ਖੇਡਾਂ ਨੂੰ ਸਿਰਫ ਹਾਰ ਜਿਤ ਦਾ ਜਸ਼ਨ ਮਨਾਉਣ ਲਈ ਨਹੀਂ ਖੇਡਣਾ ਚਾਹੀਦਾ : ਹੁੰਦਲ

ਕੁਰਾਲੀ, 22 ਮਾਰਚ (ਰਣਜੋਧ ਸਿੰਘ, ਚੋਪੜਾ)- ਸਥਾਨਕ ਸ਼ਹਿਰ ਦੇ ਸਿਸਵਾ ਮਾਰਗ ਤੇ ਸਥਿਤ ਸਨਫੀਲਡਜ ਇੰਟਰਨੈਸ਼ਨਲ ਸਕੂਲ ਵਿਖੇ 19 ਤੇ 20 ਮਾਰਚ ਨੂੰ ਦੋ ਰੋਜਾ ਸਲਾਨਾ ਖੇਡ ਦਿਵਸ ਬੜੇ ਹੀ ਉਤਸਾਹ ਨਾਲ ਮਨਾਇਆ ਗਿਆ। ਖੇਡ ਦਿਵਸ ਦਾ ਉਦਘਾਟਨ ਸਕੂਲ ਦੇ ਚੇਅਰਮੈਨ ਅਤੇ ਪ੍ਰਿੰਸੀਪਲ ਸ਼੍ਰੀਮਤੀ ਹਰਿੰਦਰ ਹੁੰਦਲ ਵਲੋਂ ਸ਼ਾਂਤੀ ਦੇ ਪ੍ਰਤੀਕ ਕਬੂਤਰਾਂ ਨੂੰ ਉਡਾਕੇ ਕੀਤਾ ਗਿਆ। ਇਸ ਖੇਡ ਮੇਲੇ ਦੀ ਸਮਾਪਤੀ ਸਮੇਂ ਉਨ੍ਹਾਂ ਸਕੂਲ ਦੇ ਵਿਦਿਆਰਥੀਆਂ ਨੂੰ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਦੇ ਵਖ ਵਖ ਖੇਡਾਂ ਵਿਚ ਖੇਡ ਕੌਸ਼ਲ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸਕੂਲ ਦੇ ਇਹ ਛੋਟੇ ਬਚੇ ਵਡੇ ਹੋਕੇ ਵਖ ਵਖ ਖੇਡਾਂ ਵਿਚ ਸਕੂਲ ਅਤੇ ਭਾਰਤ ਦਾ ਨਾਅ ਰੋਸ਼ਨ ਕਰਨਗੇ। ਉਨ੍ਹਾਂ ਅੱਗੇ ਵਿਦਿਆਰਥੀਆਂ ਨੂੰ ਨਸੀਹਤ ਦਿਤੀ ਕਿ ਵਿਦਿਆਰਥੀ ਖੇਡਾਂ ਨੂੰ ਸਿਰਫ ਹਾਰ ਜਿਤ ਦਾ ਜਸ਼ਨ ਮਨਾਉਣ ਲਈ ਨਹੀਂ ਖੇਡਣਾ ਚਾਹੀਦਾ ਬਲਕਿ ਖੇਡ ਨੂੰ ਖੇਡ ਦੀ ਭਾਵਨਾ ਨਾਲ ਹੀ ਖੇਡਣਾ ਚਾਹੀਦਾ ਹੈ। ਇਸ ਮੌਕੇ ਸਕੂਲ ਦੇ ਸ਼ਰੀਰਕ ਸਿਖਿਆ ਦੇ ਅਧਿਆਪਕ ਨੇ ਆਪਣੇ ਸੰਬੋਧਨ ਵਿਚ ਪੜ੍ਹਾਈ ਵਿਚ ਖੇਡਾਂ ਦੇ ਮਹਤਵ ਉਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਤੰਦਰੁਸਤ ਸ਼ਰੀਰ ਵਿਚ ਹੀ ਤੰਦਰੁਸਤ ਮਨ ਦਾ ਨਿਵਾਸ ਹੁੰਦਾ ਹੈ ਤੇ ਤੰਦਰੁਸਤ ਸ਼ਰੀਰ ਹੋਣ ਨਾਲ ਬਚਿਆਂ ਦਾ ਪੜ੍ਹਾਈ ਵਿਚ ਵੀ ਮਨ ਲਗਦਾ ਹੈ । ਇਸ ਦੌਰਾਨ ਬਚਿਆਂ ਵਲੋਂ ਖੇਡਾਂ ਦੇ ਨਾਲ ਨਾਲ ਰੰਗਾਂ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਖੇਡ ਮੇਲੇ ਦੀ ਸਮਾਪਤੀ ਤੇ ਵਖ ਵਖ ਖੇਡਾਂ ਵਿਚ ਜੇਤੂ ਰਹੇ ਖਿਡਾਰੀਆਂ ਨੂੰ ਮੈਡਲਾਂ ਅਤੇ ਟ੍ਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ। ਇਹ ਖੇਡ ਮੇਲਾ ਵਿਦਿਆਰਥੀਆਂ ਅਤੇ ਬੱਚਿਆਂ ਦੇ ਮਾਪਿਆਂ ਦੇ ਦਿਲਾਂ ਵਿਚ ਇਕ ਅਮਿਟ ਛਾਪ ਛਡ ਗਿਆ। ਆਖਿਰ ਵਿਚ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਹਰਿੰਦਰ ਹੁੰਦਲ ਨੇ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਇਸ ਖੇਡ ਮੇਲੇ ਵਿਚ ਸ਼ਿਰਕਤ ਕਰਨ ਲਈ ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਧੰਨਵਾਦ ਕੀਤਾ।

Send this to a friend