ਸ਼ੇਰਪੁਰ, 17 ਮਾਰਚ (ਹਰਜੀਤ ਕੰਟ ਕਾਤਿਲ ) – ਠਗੀ ਦੀ ਰਾਹ ਤੁਰੇ ਲੋਕ ਆਏ ਦਿਨ ਭੋਲੀ-ਭਾਲੀ ਜਨਤਾ ਨੂੰ ਠਗਣ ਲਈ ਨਵੇਂ-ਨਵੇਂ ਤਰੀਕਿਆਂ ਨੂੰ ਅਪਨਾਕੇ ਜ਼ਿਆਦਾਤਰ ਪੇਂਡੂ ਔਰਤਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਹ ਲੋਕ ਆਪਣੇ-ਆਪ ਨੂੰ ਪ੍ਰਾਈਵੇਟ ਫਾਇਨਾਂਸ ਕੰਪਨੀ ਦੇ ਮੁਲਾਜ਼ਮ ਦਸਦੇ ਹੋਏ ਲੋਕਾਂ ਨੂੰ ਆਪਣੇ ਜਾਲ ਵਿਚ ਇਸ ਕਦਰ ਫਸਾ ਲੈਂਦੇ ਹਨ ਕਿ ਪੇਂਡੂ ਔਰਤਾਂ ਨੂੰ ਇਕ ਗਰੁਪ ਬਣਾਕੇ ਪੈਸੇ ਦੇਣ ਦਾ ਲਾਲਚ ਦਿਤਾ ਜਾਂਦਾ ਹੈ। ਇਸ ਤਰ੍ਹਾਂ ਦੀ ਠਗੀ ਦਾ ਸ਼ਿਕਾਰ ਕਸਬਾ ਸ਼ੇਰਪੁਰ ਦੀਆਂ ਦਰਜ਼ਨ ਤੋਂ ਵਧ ਔਰਤਾਂ ਹੋ ਚੁਕੀਆਂ ਹਨ। ਜ਼ਿਨ੍ਹਾਂ ਦੇ ਖਾਤਿਆਂ ਵਿਚੋਂ ਲਖਾਂ ਦੀ ਨਗਦੀ ਉਡਾ ਲਈ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਬਜੀਤ ਕੌਰ ਵਾਸੀ ਸ਼ੇਰਪੁਰ ਨੇ ਦਸਿਆਂ ਕਿ ਉਹਨਾਂ ਦਾ ਸੰਪਰਕ ਇਕ ਜਾਣ ਪਹਿਚਾਣ ਵਾਲੀ ਮਹਿਲਾ ਨੇ ਦੋ ਵਿਆਕਤੀਆਂ ਨਾਲ ਕਰਵਾਇਆ ਜੋ ਆਪਣੀ ਮਲੇਰਕੋਟਲਾ ਵਿਖੇ ਫਾਇਨਾਂਸ ਕੰਪਨੀ ਦਸ ਰਹੇ ਸਨ। ਜ਼ਿਨ੍ਹਾ ਨੇ ਸ਼ੇਰਪੁਰ ਵਿਖੇ ਆਕੇ ਔਰਤਾਂ ਤੋਂ ਆਧਾਰ ਕਾਰਡ ਦੀ ਕਾਪੀ, ਬੈਂਕ ਪਾਸ ਬੁਕ ਦੀ ਫੋਟੋ ਸਟੇਟ, ਪਾਸਪੋਰਟ ਸਾਇਜ ਦੀਆਂ ਫੋਟੋਆਂ, ਵੋਟ ਕਾਰਡ ਆਦਿ ਕਾਗਜ਼ ਪਤਰ ਲੈਣ ਤੋਂ ਇਲਾਵਾ ਇਕ ਬਾਇਓਮ੍ਰੈਟਿਕ ਮਸ਼ੀਨ ਰਾਹੀ ਉਕਤ ਔਰਤਾਂ ਦੇ ਆਗੂੰਠੇ ਦਾ ਨਿਸ਼ਾਨ ਲਗਾਕੇ ਕਿਹਾ ਕਿ ਉਹ ਆਪਣਾ ਮੋਬਾਇਲ ਫੋਨ ਬੰਦ ਕਰ ਲੈਣ। ਇਸ ਤਰ੍ਹਾਂ ਇਕ ਦਰਜ਼ਨ ਦੇ ਕਰੀਬ ਔਰਤਾਂ ਦੇ ਆਗੂੰਠੇ ਲਗਾਏ ਗਏ ਅਤੇ ਜ਼ਿਨ੍ਹਾਂ ਦੇ ਖਾਤਿਆ ਵਿਚ ਕੈਸ ਪਿਆ ਸੀ ਉਹਨਾਂ ਨੂੰ ਕਿਹਾ ਕਿ ਤੁਹਾਡੇ ਕਾਗਜ਼ ਸਹੀ ਹਨ ਅਤੇ ਤਿੰਨ ਔਰਤਾਂ ਜ਼ਿਨ੍ਹਾਂ ਦੇ ਖਾਤਿਆ ਵਿਚ ਪੈਸੇ ਨਹੀਂ ਸਨ ਉਹਨਾਂ ਨੂੰ ਕਿਹਾ ਕਿ ਮਸ਼ੀਨ ਨੇ ਅਜੇ ਤੁਹਾਡਾ ਖਾਤਾ ਨਹੀਂ ਚੁਕਿਆ। ਜਦੋਂ ਇਹਨਾਂ ਔਰਤਾਂ ਨੇ ਅਧਾ ਘੰਟਾ ਬਾਅਦ ਆਪਣੇ ਮੋਬਾਇਲ ਖੋਲਿਆਂ ਤਾਂ ਉਹਨਾਂ ਨੂੰ ਬੈਂਕ ਦੇ ਖਾਤਿਆ ਵਿਚੋਂ ਪੈਸੇ ਨਿਕਲਣ ਦਾ ਮੈਸੇਜ ਆਇਆ ਤੇ ਆਪਣੇ ਨਾਲ ਠਗੀ ਹੋਣ ਦੀ ਜਾਣਕਾਰੀ ਦਾ ਪਤਾ ਲਗਿਆ। ਕਸਬਾ ਸ਼ੇਰਪੁਰ ਵਿਖੇ ਇਨ੍ਹਾਂ ਔਰਤਾਂ ਦੇ ਖਾਤਿਆ ਵਿਚੋਂ ਪੈਸੇ ਨਿਕਲਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਜਿਸ ਵਿਚ ਬਲਜੀਤ ਕੌਰ ਪਤਨੀ ਹਾਕਮ ਸਿੰਘ 8 ਹਜ਼ਾਰ, ਰਾਣੀ ਕੌਰ ਪਤਨੀ ਰਾਮ ਸਿੰਘ 10 ਹਜ਼ਾਰ, ਸੁਖਵਿੰਦਰ ਕੌਰ ਪਤਨੀ ਰਾਜਵਿੰਦਰ ਸਿੰਘ 10 ਹਜ਼ਾਰ, ਪਰਮਜੀਤ ਕੌਰ ਪਤਨੀ ਮਹਿੰਦਰ ਸਿੰਘ 10 ਹਜ਼ਾਰ, ਪਰਮਜੀਤ ਕੌਰ ਪਤਨੀ ਅਜੈਬ ਸਿੰਘ 10 ਹਜ਼ਾਰ, ਬਲਵੀਰ ਕੌਰ ਪਤਨੀ ਭੋਲਾ ਸਿੰਘ 10 ਹਜ਼ਾਰ ਸਾਰੀਆਂ ਵਾਸੀ ਸ਼ੇਰਪੁਰ, ਸਰਬਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਪਤੀ ਖਲੀਲ ਦੇ ਬੈਂਕ ਖਾਤੇ ‘ਚੋ 17 ਹਜ਼ਾਰ ਦੀ ਨਗਦੀ ਨਿਕਲ ਚੁਕੀ ਹੈ। ਇਸੇ ਤਰ੍ਹਾਂ ਦੀ ਠਗੀ ਨੇੜਲੇ ਪਿੰਡਾਂ ਵਿਚ ਵੀ ਹੋ ਜਾਣ ਦੀ ਚਰਚਾ ਜੋਰਾਂ ‘ਤੇ ਹੈ, ਜਿਥੇ ਅਜਿਹੇ ਠਗਾਂ ਨੇ ਲੋਕਾਂ ਦੇ ਖਾਤਿਆ ਚੋਂ ਨਗਦੀ ਕਢ ਲਈ ਹੈ। ਆਮ ਲੋਕਾਂ ਨਾਲ ਇਸ ਤਰੀਕੇ ਲਖਾਂ ਦੀ ਠਗੀ ਵਜਣ ਕਾਰਨ ਜਿਥੇ ਘਰਾਂ ਵਿਚ ਕਲੇਸ ਹੋ ਰਿਹਾ ਹੈ, ਉਥੇ ਗਰੀਬ ਪਰਿਵਾਰਾਂ ਨਾਲ ਸਬੰਧਤ ਇਹ ਲੋਕ ਆਪਣੀ ਗਲਤੀ ਤੇ ਪਛਤਾ ਰਹੇ ਹਨ। ਇਸ ਮਾਮਲੇ ਨੂੰ ਲੈਕੇ ਪਿੰਡਾਂ ਦੇ ਗੁਰਦੁਆਰਾ ਸਾਹਿਬ ਵਿਖੇ ਵੀ ਅਨਾਂਉਸਮੈਂਟ ਕੀਤੀ ਜਾ ਰਹੀ ਹੈ ਕਿ ਅਜਿਹੇ ਠਗ ਲੋਕਾਂ ਤੋਂ ਬਚਿਆ ਜਾਵੇ। ਉਕਤ ਠਗੀ ਦਾ ਸ਼ਿਕਾਰ ਹੋਈਆਂ ਔਰਤਾਂ ਨੇ ਜਿਥੇ ਇਹਨਾਂ ਲੋਕਾਂ ਦੀ ਪਹਿਚਾਣ ਕਰਨ ਦਾ ਦਾਅਵਾ ਵੀ ਕੀਤਾ ਹੈ, ਉਥੇ ਵਖ-ਵਖ ਬੈਂਕਾਂ ਦੇ ਅਧਿਕਾਰੀਆਂ ਨੂੰ ਇਸ ਠਗੀ ਸਬੰਧੀ ਲਿਖਤੀ ਦਰਖਾਸਤ ਵੀ ਦਿਤੀਆਂ ਹਨ।ਇਸ ਮਾਮਲੇ ਸਬੰਧੀ ਜਦੋਂ ਬੈਂਕਾਂ ਦੇ ਅਧਿਕਾਰੀਆਂ ਨਾਲ ਗਲ ਕੀਤੀ ਤਾਂ ਉਹਨਾਂ ਕਿਹਾ ਕਿ ਅਜੇ ਤਕ ਕੋਈ ਦਰਖਾਸਤ ਉਹਨਾ ਪਾਸ ਨਹੀਂ ਆਈ, ਪਰ ਇਹ ਮਾਮਲਾ ਉਹਨਾਂ ਦੇ ਧਿਆਨ ਵਿਚ ਕੁਝ ਦਿਨ ਪਹਿਲਾ ਜਰੂਰ ਆਇਆ ਸੀ। ਜੇਕਰ ਕੋਈ ਲਿਖਤੀ ਦਰਖਾਸਤ ਖਾਤਾਧਾਰਕ ਦੇਵੇਗਾ ਤਾਂ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।ਇਹਨਾਂ ਔਰਤਾਂ ਨੇ ਕਿਹਾ ਕਿ ਉਹ ਸੋਮਵਾਰ ਤਕ ਲਿਖਤੀ ਦਰਖਾਸਤ ਥਾਣਾ ਸ਼ੇਰਪੁਰ ਵਿਖੇ ਦੇਣਗੀਆਂ ਤਾਂ ਜੋ ਇਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕੇ। ਇਸ ਮਸਲੇ ਤੇ ਪਿੰਡ ਬੜੀ ਦੇ ਸਾਬਕਾ ਸਰਪੰਚ ਜਸਮੇਲ ਸਿੰਘ ਬੜੀ, ਸਮਾਜ ਸੇਵੀ ਨਰਿੰਦਰ ਸਿੰਘ ਅਤਰੀ ਗੋਬਿੰਦਪੁਰਾ, ਜਾਗਰ ਸਿੰਘ ਜਨਰਲ ਸਕਤਰ ਸਾਬਕਾ ਸੈਨਿਕ ਵਿੰਗ, ਰਾਜਵਿੰਦਰ ਸਿੰਘ ਸ਼ੇਰਪੁਰ ਨੇ ਕਿਹਾ ਕਿ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਲੋਨ ਲੈਣ ਦੇ ਚਕਰ ਵਿਚ ਉਹ ਆਪਣੇ ਬੈਂਕ ਖਾਤਿਆ ਵਿਚ ਪਿਆ ਪੈਸਾ ਨਾ ਲਟਾਉਣ, ਕਿਉਕਿ ਇਸ ਤਰ੍ਹਾਂ ਦੀਆਂ ਬੈਂਕਾਂ ਦੀਆਂ ਕੋਈ ਸਕੀਮਾਂ ਨਹੀਂ ਜੋ ਲੋਕਾਂ ਨੂੰ ਘਰਾਂ ਵਿਚ ਆਕੇ ਪੈਸੇ ਦਿੰਦੇ ਹੋਣ। ਉਹਨਾਂ ਦਸਿਆਂ ਕਿ ਉਹ ਆਪਣੇ ਪਿੰਡਾਂ ਵਿਚ ਵੀ ਗੁਰਦੁਆਰਾ ਸਾਹਿਬ ਵਿਚ ਅਨਾਂਉਸਮੈਂਟ ਕਰਵਾਉਣਗੇ ਕਿ ਇਹਨਾਂ ਠਗਾਂ ਤੋਂ ਲੋਕ ਸੁਚੇਤ ਰਹਿਣ।