਵੀਰਾਂ ਦੇਖ ਕੇ ਰੌਣਾ ਆਉਂਦਾ ਹੈ। ਸਿੱਖ ਵਿਰਾਸਤ ਨੂੰ ਕਾਰ ਸੇਵਾ ਵਾਲਿਆਂ ਨੇ ਪਹਿਲਾਂ ਵੀ ਬਹੁਤ ਨੁਕਸਾਨ ਪਹੁੰਚਾਇਆ ਹੈ। ਇਕ ਪਾਸੇ ਸਿੱਖ ਵਿਰੋਧੀ ਤਾਕਤਾਂ ਸਿੱਖਾਂ ਦੇ ਧਾਰਮਿਕ ਅਸਥਾਨਾਂ ਨੂੰ ਟੈਂਕਾਂ ਅਤੇ ਤੋਪਾਂ ਨਾਲ ਢਾਹ ਰਹੇ ਹਨ। ਦੂਜੇ ਪਾਸੇ ਸਾਡੇ ਕਥਿਤ ਕਾਰ ਸੇਵਾ ਵਾਲੇ ਬਾਬੇ ਕਾਰ ਸੇਵਾ ਦੇ ਨਾਮ ਉਪਰ ਸਾਡੀ ਬਹੁਤ ਕੀਮਤੀ ਵਿਰਾਸਤ ਨੂੰ ਤਬਾਹ ਕਰ ਰਹੇ ਹਨ। ਤਾਜ਼ਾ ਮਾਮਲਾ ਬਹੁਤ ਹੀ ਦਿਲ ਛਲਣੀ ਕਰਨ ਵਾਲਾ ਹੈ। ਤਰਨਤਾਰਨ ਦੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਜੀ ਦੀ ਦਰਸ਼ਨੀ ਡਿਊੜੀ 200 ਸਾਲ ਪਹਿਲਾਂ ਸਿੱਖ ਰਾਜ ਦੌਰਾਨ ਉਸਾਰੀ ਗਈ ਸੀ। ਇਹ ਹੈਰਾਨੀ ਦੀ ਗੱਲ ਹੈ ਕਿ ਇਸ ਦਰਸ਼ਨੀ ਡਿਊੜੀ ਨੂੰ ਆਪ ਹੁਦਰੇ ਤਰੀਕੇ ਨਾਲ ਮਲੀਆਮੇਟ ਕਰ ਦਿੱਤਾ ਗਿਆ। ਸਿੱਖ ਸੰਗਤਾਂ ਵਿੱਚ ਭਾਰੀ ਰੋਹ ਹੈ। ਸੋਸ਼ਲ ਮੀਡੀਆ ਉਪਰ ਲੱਖਾਂ ਸਿੱਖ ਸ਼ਰਧਾਲੂ ਖੂਨ ਦੇ ਅਥਰੂ ਰੋ ਰਹੇ ਹਨ। ਸੰਗਤ ਵੱਲੋਂ ਪਏ ਦਬਾਅ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਣ ਫੌਰੀ ਤੌਰ ’ਤੇ ਕਾਰਵਾਈ ਕਰਦਿਆਂ ਕਾਰ ਸੇਵਾ ਦਾ ਕਾਰਜ ਪਿਛਲੇ ਸਾਲ ਹੀ ਰੋਕ ਦਿੱਤਾ ਗਿਆ ਸੀ। ਕਮੇਟੀ ਨੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਪ੍ਰਤਾਪ ਸਿੰਘ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦਾ ਪੱਖ ਹੈ ਕਿ ਸੰਗਤਾਂ ਦੇ ਇਤਰਾਜ਼ ਉਠਾਉਣ ਤੋਂ ਬਾਅਦ ਡਿਊੜੀ ਦੀ ਕਾਰ ਸੇਵਾ ਦਾ ਕਾਰਜ ਰੋਕ ਦਿੱਤਾ ਗਿਆ ਸੀ। ਇਸ ਸਬੰਧੀ 18 ਅਕਤੂਬਰ, 2018 ਨੂੰ ਹੋਈ ਪ੍ਰਬੰਧਕ ਕਮੇਟੀ ਦੀ ਇਕੱਤਰਤਾ ਵਿੱਚ ਮਤਾ ਨੰ: 765 ਰਾਹੀਂ ਇਸ ਮਾਮਲੇ ਨੂੰ ਪੈਂਡਿੰਗ ਕਰ ਦਿੱਤਾ ਸੀ।ਹੈਰਾਨੀ ਦੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਰੋਕ ਦੇ ਬਾਵਜੂਦ ਗੁਰਦੁਆਰਾ ਸਾਹਿਬ ਦੇ ਮੈਨੇਜਰ ਅਤੇ ਕਾਰ ਸੇਵਾ ਵਾਲੇ ਬਾਬਿਆਂ ਨੇ ਬੀਤੀ ਰਾਤ ਡਿਊੜੀ ਨੂੰ ਢਾਹ ਦਿੱਤਾ। ਵਿਰੋਧ ਕਰਨ ਵਾਲੀ ਸੰਗਤ ਦੇ ਨਾਲ ਵੀ ਕੁੱਟਮਾਰ ਕੀਤੀ ਗਈ। ਸ਼੍ਰੋਮਣੀ ਕਮੇਟੀ ਨੇ ਬਾਬਾ ਜਗਤਾਰ ਸਿੰਘ ਤੋਂ ਕਾਰ ਸੇਵਾ ਦਾ ਕਾਰਜ ਵੀ ਵਾਪਸ ਲੈ ਲਿਆ ਹੈ। ਸਿੱਖ ਵਿਰਾਸਤ ਨੂੰ ਕਾਰ ਸੇਵਾ ਦੇ ਨਾਮ ’ਤੇ ਬਰਬਾਦ ਕਰਨਾ ਇਕ ਅਪਰਾਧਕ ਕਾਰਵਾਈ ਹੈ। ਇਸ ਨੂੰ ਕਿਸੇ ਵੀ ਤਰ੍ਹਾਂ ਮੁਆਫ ਨਹੀਂ ਕੀਤਾ ਜਾ ਸਕਦਾ। ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਸਬੰਧਤ ਮੈਨੇਜਰ, ਕਾਰ ਸੇਵਾ ਵਾਲੇ ਜਗਤਾਰ ਸਿੰਘ ਅਤੇ ਸਾਥੀਆਂ ਖਿਲਾਫ ਬਕਾਇਦਾ ਅਪਰਾਧਕ ਸ਼ਿਕਾਇਤ ਦਰਜ ਕਰਵਾਈ ਜਾਵੇ। ਜਦੋਂ ਤੱਕ ਅਜਿਹੇ ਲੋਕਾਂ ਨੂੰ ਸਖਤ ਸਜ਼ਾ ਨਹੀਂ ਮਿਲਦੀ ਤਦ ਤੱਕ ਸਿੱਖ ਸੰਗਤਾਂ ਦੇ ਕਲੇਜੇ ਨੂੰ ਠੰਢ ਨਹੀਂ ਪਵੇਗੀ। ਇਸ ਕਾਰਵਾਈ ਨੇ ਸਿੱਖ ਸ਼ਰਧਾਲੂਆਂ ਦੇ ਹਿਰਦੇ ਨੂੰ ਭਾਰੀ ਠੇਸ ਪਹੁੰਚਾਈ ਹੈ। ਇਤਿਹਾਸਕ ਇਮਾਰਤਾਂ ਨੂੰ ਤਬਾਹ ਕਰਨਾ ਕਾਨੂੰਨੀ ਤੌਰ ’ਤੇ ਵੀ ਇਕ ਵੱਡਾ ਅਪਰਾਧ ਹੈ। ਇਸ ਲਈ ਦੋਸ਼ੀਆਂ ਨੂੰ ਕੋਈ ਮੁਆਫ਼ੀ ਨਹੀਂ ਦਿੱਤੀ ਜਾ ਸਕਦੀ। ਜੇਕਰ ਸ਼੍ਰੋਮਣੀ ਕਮੇਟੀ ਸੱਚੀ ਹੈ ਤਾਂ ਉਸ ਨੂੰ ਆਪਣੇ ਦੋਸ਼ੀ ਮੈਨੇਜਰ, ਕਾਰ ਸੇਵਾ ਵਾਲੇ ਜਗਤਾਰ ਸਿੰਘ ਅਤੇ ਦੂਸਰੇ ਸਾਰੇ ਦੋਸ਼ੀ ਕਾਰ ਸੇਵਕਾਂ ਖਿਲਾਫ ਤੁਰੰਤ ਅਪਰਾਧਕ ਕੇਸ ਦਰਜ ਕਰਵਾਉਣਾ ਚਾਹੀਦਾ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਇਹ ਸਮਝਿਆ ਜਾਵੇਗਾ ਕਿ ਸਿੱਖੀ ਵਿਰੁੱਧ ਇਸ ਬਹੁਤ ਹੀ ਵੱਡੇ ਅਪਰਾਧ ਵਿੱਚ ਉਹ ਵੀ ਸ਼ਾਮਿਲ ਹੈ।
– ਬਲਜੀਤ ਸਿੰਘ ਬਰਾੜ