ਸ੍ਰੀ ਫਤਿਹਗੜ੍ਹ ਸਾਹਿਬ- ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਡਡਹੇੜੀ ਵਿਖੇ ਗੁਰਦੁਆਰਾ ਸਾਹਿਬ ਬਾਬਾ ਜੋਰਾਵਰ ਸਿੰਘ ਜੀ ਦੇ ਇਤਿਹਾਸਿਕ ਅਸਥਾਨ ਦੀ ਕਾਰ ਸੇਵਾ ਦੋਰਾਨ ਭੋਰਾ ਸਾਹਿਬ ਦੀ 6 ਤੋਂ 7 ਫੁੱਟ ਕੀਤੀ ਪੁਟਾਈ ਦੌਰਾਨ ਧਰਤੀ ਹੇਠੋਂ ਭੱਠੀ ਤੇ 17 ਇੰਚ ਘੇਰੇ ਵਾਲੀ ਲੋਹ ਮਿਲੀ ਹੈ। ਇਸ ਲੋਹ ਨੂੰ ਦੇਖਣ ਲਈ ਪਿੰਡ ਵਾਸੀਆਂ ਤੋਂ ਇਲਾਵਾ ਦੂਰ-ਦੁਰਾਡੇ ਤੋਂ ਸੰਗਤਾਂ ਵੱਡੀ ਗਿਣਤੀ ਵਿੱਚ ਦਰਸ਼ਨ ਕਰਨ ਪਹੁੰਚ ਰਹੀਆਂ ਹਨ। ਇਸ ਮੌਕੇ ਪੱਤਰਕਾਰਾਂ ਨੂੰ ਇਸ ਗੁਰੁਦੁਆਰਾ ਸਾਹਿਬ ਦੇ ਪੁਰਾਣੇ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਕਮੇਟੀ ਦੇ ਖ਼ਜਾਨਚੀ ਜਗਪਾਲ ਸਿੰਘ ਭੰਗੂ ਅਤੇ ਸੀਨੀਅਰ ਮੀਤ ਪ੍ਰਧਾਨ ਰਾਵਿੰਦਰਜੀਤ ਸਿੰਘ ਭੰਗੂ ਨੇ ਦੱਸਿਆ ਕਿ ਜਿਥੇ ਅੱਜ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇਥੇ ਮਾਈ ਭੂਪਾ ਦਾ ਘਰ ਸੀ। ਉਹਨਾਂ ਨੇ ਦੱਸਿਆ ਕਿ ਇਕ ਵਾਰ ਯੁੱਧ ਲੜਦੇ ਹੋਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤੇ ਸਿੱਖ ਕੌਮ ਦੇ ਮਹਾਨ ਸਪੂਤ ਬਾਬਾ ਜ਼ੋਰਾਵਰ ਸਿੰਘ ਜੀ ਗੰਭੀਰ ਜ਼ਖਮੀ ਹੋ ਗਏ ਸਨ, ਜ਼ਿਨ੍ਹਾਂ ਨੂੰ ਕੁਝ ਸਿੰਘ ਪਿੰਡ ਡਡਹੇੜੀ ਵਿਖੇ ਮਾਈ ਭੂਪਾ ਕੋਲ ਛੱਡ ਗਏ ਤੇ ਮਾਈ ਭੂਪਾ ਨੇ ਬਾਬਾ ਜੀ ਦੀ ਸੇਵਾ ਸੰਭਾਲ ਤੇ ਇਲਾਜ ਕੀਤਾ। ਬਾਬਾ ਜ਼ੋਰਾਵਰ ਸਿੰਘ ਜੀ ਠੀਕ ਹੋਣ ਉਪਰੰਤ ਆਪਣੇ ਸਾਥੀ ਸਿੰਘਾਂ ਦੇ ਨਾਲ ਚਿਤੌੜਗੜ੍ਹ ਦਾ ਕਿਲ੍ਹਾ ਦੇਖਣ ਗਏ, ਤਾਂ ਉਥੇ ਮੁਗਲਾਂ ਨਾਲ ਲੜਾਈ ਹੋ ਗਈ, ਜਿਸ ‘ਚ ਬਾਬਾ ਜ਼ੋਰਾਵਰ ਸਿੰਘ ਜੀ ਸ਼ਹੀਦ ਹੋ ਗਏ ਅਤੇ ਅਨੇਕਾਂ ਸਿੰਘ ਜਖ਼ਮੀ ਹੋ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 6 ਵਿਸਾਖ 1764 (ਸੰਨ-1707) ਨੂੰ ਗੰਭੀਰੀ ਨਦੀ ਦੇ ਕੰਢੇ ‘ਤੇ ਬਾਬਾ ਜ਼ੋਰਾਵਰ ਸਿੰਘ ਜੀ ਦਾ ਆਪਣੇ ਹੱਥੀਂ ਸਸਕਾਰ ਕੀਤਾ ਸੀ।ਇਸ ਮੌਕੇ ਗੁਰੂਦੁਆਟਾ ਸਾਹਿਬ ਦੇ ਪ੍ਰਬੰਧਕਾਂ ਨੇ ਅਈਆਂ ਸੰਗਤਾਂ ਨੂੰ ਬਾਬਾ ਜੋਰਾਵਰ ਸਿੰਘ ਦੇ ਸਿਰ ਦੇ ਦੁਮਾਲੇ ਦੇ ਦੋ ਚੱਕਰ, ਦੋ ਖੰਡੇ ਅਤੇ ਕਮਰਕੱਸੇ ਦੀ ਛੋਟੀ ਕਿਰਪਾਨ ਤੇ ਕੁਝ ਹੋਰ ਸ਼ੱਸ਼ਤਰਾਂ ਦੇ ਦਰਸ਼ਨ ਕਰਵਾਏ।ਉਹਨਾਂ ਨੇ ਕਿਹਾ ਕਿ ਹਰ ਸਾਲ ਬਾਬਾ ਜੋਰਾਵਰ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਤੇ ਹੋਲਾ ਮਹੱਲਾ ਮਨਾਇਆ ਜਾਂਦਾ ਹੈ ਤੇ ਹਰ ਮਹੀਨੇ ਪੂਰਨਮਾਸ਼ੀ ਵੀ ਮਨਾਈ ਜਾਂਦੀ ਹੈ ਅਤੇ ਹਰ ਹਫਤੇ ਬੀਬੀਆਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ। ਇਸ ਮੌਕੇ ਬਾਬਾ ਜ਼ੋਰਾਵਰ ਸਿੰਘ ਪ੍ਰਬੰਧਕ ਕਮੇਟੀ ਡਡਹੇੜੀ ਦੇ ਪ੍ਰਧਾਨ ਹਾਕਮ ਸਿੰਘ, ਸਕੱਤਰ ਕਰਮਜੀਤ ਸਿੰਘ, ਗ੍ਰੰਥੀ ਪਾਲ ਸਿੰਘ, ਕੇਹਰ ਸਿੰਘ ਉਦੈਪੁਰ, ਰਣਜੀਤ ਸਿੰਘ ਦਿੱਲੀ, ਜਸਪਾਲ ਸਿੰਘ ਰਾਜਪੁਰਾ, ਸੁਰਜੀਤ ਸਿੰਘ ਗੋਰੀਆ ਜ਼ਿਲ੍ਹਾ ਪ੍ਰਧਾਨ ਬਸਪਾ (ਦਿਹਾਤੀ) ਪਟਿਆਲਾ, ਹਰਬੰਸ ਕੌਰ ਪਟਿਆਲਾ, ਸੁਖਦੇਵ ਸਿੰਘ ਮਿਸਤਰੀ ਅਤੇ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
– ਰਿਸ਼ੂ ਗੋਇਲ
ਪੱਤਰਕਾਰ ‘ਪੰਜਾਬ ਟਾਇਮਜ਼’