ਸੁਨਾਮ ਉਧਮ ਸਿੰਘ ਵਾਲਾ, 25 ਮਾਰਚ (ਸੁਖਦੇਵ ਸਿੰਘ ਦੇਬੀ, ਰੋਹਿਤ ਗਰਗ)- ਭਰ ਜਵਾਨੀ ਵਿਚ ਦੋ ਨੌਜਵਾਨ ਇਕ ਸੜਕ ਹਾਦਸੇ ਦੌਰਾਨ ਹਮੇਸ਼ਾ ਲਈ ਇਸ ਰੰਗਲੀ ਦੁਨੀਂਆਂ ਤੋਂ ਰੁੱਖਸਤ ਹੋ ਗਏ। ਮ੍ਰਿਤਕ ਦੋਵੇਂ ਨੌਜਵਾਨ ਜਿਵੇਂ ਜਿੰਦਗੀ ਦੇ ਪਲਾਂ ਵਿਚ ਪੱਕੇ ਦੋਸਤ ਅਤੇ ਇਕ ਦੂਜੇ ਲਈ ਮਰਨ-ਮਿਟਣ ਵਾਲੇ ਸਨ, ਇਤਫਾਕ ਨਾਲ ਦੋਵਾਂ ਦੀ ਮੌਤ ਵੀ ਇਕੋ ਸਮੇਂ ਇਕ ਦੁਰਘਟਨਾ ਦੌਰਾਨ ਹੋ ਗਈ। ਮ੍ਰਿਤਕ ਮਨਪ੍ਰੀਤ ਸਿੰਘ ਗਿੱਲ ਪਿੰਡ ਬਾਹਮਣੀਵਾਲਾ ਅਤੇ ਸਤਿਨਾਮ ਸਿੰਘ ਲਾਡੀ ਪਿੰਡ ਨੰਗਲਾ ਦੇ ਵਸਨੀਕ ਸਨ, ਜੋ ਕਿ ਇਕੱਠੇ ਸਹਿਪਾਠੀ ਸਨ ਅਤੇ ਨਾਲ ਹੀ ਇਨ੍ਹਾਂ ਦੇ ਤਿੰਨ ਦੋਸਤ ਗੁਰਪ੍ਰੀਤ ਸਿੰਘ ਗੁਰੀ, ਇੰਸਪ੍ਰੀਤ ਸਿੰਘ ਅਤੇ ਗੁਰਪਿਆਰ ਸਿੰਘ ਗੰਭੀਰ ਰੂਪ ਵਿਚ ਜਖਮੀ ਹੋ ਗਏ। ਇੱਥੇ ਵਿਸ਼ੇਸ਼ ਵਰਨਣਯੋਗ ਹੈ ਕਿ ਇਹ ਦੋਵੇਂ ਮ੍ਰਿਤਕ ਨੌਜਵਾਨ ਅਜੇ ਵਿਆਹੁਤਾ ਜੀਵਨ ਵਿਚ ਰੰਗੇ ਨਹੀਂ ਹੋਏ ਸਨ ਅਤੇ ਦੋਵਾਂ ਨੌਜਵਾਨਾਂ ਨੇ ਆਪਣੀ ਜੀਵਨਸ਼ੈਲੀ ਵਿਚ ਇਕ ਵੱਖਰੀ ਪਹਿਚਾਣ ਬਣਾਈ ਹੋਈ ਸੀ। ਉਹ ਹਰ ਕਿਸੇ ਦੇ ਦੁੱਖ-ਸੁਖ ਵਿਚ ਸ਼ਰੀਕ ਹੋਣ ਵਾਲੇ ਚੜ੍ਹਦੀ ਬਰੇਸ ਦੇ ਗੱਭਰੂ ਸਨ, ਜਿਨ੍ਹਾਂ ਨੂੰ ਇਕ ਦੁਰਘਟਨਾ ਨੇ ਆਪਣੀ ਬੁੱਕਲ ਵਿਚ ਲੈ ਕੇ ਹਮੇਸ਼ਾ ਦੀ ਨੀਂਦ ਸੁਲਾ ਦਿੱਤਾ। ਅੱਜ ਦੋਵਾਂ ਦਾ ਇਨ੍ਹਾਂ ਦੇ ਆਪੋ-ਆਪਣੇ ਪਿੰਡ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਅਤੇ ਪੂਰੇ ਇਲਾਕੇ ਵਿਚ ਇਨ੍ਹਾਂ ਦੋਵਾਂ ਨੌਜਵਾਨਾਂ ਦੇ ਅਚਨਚੇਤ ਭਰੇ ਸੰਸਾਰ ਨੂੰ ਛੱਡ ਜਾਣ ’ਤੇ ਪਿੰਡ ਵਾਸੀਆਂ ਅਤੇ ਸਮੂਹ ਯਾਰਾਂ-ਦੋਸਤਾਂ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।