Skip to content
Independent perspectives. Global stories.
BREAKING

ਪੰਜਾਬ ਪੁਲਿਸ ਦਾ ਕੰਮ-ਕਾਜ

Share this story

ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੀ ਇੱਕ ਸਥਾਨਕ ਅਦਾਲਤ ਵੱਲੋਂ ਦਿੱਤੇ ਗਏ ਆਦੇਸ਼ਾਂ ਕਾਰਨ ਪੰਜਾਬ ਪੁਲਿਸ ਦੇ ਮੱਥੇ ਉਪਰ ਦਾਗ਼ ਲੱਗ ਗਿਆ ਹੈ। ਅਦਾਲਤ ਵੱਲੋਂ ਦਿੱਤੇ ਆਦੇਸ਼ ਤੋਂ ਬਾਅਦ ਥਾਣਾ ਸਿਟੀ ਪੁਲੀਸ ਸੰਗਰੂਰ ਵਿਖੇ ਪੰਜਾਬ ਪੁਲਿਸ ਦੇ ਦੋ ਅਧਿਕਾਰੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਹ ਦੋਵੇਂ ਪੁਲਿਸ ਅਧਿਕਾਰੀ ਇਸ ਸਮੇਂ ਪੰਜਾਬ ਪੁਲਿਸ ਵਿੱਚ ਡੀਐਸਪੀ ਦੇ ਅਹੁਦੇ ‘ਤੇ ਤਾਇਨਾਤ ਹਨ।ਦੋਵੇਂ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਦੋ ਵਿਅਕਤੀਆਂ ਨੂੰ ਝੂਠੇ ਕੇਸ ਵਿੱਚ ਫਸਾਉਣ ਅਤੇ ਜਾਅਲੀ ਕਾਗਜ਼ਾਤ ਤਿਆਰ ਕਰਨ ਦਾ ਦੋਸ਼ ਹੈ।ਰਿਪੋਰਟ ਮੁਤਾਬਿਕ ਥਾਣਾ ਸ਼ੇਰਪੁਰ ਪੁਲਿਸ ਵੱਲੋਂ ਜਗਤਾਰ ਸਿੰਘ ਅਤੇ ਤਾਰਾ ਸਿੰਘ ਵਾਸੀ ਪਿੰਡ ਹੇੜੀਕੇ ਖ਼ਿਲਾਫ਼ ਭ੍ਰਿਸ਼ਟਾਚਾਰ ਵਿਰੋਧੀ ਐਕਟ ਤਹਿਤ 12 ਅਗਸਤ, 2011 ਨੂੰ ਮਾਮਲਾ ਦਰਜ ਕੀਤਾ ਸੀ। ਪੁਲਿਸ ਵੱਲੋਂ ਬਣਾਏ ਕੇਸ ਅਨੁਸਾਰ ਪੰਚਾਇਤ ਦੀ ਸ਼ਿਕਾਇਤ ‘ਤੇ ਕੋਈ ਕਾਰਵਾਈ ਨਾ ਕਰਨ ਬਦਲੇ ਤਾਰਾ ਸਿੰਘ ਦੇ ਕਹੇ ਅਨੁਸਾਰ ਜਗਤਾਰ ਸਿੰਘ ਨੇ ਇੰਸਪੈਕਟਰ ਤੇਜਿੰਦਰ ਸਿੰਘ ਨੂੰ ਧੱਕੇ ਨਾਲ ਦਸ ਹਜ਼ਾਰ ਰੁਪਏ ਰਿਸ਼ਵਤ ਦੇਣ ਦੀ ਕੋਸ਼ਿਸ ਕੀਤੀ ਸੀ। ਜਦੋਂ ਜਗਤਾਰ ਸਿੰਘ ਪੈਸੇ ਦੇਣ ਦੀ ਜ਼ਿਦ ਕਰ ਰਿਹਾ ਸੀ ਤਾਂ ਉਸ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਦਸ ਹਜ਼ਾਰ ਰੁਪਏ ਬਰਾਮਦ ਕਰ ਲਏ ਸਨ।  ਥਾਣਾ ਸ਼ੇਰਪੁਰ ਪੁਲਿਸ ਵੱਲੋਂ ਦਰਜ ਕੀਤੇ ਗਏ ਭ੍ਰਿਸ਼ਟਾਚਾਰ ਵਿਰੋਧੀ ਐਕਟ ਦੇ ਕੇਸ ਦੀ ਅਦਾਲਤ ਵਿੱਚ ਹੋਈ ਸੁਣਵਾਈ ਦੌਰਾਨ ਤਾਰਾ ਸਿੰਘ ਦੇ ਵਕੀਲ ਯੋਗੇਸ਼ ਗੁਪਤਾ ਵੱਲੋਂ ਪੱਖ ਰੱਖਿਆ ਗਿਆ ਸੀ ਕਿ ਤਾਰਾ ਸਿੰਘ ਨੇ ਉਸ ਸਮੇਂ ਦੇ ਇੰਸਪੈਕਟਰ ਤੇਜਿੰਦਰ ਸਿੰਘ ਖ਼ਿਲਾਫ਼ ਵਿਜੀਲੈਂਸ ਵਿਭਾਗ ਪਾਸ ਸ਼ਿਕਾਇਤ ਕੀਤੀ ਸੀ। ਸ਼ਿਕਾਇਤ ਦੇ ਅਧਾਰ ‘ਤੇ 11 ਅਤੇ 12 ਅਗਸਤ, 2011 ਨੂੰ ਡੀਐਸਪੀ ਵਿਜੀਲੈਂਸ ਬਲਵਿੰਦਰ ਸਿੰਘ ਨੇ ਪੁਲਿਸ ਥਾਣਾ ਸ਼ੇਰਪੁਰ ਵਿਖੇ ਛਾਪੇਮਾਰੀ ਕੀਤੀ ਸੀ ਪਰੰਤੂ ਦੋਵੇਂ ਵਾਰੀ ਛਾਪੇਮਾਰੀ ਦੀ ਸੂਚਨਾ ਲੀਕ ਹੋਣ ਕਾਰਨ ਤਾਰਾ ਸਿੰਘ ਦੀ ਸ਼ਿਕਾਇਤ ਬੇਅਸਰ ਹੋ ਗਈ। ਸਰਕਾਰੀ ਧਿਰ ਵੱਲੋਂ ਆਪਣਾ ਪੱਖ ਰੱਖਿਆ ਗਿਆ ਕਿ ਵਿਜੀਲੈਂਸ ਟੀਮ ਤਾਂ  ਸ਼ੇਰਪੁਰ ਵਿਖੇ ਗਈ ਨਹੀਂ ਪਰੰਤੂ ਮੁਦਈ ਧਿਰ ਦੇ ਵਕੀਲ ਨੇ ਲਾਗ ਬੁੱਕ ਦੀਆਂ ਐਂਟਰੀਆਂ ਸਬੂਤ ਵਜੋਂ ਪੇਸ਼ ਕਰਦਿਆਂ ਸਾਬਤ ਕਰ ਦਿੱਤਾ ਕਿ ਵਿਜੀਲੈਂਸ ਵੱਲੋਂ ਸ਼ੇਰਪੁਰ ਵਿਖੇ ਛਾਪੇਮਾਰੀ ਕੀਤੀ ਗਈ ਸੀ।ਅਦਾਲਤ ਵੱਲੋਂ ਇਸ ਕੇਸ ਦਾ ਫ਼ੈਸਲਾ ਸੁਣਾਉਂਦਿਆਂ ਜਗਤਾਰ ਸਿੰਘ ਅਤੇ ਤਾਰਾ ਸਿੰਘ ਨੂੰ ਬਰੀ ਕਰ ਦਿੱਤਾ ਸੀ। ਅਦਾਲਤ ਵੱਲੋਂ ਝੂਠੇ ਕੇਸ ‘ਚ ਫਸਾਉਣ, ਜਾਅਲੀ ਕਾਗਜ਼ਾਤ ਤਿਆਰ ਕਰਨ ਅਤੇ ਜਾਅਲੀ ਸਬੂਤ ਇਕੱਠੇ ਕਰਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡੀਐਸਪੀ ਬਲਵਿੰਦਰ ਸਿੰਘ ਅਤੇ ਐਸਐਚਓ ਤੇਜਿੰਦਰ ਸਿੰਘ ਖ਼ਿਲਾਫ਼ ਬਣਦੀ ਕਾਰਵਾਈ ਲਈ ਆਦੇਸ਼ ਦਿੱਤੇ ਸਨ।ਤਤਕਾਲੀ ਡੀਐਸਪੀ ਵਿਜੀਲੈਂਸ ਬਲਵਿੰਦਰ ਸਿੰਘ ਅਤੇ ਥਾਣਾ ਸ਼ੇਰਪੁਰ ਦੇ ਐਸਐਚਓ ਤੇਜਿੰਦਰ ਸਿੰਘ ਖ਼ਿਲਾਫ਼ ਦਫ਼ਾ 467, 468, 471 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।ਬਲਵਿੰਦਰ ਸਿੰਘ ਇਸ ਸਮੇਂ ਡੀਐਸਪੀ ਵਿਜੀਲੈਂਸ ਬਿਊਰੋ ਅਤੇ ਤੇਜਿੰਦਰ ਸਿੰਘ ਡੀਐਸਪੀ ਲਹਿਰਾਗਾਗਾ ਵਿਖੇ ਤਾਇਨਾਤ ਹਨ। ਇਸ ਕੇਸ ਦੇ ਸਾਹਮਣੇ ਆਉਣ ਨਾਲ ਇਕ ਵਾਰ ਫੇਰ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਪੰਜਾਬ ਪੁਲਿਸ ਦੇ ਕੰਮ-ਕਾਜ ਵਿਚ ਵੱਡੀਆਂ ਉਣਤਾਈਆਂ ਹਨ। ਪੁਲਿਸ ਲੋਕਾਂ ਦੀ ਰੱਖਿਆ ਲਈ ਹੁੰਦੀ ਹੈ ਪੰਰਤੂ ਉਸ ਵੱਲੋਂ ਨਿਰਦੋਸ਼ਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬਹੁਤ ਹੀ ਚਿੰਤਾਜਨਕ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਮਾਮਲੇ ਦਾ ਗੰਭੀਰਤਾ ਨਾਲ ਨੋਟਿਸ ਲਵੇ ਅਤੇ ਸਾਰੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਨੌਕਰੀ ਤੋਂ ਕੱਢਿਆ ਜਾਵੇ। ਪੰਜਾਬ ਦੇ ਗ੍ਰਹਿ ਵਿਭਾਗ ਨੂੰ ਇਸ ਤਰ੍ਹਾਂ ਦੇ ਹੋਰ ਮਾਮਲਿਆਂ ਦੀ ਵੀ ਜਾਂਚ ਕਰਨੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਨਿਰਦੋਸ਼ ਨਾਲ ਜ਼ਿਆਦਤੀ ਨਾ ਹੋ ਸਕੇ। ਪੰਜਾਬ ਪੁਲਿਸ ਦੀ ਸਕਰੀਨਿੰਗ ਸਮੇਂ ਦੀ ਜ਼ਰੂਰਤ ਹੈ। ਅਜਿਹੇ ਮਾਮਲੇ ਇਸ ਕਰਕੇ ਸਾਹਮਣੇ ਆ ਰਹੇ ਹਨ ਕਿਉਂਕਿ ਪੁਲਿਸ ਕੰਮਕਾਜ ਵਿੱਚ ਸਿਆਸੀ ਦਖਲਅੰਦਾਜ਼ੀ ਹੋ ਰਹੀ ਹੈ।
ਬਲਜੀਤ ਸਿੰਘ ਬਰਾੜ

WRITTEN BY