ਘਰ-ਘਰ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ ਇਕ ਦਿਨ ਵਿੱਚ 1000 ਨੌਕਰੀਆਂ ਦਾ ਟੀਚਾ
ਜਲੰਧਰ, 28 ਫਰਵਰੀ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਉਨ੍ਹਾਂ ਦੀ ਸਰਕਾਰ ਵੱਲੋਂ ਸ਼ਹਿਰੀ ਨੌਜਵਾਨਾਂ ਲਈ ‘ਮੇਰਾ ਕੰਮ, ਮੇਰਾ ਮਾਣ’ ਨਾਂ ਹੇਠ ਨਵਾਂ ਰੁਜ਼ਗਾਰ ਉਤਪਤੀ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ ਤਾਂ ਕਿ ਕਿਰਤ ਦੇ ਮਾਣ-ਸਤਿਕਾਰ ਨੂੰ ਯਕੀਨੀ ਬਣਾਇਆ ਜਾ ਸਕੇ। ਅੱਜ ਇੱਥੇ ਡੀ.ਏ.ਵੀ.ਯੂਨੀਵਰਸਿਟੀ ਦੇ ਕੈਂਪਸ ਵਿੱਚ ਚੌਥੇ ਰੁਜ਼ਗਾਰ ਮੇਲਿਆਂ ਦੀ ਸਮਾਪਤੀ ਮੌਕੇ ਮੁੱਖ ਮੰਤਰੀ ਨੇ ਇਹ ਐਲਾਨ ਕੀਤਾ। ਸੂਬਾ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ ‘ਘਰ-ਘਰ ਰੁਜ਼ਗਾਰ ਅਤੇ ਕਾਰੋਬਾਰ’ ਮਿਸ਼ਨ ਤਹਿਤ ਸੂਬੇ ਦੇ ਸਾਰੇ 22 ਜ਼ਿਲ੍ਹਿਆਂ ਵਿੱਚ 10 ਦਿਨ ਚੱਲੇ ਰੁਜ਼ਗਾਰ ਮੇਲਿਆਂ ਦੌਰਾਨ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨਾਂ ਵਿੱਚੋਂ 256 ਨੂੰ ਨਿਯੁਕਤੀ ਪੱਤਰ ਦਿੰਦਿਆਂ ਵਧਾਈ ਦਿੱਤੀ। ਰੁਜ਼ਗਾਰ ਮੇਲਿਆਂ ਦੇ ਇਸ ਪੜਾਅ ਦੌਰਾਨ ਸਰਕਾਰੀ ਅਤੇ ਪ੍ਰਾਈਵੇਟ ਸੈਕਟਰਾਂ ਵਿੱਚ ਕੁਲ 40517 ਨੌਜਵਾਨਾਂ ਨੂੰ ਰੁਜ਼ਗਾਰ ਹਾਸਲ ਹੋਇਆ। ਸੂਬਾ ਪੱਧਰੀ ਰੁਜ਼ਗਾਰ ਮ੍ਯੇਲਿਆਂ ਦਾ ਵੇਰਵਾ ਦਿੰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਮਿਸ਼ਨ ਤਹਿਤ ਸਰਕਾਰ ਵੱਲੋਂ ਪ੍ਰਤੀ ਦਿਨ 808 ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਵਿੱਚ ਸਹਿਯੋਗ ਦਿੱਤਾ ਗਿਆ ਹੈ ਅਤੇ ਛੇਤੀ ਹੀ ਇਹ ਗਿਣਤੀ ਵਧ ਕੇ 1000 ਪ੍ਰਤੀ ਦਿਨ ਹੋ ਜਾਵੇਗੀ। ਇਸ ਮਿਸ਼ਨ ਦਾ ਮਕਸਦ ਨਿਰਧਾਰਤ ਸਮੇਂ ਵਿੱਚ ਹਰ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਮੁਹੱਈਆ ਕਰਵਾਉਣਾ ਹੈ ਅਤੇ ਇਹ ਸਕੀਮ ਨਿਸ਼ਚਿਤ ਤੌਰ ’ਤੇ ਘਰ-ਘਰ ਤੱਕ ਪਹੁੰਚੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸਾਲ 2017 ਦੇ ਅਗਸਤ-ਸਤੰਬਰ ਵਿੱਚ ਪਲੇਠੇ ਰੁਜ਼ਗਾਰ ਮੇਲੇ ਦੌਰਾਨ ਸਿਰਫ਼ ਪੰਜ ਫੀਸਦੀ ਰੁਜ਼ਗਾਰ ਮੁਹੱਈਆ ਹੋਇਆ ਸੀ ਅਤੇ ਕੁਲ ਚਾਹਵਾਨਾਂ ਵਿੱਚੋਂ 19415 ਨੂੰ ਨੌਕਰੀਆਂ ਮਿਲੀਆਂ। ਸਾਲ 2018 ਦੌਰਾਨ ਫਰਵਰੀ-ਮਾਰਚ ਵਿੱਚ 11821 ਨੌਜਵਾਨਾਂ ਨੂੰ ਰੁਜ਼ਗਾਰ ਹਾਸਲ ਹੋਣ ਨਾਲ ਇਹ ਦਰ 16 ਫੀਸਦੀ ਰਹੀ। ਮੁੱਖ ਮੰਤਰੀ ਨੇ ਦੱਸਿਆ ਕਿ ਤੀਜੇ ਰੁਜ਼ਗਾਰ ਮੇਲੇ ਦੌਰਾਨ ਇਹ ਦਰ ਵਧ ਕੇ 21 ਫੀਸਦੀ ਤੱਕ ਪਹੁੰਚ ਗਈ ਅਤੇ 18672 ਨੌਜਵਾਨਾਂ ਨੂੰ ਰੁਜ਼ਗਾਰ ਹਾਸਲ ਹੋਇਆ। ਅੱਜ ਦੇ ਇਸ ਚੌਥੇ ਰੁਜ਼ਗਾਰ ਮੇਲੇ ਨਾਲ ਰੁਜ਼ਗਾਰ ਦੀ ਦਰ 55 ਫੀਸਦੀ ਤੱਕ ਪਹੁੰਚ ਗਈ ਹੈ। ਉਨ੍ਹਾਂ ਦੱਸਿਆ ਕਿ 54 ਥਾਵਾਂ ’ਤੇ ਲੱਗੇ ਇਨ੍ਹਾਂ 10 ਰੋਜ਼ਾ ਰੁਜ਼ਗਾਰ ਮੇਲਿਆਂ ਦੌਰਾਨ ਕੁਲ 1.13 ਲੱਖ ਨੌਕਰੀਆਂ ਦੀ ਪੇਸ਼ਕਸ਼ ਕੀਤੀ ਅਤੇ 41878 ਨੂੰ ਰੁਜ਼ਗਾਰ ਮਿਲਿਆ ਜਦਕਿ 4370 ਚਾਹਵਾਨਾਂ ਨੂੰ ਸਵੈ-ਰੁਜ਼ਗਾਰ ਲਈ ਸਹਿਯੋਗ ਦਿੱਤਾ ਗਿਆ। ਮੁੱਖ ਮੰਤਰੀ ਨੇ ਦੱਸਿਆ ਕਿ ਘਰ-ਘਰ ਰੁਜ਼ਗਾਰ ਤਹਿਤ ਹੁਨਰ ਵਿਕਾਸ ਵਿੱਚ ਅਤੇ ਰੁਜ਼ਗਾਰ ਲਈ ਗ਼ਰੀਬਾਂ ਨੂੰ ਵੱਧ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਇਸ ਤਹਿਤ ਹਰੇਕ ਪਿੰਡ ਦੇ ਘੱਟੋ-ਘੱਟ 10 ਗ਼ਰੀਬ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਇਕ ਨਿਵੇਕਲਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਤਾਂ ਕਿ ਇਸ ਸਕੀਮ ਦਾ ਲਾਭ ਹਰ ਇਕ ਤੱਕ ਪਹੁੰਚਣਾ ਯਕੀਨੀ ਬਣਾਇਆ ਜਾ ਸਕੇ। ਰੁਜ਼ਗਾਰ ਉਤਪਤੀ ਵਿਭਾਗ, ਉਸ ਦੀ ਟੀਮ ਅਤੇ ਜ਼ਿਲ੍ਹਾ ਪੱਧਰੀ ਰੁਜ਼ਗਾਰ ਬਿਊਰੋਜ਼ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਾਰਚ, 2017 ਤੋਂ ਲੈ ਕੇ ਹੁਣ ਤੱਕ 5.76 ਲੱਖ ਨੌਜਵਾਨਾਂ ਨੂੰ ਪ੍ਰਾਈਵੇਟ/ਸਰਕਾਰੀ ਖੇਤਰ ਜਾਂ ਸਵੈ-ਰੁਜ਼ਗਾਰ ਲਈ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ। ਇਸ ਮੌਕੇ ਉਦਯੋਗ ਤੇ ਵਪਾਰ ਮੰਤਰੀ ਸੁੰਦਰ ਸ਼ਾਮ ਅਰੋੜਾ, ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾ-ਮੁਕਤ) ਟੀ.ਐਸ. ਸ਼ੇਰਗਿੱਲ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਵਿਧਾਇਕ ਪਰਗਟ ਸਿੰਘ, ਚੌਧਰੀ ਸੁਰਿੰਦਰ ਸਿੰਘ, ਹਰਦੇਵ ਸਿੰਘ ਲਾਡੀ ਅਤੇ ਰਾਜ ਕੁਮਾਰ ਚੱਬੇਵਾਲ ਤੋਂ ਇਲਾਵਾ ਪੁੱਡੂਚੇਰੀ ਦੇ ਸਾਬਕਾ ਲੈਫਟੀਨੈਂਟ ਗਵਰਨਰ ਇਕਬਾਲ ਸਿੰਘ, ਨਗਰ ਸੁਧਾਰ ਟਰੱਸਟ ਜਲੰਧਰ ਦੇ ਸਾਬਕਾ ਚੇਅਰਮੈਨ ਤੇਜਿੰਦਰ ਸਿੰਘ ਬਿੱਟੂ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਚੌਧਰੀ ਵਿਕਰਮਜੀਤ ਸਿੰਘ, ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਦੇ ਪ੍ਰਮੁੱਖ ਸਕੱਤਰ ਡੀ.ਕੇ. ਤਿਵਾੜੀ, ਘਰ-ਘਰ ਰੁਜ਼ਗਾਰ ਮਿਸ਼ਨ ਦੇ ਡਾਇਰੈਕਟਰ ਰਾਹੁਲ ਤਿਵਾੜੀ, ਕਮਿਸ਼ਨਰ ਬੀ. ਪੁਰਸ਼ਾਰਥਾ ਅਤੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਤੋਂ ਇਲਾਵਾ ਓ.ਐਸ.ਡੀ.ਮੁੱਖ ਮੰਤਰੀ ਪੰਜਾਬ ਸ੍ਰੀ ਗੁਰਪ੍ਰੀਤ ਸਿੰਘ ਸੋਨੂੰ ਢੇਸੀ, ਸ੍ਰੀ ਅੰਮ੍ਰਿਤ ਖੋਸਲਾ, ਸ੍ਰੀ ਰਾਜਿੰਦਰਪਾਲ ਸਿੰਘ ਰਾਣਾ ਰੰਧਾਵਾ, ਸ੍ਰੀ ਬਲਦੇਵ ਸਿੰਘ ਦੇਵ , ਸ੍ਰੀ ਸੁਖਵਿੰਦਰ ਸਿੰਘ ਲਾਲੀ, ਸ੍ਰੀ ਅਸ਼ਵਿਨ ਭੱਲਾ ਅਤੇ ਹੋਰ ਸ਼ਾਮਿਲ ਸਨ।