ਦੇਸ਼ ਵਿੱਚ ਮਾਸੂਮ ਬੱਚੀਆਂ ’ਤੇ ਲਗਾਤਾਰ ਜਿਣਸੀ ਅਤਿਆਚਾਰ ਹੋ ਰਹੇ ਹਨ। ਪੰਜਾਬ ਵਿੱਚ ਵੀ ਅਜਿਹੀਆਂ ਸ਼ਰਮਨਾਕ ਘਟਨਾਵਾਂ ਵਾਪਰ ਰਹੀਆਂ ਹਨ। ਦੋਰਾਹਾ ਅਤੇ ਲੁਧਿਆਣਾ ਵਿੱਚ ਦੋ ਛੋਟੀਆਂ ਬੱਚੀਆਂ ਨੂੰ ਬਲਾਤਕਾਰ ਤੋਂ ਬਾਅਦ ਬੇਦਰਦੀ ਨਾਲ ਮਾਰ ਦਿੱਤਾ ਗਿਆ। ਸਮਾਜ ਵਿੱਚ ਇਸ ਤਰ੍ਹਾਂ ਦੇ ਅਪਰਾਧੀਆਂ ਕਾਰਨ ਛੋਟੀਆਂ-ਛੋਟੀਆਂ ਬੱਚੀਆਂ ਹੁਣ ਕਿਧਰੇ ਵੀ ਸੁਰਖਿਅਤ ਨਹੀਂ ਰਹੀਆਂ। ਔਰਤਾਂ ਦੇ ਨਾਲ-ਨਾਲ ਛੋਟੀਆਂ ਬੱਚੀਆਂ ਖਿਲਾਫ ਅਪਰਾਧ ਵਧਣਾ ਭਾਰਤੀ ਸਮਾਜ ਲਈ ਬੇਹਦ ਚਿੰਤਾ ਦਾ ਕਾਰਨ ਹੈ। ਭਾਰਤ ਦੁਨੀਆਂ ਦੇ ਉਨ੍ਹਾਂ ਪਹਿਲੇ ਪੰਜ ਦੇਸ਼ਾਂ ਵਿੱਚ ਸ਼ਾਮਿਲ ਹੈ ਜਿਥੇ ਬੱਚੀਆਂ ਘਰਾਂ ਵਿੱਚ ਵੀ ਸੁਰੱਖਿਅਤ ਨਹੀਂ ਹਨ। ਭਾਰਤ ’ਚ ਹਰ ਪੰਜ ਮਿੰਟ ਵਿੱਚ ਇਕ ਬੱਚੀ ’ਤੇ ਜਿਣਸੀ ਅਤਿਆਚਾਰ ਹੁੰਦਾ ਹੈ। ਅਪਰਾਧਾਂ ਦੀ ਕੁੱਲ ਗਿਣਤੀ ਪੱਖੋਂ ਭਾਰਤ ਇਨ੍ਹਾਂ ਪੰਜਾਂ ਦੇਸ਼ਾਂ ’ਚੋਂ ਪਹਿਲੇ ਨੰਬਰ ’ਤੇ ਹੈ। ਜਿਉਂ-ਜਿਉਂ ਸਮਾਜ ਸਭਿਆ ਹੋਣ ਦੇ ਦਾਅਵੇ ਕਰ ਰਿਹਾ ਹੈ ਤਿਉਂ-ਤਿਉਂ ਬੱਚੀਆਂ ਖਿਲਾਫ ਅਪਰਾਧ ਵਧ ਰਹੇ ਹਨ। ਬੇਸ਼ਕ ਸਰਕਾਰ ਵੱਲੋਂ ਔਰਤਾਂ ਅਤੇ ਬੱਚੀਆਂ ਖਿਲਾਫ ਜਿਣਸੀ ਅਪਰਾਧਾਂ ਲਈ ਕਾਨੂੰਨ ’ਚ ਸੋਧ ਕੀਤੀ ਗਈ ਹੈ ਪ੍ਰੰਤੂ ਇਸ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਵਿੱਚ ਕਮੀ ਨਹੀਂ ਆ ਰਹੀ। ਇਸ ਦਾ ਇਕ ਕਾਰਨ ਇਹ ਹੈ ਕਿ ਹਾਲੇ ਤੱਕ ਅਜਿਹੇ ਅਪਰਾਧੀਆਂ ਨੂੰ ਮਿਸਾਲੀ ਸਜ਼ਾ ਨਹੀਂ ਮਿਲ ਰਹੀ। ਅਦਾਲਤਾਂ ਵਿੱਚ ਅਜਿਹੇ ਕੇਸ ਦਹਾਕਿਆਂ ਤੱਕ ਲਟਕਦੇ ਰਹਿੰਦੇ ਹਨ। ਦੋਸ਼ੀ ਕਾਨੂੰਨ ਦੀਆਂ ਚੋਰ ਮੋਰੀਆਂ ਵਿੱਚੋਂ ਸਾਫ ਬਰੀ ਹੋ ਕੇ ਨਿਕਲ ਜਾਂਦੇ ਹਨ। ਲੋਕਾਂ ਦੀ ਸੋਚ ਵੀ ਹਾਲੇ ਨਹੀਂ ਬਦਲੀ। ਇਹ ਹੈਰਾਨੀ ਦੀ ਗੱਲ ਹੈ ਕਿ ਪਸ਼ੂ ਬਿਰਤੀ ਵਾਲੇ ਇਨ੍ਹਾਂ ਅਪਰਾਧਾਂ ਵਿਰੁੱਧ ਲੋਕ ਰੋਸ ਦਾ ਪ੍ਰਗਟਾਵਾ ਤੱਕ ਨਹੀਂ ਕਰਦੇ। ਅਜਿਹੀ ਸੋਚ ਕਾਰਨ ਹੀ ਦੇਸ਼ ਭਰ ਵਿੱਚ ਮਾਦਾ ਭਰੂਣ ਹੱਤਿਆ ਦੀਆਂ ਘਟਨਾਵਾਂ ਨਹੀਂ ਰੁਕੀਆਂ। ਬੱਚੀਆਂ ਖਿਲਾਫ ਹੋ ਰਹੇ ਇਹ ਅਪਰਾਧ ਬਹੁਤ ਹੀ ਘਿਨੌਣੇ ਅਤੇ ਚਿੰਤਾਜਨਕ ਹਨ। ਇਸ ਮਾਮਲੇ ’ਤੇ ਸਮਾਜ ਅਤੇ ਪ੍ਰਸ਼ਾਸਨ ਦੀ ਅਸੰਵੇਦਨਸ਼ੀਲਤਾ ਵੀ ਚਿੰਤਾ ਦਾ ਵਿਸ਼ਾ ਹੈ। ਅਦਾਲਤਾਂ ਵੱਲੋਂ ਵੀ ਅਜਿਹੇ ਮਾਮਲਿਆਂ ਨੂੰ ਹਮਦਰਦੀ ਨਾਲ ਨਹੀਂ ਸੁਣਿਆ ਜਾਂਦਾ। ਜਦੋਂ ਤੱਕ ਸਮਾਜਿਕ ਤੌਰ ’ਤੇ ਅਜਿਹੀਆਂ ਘਟਨਾਵਾਂ ਵਿਰੁੱਧ ਲੋਕ ਰਾਏ ਨਹੀਂ ਉਠਦੀ ਤਦ ਤੱਕ ਅਜਿਹੇ ਅਪਰਾਧਾਂ ਨੂੰ ਰੋਕਣਾ ਮੁਸ਼ਕਿਲ ਹੈ। ਸਾਰੀਆਂ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੂੰ ਇਸ ਦਿਸ਼ਾ ਵਿੱਚ ਸਰਗਰਮੀ ਆਰੰਭਣੀ ਚਾਹੀਦੀ ਹੈ ਤਾਂ ਜੋ ਸਮਾਜਿਕ ਤੌਰ ’ਤੇ ਬੱਚੀਆਂ ਲਈ ਸੁਰੱਖਿਅਤ ਮਾਹੌਲ ਬਣਾਇਆ ਜਾ ਸਕੇ। ਇਸ ਸਬੰਧ ਵਿੱਚ ਸਰਕਾਰ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਬੱਚੀਆਂ ਖਿਲਾਫ ਅਪਰਾਧ ਰੋਕੇ ਜਾ ਸਕਣ।
– ਬਲਜੀਤ ਸਿੰਘ ਬਰਾੜ