May 14, 2026 3:41 am

ਤਲਵੰਡੀ ਪਰਿਵਾਰ ਮਾਣ-ਸਨਮਾਨ ਬਖ਼ਸ਼ਣ ਲਈ ਪਾਰਟੀ ਹਾਈਕਮਾਨ ਦਾ ਧੰਨਵਾਦੀ

ਤਲਵੰਡੀ ਪਰਿਵਾਰ ਵਿਚ ਪੰਥ ਅਤੇ ਕੌਮ ਦੀ ਸੇਵਾ ਅਤੇ ਕੁਰਬਾਨੀ ਦੀ ਭਾਵਨਾ ਪੀੜੀ ਦਰ ਪੀੜੀ ਨਿਰੰਤਰ ਚਲੀ ਆ ਰਹੀ ਹੈ। ਮੈਨੂੰ ਅਜ ਵੀ ਯਾਦ ਹੈ ਉਹ ਸਮਾਂ ਜਦੋਂ ਪੰਜਾਬ ਦੀ ਰਾਜਨੀਤੀ ਦੇ ਬਾਬਾ ਬੋਹੜ ਸ. ਪ੍ਰਕਾਸ਼ ਸਿੰਘ ਜੀ ਬਾਦਲ, ਪੰਥ ਰਤਨ ਗੁਰਚਰਨ ਸਿੰਘ ਟੌਹੜਾ ਅਤੇ ਹੋਰ ਕਈ ਵਡੇ ਆਗੂ ਸਾਹਿਬ ਕੌਮ ਅਤੇ ਪੰਥ ਲਈ ਜੇਲ੍ਹ ਵਿਚ ਸਨ ਤਾਂ ਸ. ਪ੍ਰਕਾਸ਼ ਸਿੰਘ ਬਾਦਲ ਜੀ ਦੇ ਛੋਟੇ ਭਰਾ ਗੁਰਦਾਸ ਬਾਦਲ, ਭਾਈ ਸ਼ਵਿੰਦਰ ਸਿੰਘ, ਮਨਜੀਤ ਸਿੰਘ ਕਲਕਤਾ, ਪ੍ਰਕਾਸ਼ ਸਿੰਘ ਮਜੀਠਾ ਅਤੇ ਸ.ਮੇਵਾ ਸਿੰਘ ਗਿਲ ਦੇ ਹਥ ਮੇਰੇ ਵਾਲਿਦ ਅੰਮ੍ਰਿਤਸਰ ਮਤੇ ਦੇ ਬਾਨੀ ਲੋਹ ਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਜੋ ਕਿ ਉਸ ਹਸਪਤਾਲ ਵਿਚ ਜ਼ੇਰੇ ਇਲਾਜ ਸਨ, ਨੂੰ ਸੁਨੇਹਾ ਭੇਜਿਆ ਕਿ ਤੁਸੀਂ ਹੁਣ ਕੌਮ ਦੀ ਵਾਗਡੋਰ ਆਪਣੇ ਹਥੀਂ ਸੰਭਾਲ ਲਵੋ ਕਿਉਂਕਿ ਉਸ ਵੇਲੇ ਪਾਰਟੀ ਬੜੇ ਡਰ ਅਤੇ ਸਹਿਮ ਵਿਚੋਂ ਗੁਜ਼ਰ ਰਹੀ ਸੀ।1984 ਤੋਂ ਲੈ ਕੇ ਉਦੋਂ ਤਕ ਕਾਨਫਰੰਸ ਤਾਂ ਇਕ ਪਾਸੇ ਪਾਰਟੀ ਦੀ ਕੋਈ ਮੀਟਿੰਗ ਵੀ ਨਹੀਂ ਸੀ ਹੋ ਰਹੀ। ਉਦੋਂ ਜਥੇਦਾਰ ਤਲਵੰਡੀ ਨੂੰ ਇਨਕਾਰ ਕਰਨਾ ਪਿਆ ਕਿਉਂਕਿ ਉਨ੍ਹਾਂ ਦੀ ਸਿਹਤ ਇਜ਼ਾਜਤ ਨਹੀਂ ਸੀ ਦੇ ਰਹੀ।ਉਸ ਵਕਤ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਪ੍ਰੋਫੈਸਰ ਦਰਸ਼ਨ ਸਿੰਘ ਜੀ ਨੇ ਪੰਜ ਸਿੰਘ ਸਾਹਿਬਾਨਾਂ ਸਮੇਤ ਉਨ੍ਹਾਂ ਨੂੰ ਹੁਕਮ ਦਿਤਾ ਕਿ ਪੰਥ ਨੇ ਤੁਹਾਨੂੰ ਲੋਹ ਪੁਰਸ਼ ਦਾ ਖਿਤਾਬ ਦਿਤਾ ਹੈ ਤੇ ਅਜ ਪੰਥ ਨੂੰ ਤੁਹਾਡੀ ਲੋੜ ਹੈ ਤੇ ਤੁਸੀਂ ਪੰਥ ਦੀ ਕਮਾਂਡ ਆਪਣੇ ਹਥੀ ਸੰਭਾਲੋ। ਉਸ ਵੇਲੇ ਜਥੇਦਾਰ ਤਲਵੰਡੀ ਨੇ ਪੰਥ ਦਾ ਹੁਕਮ ਗੁਰੂ ਦਾ ਹੁਕਮ, ਰਬ ਦਾ ਹੁਕਮ ਜਾਣ ਕੇ ਪਾਰਟੀ ਦੀ ਵਾਗਡੋਰ ਆਪਣੇ ਹਥ ਸੰਭਾਲੀ। ਫਿਰ ਹੋਇਆ ਉਹ, ਜਿਸ ਦਾ ਖ਼ਦਸ਼ਾ ਸੀ। ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿਚ ਪ੍ਰਧਾਨ ਦੀ ਚੋਣ ਹੋਣੀ ਸੀ ਜਿਸ ਵਿਚ ਹਿਸਾ ਲੈਣ ਲਈ ਮੇਰੇ ਵਾਲਿਦ ਅੰਮ੍ਰਿਤਸਰ ਜਾਣਾ ਸੀ।ਉਸ ਵੇਲੇ ਦਾਸ ਦੀ ਸ਼ਾਦੀ ਰਖੀ ਗਈ ਸੀ। ਘਰੋਂ ਆਖੰਡ ਪਾਠ ਸਾਹਿਬ ਰਖਵਾ ਕੇ ਜਦੋਂ ਜਥੇਦਾਰ ਤਲਵੰਡੀ ਦਰਬਾਰ ਸਾਹਿਬ ਜਾਣ ਦੇ ਲਈ ਨਿਕਲੇ। ਤਾਂ ਤਲਵੰਡੀ ਦੀ ਸੜਕਾਂ ਉਤੇ ਥਾਂ-ਥਾਂ ਤੇ ਨਾਕਾਬੰਦੀ ਕੀਤੀ ਹੋਈ ਸੀ। ਉਸ ਵਕਤ ਉਨ੍ਹਾਂ ਦੇ ਉਪਰ ਇਕ ਹਮਲਾ ਹੋਇਆ, ਇਸ ਦੌਰਾਨ ਉਨ੍ਹਾਂ ਦੀ ਗਡੀ ਦੇ ਉਪਰ 1000 ਗੋਲੀਆਂ ਚਲਾਈਆਂ ਗਈਆਂ, ਜਿਸ ਵਿਚ ਉਨ੍ਹਾਂ ਲਈ ਪੁਤਾਂ ਤੋਂ ਵੀ ਵਧ ਪਿਆਰੇ ਸ. ਹਰਜਿੰਦਰ ਸਿੰਘ ਮੈਂਬਰ ਐਸ.ਜੀ.ਪੀ.ਸੀ ਸ਼ਹੀਦ ਹੋ ਗਏ, ਉਹਨਾਂ ਦਾ ਇਕ ਸੁਰਖਿਆ ਕਰਮੀ ਸ਼ਹੀਦ ਹੋ ਗਿਆ, ਉਨ੍ਹਾਂ ਦੇ ਪੀ.ਏ ਸ.ਉਜਾਗਰ ਸਿੰਘ ਦੇ 9 ਗੋਲੀਆਂ ਲਗੀਆਂ, ਸੰਤ ਨਿਰਮਲ ਸਿੰਘ ਜੀ ਦੇ 12 ਗੋਲੀਆਂ ਲਗੀਆਂ ਅਤੇ ਰਾਹ ਜਾਂਦੇ ਦੋ ਰਾਹਗੀਰ ਮਾਰੇ ਗਏ। ਇਹੋ ਜਿਹੀਆਂ ਹੋਰ ਵੀ ਕਈ ਘਟਨਾਵਾਂ ਹੋਈਆਂ, ਬਹੁਤ ਚੰਗੇ ਮਾੜੇ ਸਮੇਂ ਦੇਖੇ, ਜਥੇਦਾਰ ਤਲਵੰਡੀ ਕਰੀਬ 19 ਮਹੀਨੇ ਜੇਲ੍ਹ ਵਿਚ ਵੀ ਰਹੇ ਪਰ ਪੰਥ ਦੀ ਸੇਵਾ ਦਾ ਪਲਾ ਕਦੇ ਨਹੀਂ ਛਡਿਆ।ਤਲਵੰਡੀ ਪਰਿਵਾਰ ਦੀ ਪੀੜ੍ਹੀ ਦਰ ਪੀੜ੍ਹੀ ਚਲੀ ਆ ਰਹੀ ਸੇਵਾ ਅਤੇ ਕੁਰਬਾਨੀ ਬਦਲੇ ਜੋ ਬਣਦਾ ਮਾਣ-ਸਤਿਕਾਰ ਮਿਲਣਾ ਚਾਹੀਦਾ ਸੀ ਉਹ ਹੁਣ ਮਿਲ ਰਿਹਾ ਹੈ। ਬੀਤੇ ਦਿਨੀਂ ਮੇਰੇ ਛੋਟੇ ਭਰਾ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਐਸ.ਜੀ.ਪੀ.ਸੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪੀ ਏ ਸੀ ਮੈਂਬਰ ਲਗਾਇਆ ਗਿਆ ਹੈ।ਇਹ ਸਾਡੇ ਪਰਿਵਾਰ ਦੇ ਉਪਰ ਇਕ ਭਰੋਸਾ ਜਤਾਇਆ ਗਿਆ ਹੈ ਕਿ ਜਿਸ ਤਰ੍ਹਾਂ ਮੇਰੇ ਵਾਲਿਦ ਸਾਹਿਬ ਜਥੇਦਾਰ ਜਗਦੇਵ ਸਿੰਘ ਤਲਵੰਡੀ ਜੀ ਨੇ ਕੌਮ ਦੀ ਸੇਵਾ ਨਿਭਾਈ, ਹਰ ਕੁਰਬਾਨੀ ਦਿਤੀ ਉਸੇ ਤਰ੍ਹਾਂ ਤਲਵੰਡੀ ਪਰਿਵਾਰ ਹਮੇਸ਼ਾ ਪੰਥ ਤੇ ਕੌਮ ਦੀ ਨਿਧੜਕ ਤੇ ਨਿਡਰ ਹੋ ਕੇ ਸੇਵਾ ਕਰਦਾ ਰਹੇਗਾ।ਮੈਂ ਤਲਵੰਡੀ ਪਰਿਵਾਰ ਨੂੰ ਇਹ ਮਾਣ ਸਨਮਾਨ ਬਖ਼ਸ਼ਣ ਤੇ ਅਕਾਲ ਪੁਰਖ ਅਤੇ ਪਾਰਟੀ ਹਾਈਕਮਾਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ।
– ਗੁਰੂ ਪੰਥ ਦਾ ਦਾਸ
– ਰਣਜੀਤ ਸਿੰਘ ਤਲਵੰਡੀ
ਕੌਮੀ ਜਨਰਲ ਸਕੱਤਰ, ਸ਼੍ਰੋਮਣੀ ਅਕਾਲੀ ਦਲ
ਅਤੇ ਹਲਕਾ ਇੰਚਾਰਜ ਖੰਨਾ

Send this to a friend