ਐਂਟੀ ਸੈਟੇਲਾਈਟ ਮਿਜ਼ਾਈਲ ਦੀ ਸਫਲਤਾ

ਭਾਰਤ ਨੇ ਐਂਟੀ ਸੈਟੇਲਾਈਟ ਮਿਜ਼ਾਈਲ ਦੇ ਸਫਲ ਅਜ਼ਮਾਇਸ਼ ਨਾਲ ਵੱਡੀ ਸਫਲਤਾ ਹਾਸਿਲ ਕਰ ਲਈ ਹੈ। ਭਾਰਤੀ ਵਿਗਿਆਨੀਆਂ ਦੀ ਇਹ ਵੱਡੀ ਪ੍ਰਾਪਤੀ ਹੈ। ਇਸ ਨਾਲ ਭਾਰਤ ਅਮਰੀਕਾ, ਰੂਸ ਅਤੇ ਚੀਨ ਤੋਂ ਬਾਅਦ ਦੁਨੀਆਂ ਦੀ ਚੌਥੀ ਮਹਾਂ ਸ਼ਕਤੀ ਬਣ ਗਈ ਹੈ। ਭਾਰਤ ਵੱਲੋਂ ਅਜਮਾਇਸ਼ ਦੌਰਾਨ ਪੁਲਾੜ ਵਿੱਚ ਸਫਲਤਾ ਨਾਲ ਇਕ ਡਮੀ ਸੈਟੇਲਾਈਟ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਮਿਸ਼ਨ ਨੂੰ ਸਿਰਫ਼ ਤਿੰਨ ਮਿੰਟਾਂ ਵਿੱਚ ਮੁਕੰਮਲ ਕੀਤਾ ਗਿਆ। ਵੱਡੀ ਗੱਲ ਇਹ ਹੈ ਕਿ ਐਂਟੀ-ਸੈਟੇਲਾਈਟ ਮਿਜ਼ਾਈਲ ਦੀ ਸਫਲ ਅਜ਼ਮਾਇਸ਼ ਸਰਕਾਰ ਦੀ ਮੇਕ ਇਨ ਇੰਡੀਆ ਮੁਹਿੰਮ ਤਹਿਤ ਕੀਤੀ ਗਈ ਪਹਿਲਕਦਮੀ ਹੈ ਅਤੇ ਇਸ ਪ੍ਰਾਜੈਕਟ ’ਚ ਸ਼ਾਮਲ ਵਿਗਿਆਨੀਆਂ ਨੇ ਸਾਬਤ ਕਰ ਦਿਤਾ ਹੈ ਕਿ ਭਾਰਤ ਕੋਈ ਵੀ ਪ੍ਰਾਪਤੀ ਕਰ ਸਕਦਾ ਹੈ।ਇਸ ਮੌਕੇ ’ਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਇਹ ਕਹਿਣਾ ਵੀ ਕਾਫੀ ਅਹਿਮੀਅਤ ਰੱਖਦਾ ਹੈ ਕਿ ਭਾਰਤ ਦਾ ਇਹ ਨਵਾਂ ਪ੍ਰੋਗਰਾਮ ਕਿਸੇ ਮੁਲਕ ਦੇ ਖਿਲਾਫ ਨਹੀਂ ਸੀ। ਅਮਨ ਤੇ ਸਦਭਾਵਨਾ ਦੀ ਕੋਸ਼ਿਸ਼ ’ਚ ਲਗੀਆਂ ਤਾਕਤਾਂ ਦਾ ਹਮੇਸ਼ਾ ਸ਼ਕਤੀਸ਼ਾਲੀ ਬਣਿਆ ਰਹਿਣਾ ਜ਼ਰੂਰੀ ਹੈ ਤਾਂ ਜੋ ਉਹ ਅਮਨ ਦੇ ਟੀਚੇ ਨੂੰ ਹਾਸਲ ਕਰ ਸਕਣ।ਉਨ੍ਹਾਂ ਨੇ ਇਸ ਪ੍ਰੋਜੈਕਟ ਵਿੱਚ ਸ਼ਾਮਿਲ ਵਿਗਿਆਨੀਆਂ ਅਤੇ ਦੇਸ਼ ਵਾਸੀਆਂ ਨੂੰ ਵਧਾਈ ਵੀ ਦਿੱਤੀ। ਐਂਟੀ ਮਿਜ਼ਾਈਲ ਦੀ ਅਜ਼ਮਾਇਸ਼ ਇਸ ਲਈ ਕੀਤੀ ਗਈ ਹੈ ਤਾਂ ਜੋ ਭਾਰਤ ਦੇ ਆਪਣੇ ਪੁਲਾੜ ਸਬੰਧੀ ਅਸਾਸਿਆਂ ਦੀ ਸੁਰਖਿਆ ਦੀ ਸਮਰਥਾ ਦੀ ਪੁਸ਼ਟੀ ਕੀਤੀ ਜਾ ਸਕੇ।ਇਹ ਵੀ ਚੰਗੀ ਗੱਲ ਹੈ ਕਿ ਭਾਰਤ ਦਾ ਇਰਾਦਾ ਬਾਹਰੀ ਪੁਲਾੜ ’ਚ ਹਥਿਆਰਾਂ ਦੀ ਦੌੜ ’ਚ ਸ਼ਾਮਲ ਹੋਣ ਦਾ ਨਹੀਂ ਹੈ। ਭਾਰਤ ਨੇ ਹਮੇਸ਼ਾ ਇਸ ਗਲ ’ਤੇ ਅਮਲ ਵੀ ਕੀਤਾ ਹੈ ਕਿ ਪੁਲਾੜ ਦੀ ਵਰਤੋਂ ਸਿਰਫ਼ ਸ਼ਾਂਤੀਪੂਰਨ ਟੀਚਿਆਂ ਲਈ ਕੀਤੀ ਜਾਵੇ।ਐਂਟੀ ਸੈਟੇਲਾਈਟ ਮਿਜ਼ਾਇਲ ਦੀ ਸਫਲਤਾ ਨੂੰ ਕਿਸੇ ਵੀ ਸਿਆਸੀ ਪਾਰਟੀ ਦੀ ਪ੍ਰਾਪਤੀ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ। ਚੋਣਾਂ ਦੇ ਮੌਕੇ ’ਤੇ ਇਸ ਪ੍ਰਾਪਤੀ ਤੋਂ ਕਿਸੇ ਵੀ ਪਾਰਟੀ ਨੂੰ ਲਾਭ ਉਠਾਉਣ ਦਾ ਯਤਨ ਨਹੀਂ ਕਰਨਾ ਚਾਹੀਦਾ। ਇਹ ਪ੍ਰਾਪਤੀ ਸਾਰੇ ਦੇਸ਼ ਦੀ ਸਾਂਝੀ ਪ੍ਰਾਪਤੀ ਹੈ। ਇਸ ਪ੍ਰਾਪਤੀ ਨੂੰ ਕਿਸੇ ਦੇ ਨਿਜੀ ਖਾਤੇ ਨਹੀਂ ਪਾਇਆ ਜਾ ਸਕਦਾ। ਚੰਗਾ ਹੁੰਦਾ ਜੇਕਰ ਪ੍ਰਧਾਨ ਮੰਤਰੀ ਇਸ ਪ੍ਰਾਪਤੀ ਨੂੰ ਲੈ ਕੇ ਖੁਦ ਕਾਨਫਰੰਸ ਨਾ ਕਰਦੇ। ਕਿਸੇ ਦੀ ਜਾਣਕਾਰੀ ਸਬੰਧਤ ਵਿਭਾਗ ਰਾਹੀਂ ਜਨਤਕ ਹੋਣੀ ਚਾਹੀਦੀ ਸੀ। ਫਿਰ ਵੀ ਇਹ ਇਕ ਵੱਡੀ ਪ੍ਰਾਪਤੀ ਹੈ ਇਸ ਉਪਰ ਪੂਰੇ ਭਾਰਤ ਨੂੰ ਮਾਣ ਹੋਣਾ ਚਾਹੀਦਾ ਹੈ। ਇਸ ਪ੍ਰਾਪਤੀ ਉਪਰ ਕਿਸੇ ਵੀ ਤਰ੍ਹਾਂ ਦਾ ਵਿਵਾਦ ਸਹੀ ਨਹੀਂ ਹੋਵੇਗਾ।
– ਬਲਜੀਤ ਸਿੰਘ ਬਰਾੜ

Send this to a friend