ਮੁਹਾਲੀ ਪੁਲਿਸ ਵੱਲੋਂ 10 ਕਿਲੋ ਅਫੀਮ ਸਮੇਤ 4 ਗ੍ਰਿਫਤਾਰ

ਐਸ. ਏ. ਐਸ. ਨਗਰ, 25 ਮਾਰਚ (ਗੁਰਵਿੰਦਰ ਸਿੰਘ ਰਾਣਾ)- ਥਾਣਾ ਫ਼ੇਜ਼-8 ਐਸ.ਏ.ਐਸ. ਨਗਰ ਦੀ ਪੁਲਿਸ ਨੇ ਸਕਾਰਪੀਓ ਸਵਾਰ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨਾਂ ਕੋਲੋਂ 10 ਕਿਲੋ ਅਫੀਮ ਬਰਾਮਦ ਕੀਤੀ ਹੈ।ਜ਼ਿਲ੍ਹਾ ਪੁਲਿਸ ਮੁਖੀ ਹਰਚਰਨ ਸਿੰਘ ਭੁਲਰ ਨੇ ਇਸ ਸਬੰਧੀ ਆਪਣੇ ਦਫਤਰ ਵਿਖੇ ਸਦੀ ਪ੍ਰੈਸ ਕਾਨਫਰੰਸ ਵਿਚ ਦਸਿਆ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ-2019 ਦੇ ਮਦੇਨਜ਼ਰ ਜ਼ਿਲਾ ਐਸ. ਏ. ਐਸ. ਨਗਰ ਵਿਚ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਵਿਰੁਧ ਸ਼ੁਰੂ ਕੀਤੀ ਮੁਹਿੰਮ ਤਹਿਤ ਡੀ. ਐਸ. ਪੀ. ਸਿਟੀ-2 ਐਸ.ਏ.ਐਸ. ਨਗਰ ਰਮਨਦੀਪ ਸਿੰਘ ਦੀ ਨਿਗਰਾਨੀ ਹੇਠ ਮੁਖ ਅਫਸਰ ਥਾਣਾ ਫ਼ੇਜ਼-8 ਇੰਸਪੈਕਟਰ ਗਬਰ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਟੀ. ਪੁਆਇੰਟ ਪਿੰਡ ਲੰਬਿਆਂ ਵਿਖੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਸੀ, ਜਿਸ ਦੌਰਾਨ ਪੁਲਿਸ ਪਾਰਟੀ ਨੇ ਚਿਟੇ ਰੰਗ ਦੀ ਇਕ ਸਕਾਰਪੀਓ ਗਡੀ ਨੰਬਰ ਐਚ.ਆਰ 01ਏ.ਐਨ.-6985 ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਗਡੀ ਦੇ ਡਰਾਈਵਰ ਨੇ ਗਡੀ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਨਾਕਾ ਪਾਰਟੀ ਨੇ ਬੜੀ ਮੁਸਤੈਦੀ ਨਾਲ ਸਕਾਰਪੀਓ ਗਡੀ ਨੂੰ ਰੋਕ ਲਿਆ। ਜ਼ਿਲ੍ਹਾ ਪੁਲਿਸ ਮੁਖੀ ਨੇ ਦਸਿਆ ਕਿ ਸਕਾਰਪੀਓ ਗਡੀ ਵਿਚ 4 ਵਿਅਕਤੀ ਸਵਾਰ ਸਨ। ਪੁਛ ਪੜਤਾਲ ਦੌਰਾਨ ਇਨਾਂ ਦੀ ਪਛਾਣ ਸਤਿੰਦਰਜੀਤ ਸਿੰਘ ਵਾਸੀ ਖੰਟ ਜ਼ਿਲਾ ਫਤਹਿਗੜ ਸਾਹਿਬ, ਗੁਰਮੀਤ ਸਿੰਘ ਵਾਸੀ ਚੁੰਨੀ ਖੁਰਦ ਜ਼ਿਲਾ ਫਤਹਿਗੜ ਸਾਹਿਬ, ਅਮਰਿੰਦਰ ਕੁਮਾਰ ਉਰਫ ਛੋਟੂ ਵਾਸੀ ਪਿੰਡ ਮੋਨੂ ਮੰਡਲ ਥਾਣਾ ਮੇਜਰਗੰਜ ਜ਼ਿਲਾ ਸੀਤਾਮੜੀ ਬਿਹਾਰ ਅਤੇ ਕਿਰਪਾਲ ਸਿੰਘ ਵਾਸੀ ਮਾਨਖੇੜੀ ਜ਼ਿਲਾ ਰੂਪਨਗਰ ਵਜੋਂ ਹੋਈ। ਜ਼ਾਬਤੇ ਅਨੁਸਾਰ ਡੀ.ਐਸ.ਪੀ. ਰਮਨਦੀਪ ਸਿੰਘ ਦੀ ਹਾਜ਼ਰੀ ਵਿਚ ਸਕਾਰਪੀਓ ਗਡੀ ਦੀ ਤਲਾਸ਼ੀ ਲੈਣ ‘ਤੇ ਉਸ ਵਿਚੋਂ ਇਨਾਂ 10 ਕਿਲੋ ਅਫੀਮ ਬਰਾਮਦ ਹੋਈ, ਜਿਸ ਕਰਕੇ ਇਨਾਂ ਮੁਲਜ਼ਮਾਂ ਵਿਰੁਧ ਐਨ.ਡੀ.ਪੀ.ਐਸ. ਐਕਟ ਦੀ ਧਾਰਾ 18,61,85 ਅਧੀਨ ਥਾਣਾ ਫ਼ੇਜ਼-8 ਵਿਚ ਕੇਸ ਦਰਜ ਕਰ ਕੇ ਇਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਜ਼ਿਲ੍ਹਾ ਪੁਲਿਸ ਮੁਖੀ ਨੇ ਅਗੇ ਦਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੇ ਮੁਢਲੀ ਪੁਛਗਿਛ ਦੌਰਾਨ ਦਸਿਆ ਕਿ ਇਹ ਅਫੀਮ ਉਹ ਲਖਨਊ ਤੋਂ ਮੁਜ਼ਫਰਪੁਰ (ਬਿਹਾਰ) ਨੂੰ ਜਾਂਦੇ ਹਾਈਵੇਜ ‘ਤੇ ਮੁਜ਼ਫਰਪੁਰ ਨਜ਼ਦੀਕ ਪੈਂਦੇ ਢਾਬੇ, ਜਿਸ ਦਾ ਮਾਲਕ ਗੁਰਦੀਪ ਸਿੰਘ ਵਾਸੀ ਕੁਰਾਲੀ ਰੋਡ ਚਨਾਲੋ ਹੈ, ਤੋਂ ਲੈ ਕੇ ਆਏ ਸਨ ਅਤੇ ਇਥੇ ਕਾਕਾ ਨਾਮ ਦੇ ਵਿਅਕਤੀ ਨੂੰ ਪਹੁੰਚਾਉਣੀ ਸੀ, ਉਨਾਂ ਨੂੰ ਪ੍ਰਤੀ ਕਿਲੋ 20,000 ਰੁਪਏ (ਕੁਲ 2,00,000 ਰੁਪਏ) ਬਤੌਰ ਡਲਿਵਰੀ ਮਿਲਣੇ ਸਨ। ਇਸ ਤੋਂ ਪਹਿਲਾਂ ਵੀ ਉਹ ਦੋ ਗੇੜੇ ਲਾ ਚੁਕੇ ਸਨ। ਉਨਾਂ ਕਿਹਾ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਮਗਰੋਂ ਹੋਰ ਡੂੰਘਾਈ ਨਾਲ ਪੁਛ ਪੜਤਾਲ ਕੀਤੀ ਜਾਵੇਗੀ। ਮੁਕਦਮੇ ਦੀ ਤਫ਼ਤੀਸ਼ ਜਾਰੀ ਹੈ।

Send this to a friend