ਦੇਸ਼ ਦੇ ਕਿਸਾਨਾਂ (ਜਟਾਂ) ਦੇ ਹਲਾਤਾਂ ਦੇ ਸਬੰਧ ਵਿਚ ਵਿਰਤਾਂਤ ਸਿਰਜਦਿਆਂ ਕਿਸਾਨਾਂ ਦੇ ਜੀਵਨ ਦੇ ਦੋ ਪਹਿਲੂ ਸਾਹਮਣੇ ਆਉਂਦੇ ਹਨ ਜਿਸ ਵਿਚ ਇਕ ਪਹਿਲੂ ਹੈ ਪੰਜਾਬ ਦੇ ਗੀਤਾਂ ਦਾ ਜਿੰਨ੍ਹਾਂ ਵਿਚ ਕਿਸਾਨਾਂ ਨੂੰ ਜਟਾਂ ਨੂੰ ਬਾਦਸ਼ਾਹੀ ਜਿੰਦਗੀ ਜਿਓਣ ਵਾਲੇ ,ਹਥਿਆਰਾਂ ਵਾਲੇ ,ਮਹਿੰਗੇ ਸੌਕ ਰਖਣ ਵਾਲੇ ਤੇ ਅਪਰਾਧੀ ਬਿਰਤੀ ਵਾਲੇ ਦਰਸਾਇਆ ਗਿਆ ਜਦਕਿ ਕਿਸਾਨਾਂ ਦੀ ਜਿੰਦਗੀ ਦਾ ਦੂਜਾ ਪਹਿਲੂ ਪਹਿਲੇ ਤੋਂ ਬਿਲਕੁਲ ਬਿਪਰੀਤ ਹੈ ਦੇਸ਼ ਦੇ ਕਿਸਾਨਾਂ ਲਈ ਮਹਿੰਗੇ ਸੌਕ ਪਾਲਣੇ ਤਾਂ ਦੂਰ ਦੀ ਗਲ ਹੈ ਬਹੁ ਗਿਣਤੀ ਕਿਸਾਨ ਅਪਣੇ ਪਰਿਵਾਰ ਪਾਲਣ ਤੋਂ ਵੀ ਮੁਹਤਾਜ ਹਨ ਤੇ ਮਾੜੀ ਆਰਥਿਕਤਾ ਦੇ ਝੰਬੇ ਅੰਨਦਾਤੇ ਨੂੰ ਕੋਈ ਵੀ ਉਮੀਦ ਦੀ ਕਿਰਨ ਵੀ ਵਿਖਾਈ ਨਹੀਂ ਦੇ ਰਹੀ ਜਿਸ ਦੇ ਚਲਦਿਆਂ ਸਰਕਾਰਾਂ ਵਲੋਂ ਕਿਸੇ ਮਦਦ ਦੀ ਆਸ ਰਖਣਾ ਵੀ ਉਸ ਦੀ ਮਜਬੂਰੀ ਹੈ । ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ 6 ਹਜਾਰ ਰੁਪਏ ਸਲਾਨਾ ਦੇਣ ਦੇ ਐਲਾਨ ਤੋਂ ਬਾਅਦ ਪੇਂਡੂ ਖੇਤਰਾਂ ਦੀਆਂ ਸੁਸਾਇਟੀਆਂ ਵਿਚ ਫਾਰਮ ਭਰਨ ਲਈ ਕਿਸਾਨਾਂ ਦੇ ਵਡੇ ਇਕਠ ਵਿਖਾਈ ਦੇ ਰਹੇ ਹਨ ਤੇ ਪੰਜਾਬੀ ਗੀਤਾਂ ਵਿਚ ਰਖ ਦੇ ਬਣਾਏ ਅਖੌਤੀ ਮਹਾਰਾਜੇ ਪਾਈ ਪਾਈ ਨੂੰ ਤਰਸਣ ਦੀ ਕਗਾਰ ਤੇ ਹਨ ਤੇ ਕੋਈ ਬਸ ਨਾ ਚਲਦਾ ਵੇਖ ਅਖਿਰ ਨੂੰ ਆਤਮ ਘਾਤ ਦੇ ਰਸਤੇ ਤੇ ਤੁਰਦੇ ਹਨ। ਜਿੰਦਗੀ ਦੀ ਆਰਥਿਕ ਮੰਦਹਾਲੀ ਤੇ ਮਜਬੂਰੀ ‘ਚੋਂ ਉਪਜਿਆ ਆਤਮਘਾਤੀ ਕਦਮ ਹੈ ਖ਼ੁਦਕਸ਼ੀ ਇਨਸਾਨ ਦਾ ਮਾੜੀ ਆਰਥਿਕ ਹਾਲਤ ਨਾਲ ਜਦੋਂ ਗੁਜ਼ਾਰਾ ਕਰਨਾ ਅਸੰਭਵ ਹੋ ਜਾਵੇ ਜਾਂ ਕਰਜ਼ਾ ਹਦ ਤੋਂ ਵਧ ਜਾਵੇ ਤਾਂ ਢਹਿੰਦੀ ਕਲਾ ‘ਚ ਆ ਕੇ ਕਿਸਾਨ ਵਲੋਂ ਕੀਤੀ ਆਤਮਹਤਿਆ ਨੂੰ ਕਿਸਾਨ ਖ਼ੁਦਕੁਸ਼ੀ ਕਿਹਾ ਜਾਂਦਾ ਹੈ ਤੇ ਕੇਂਦਰ ਸਰਕਾਰ ਦੇ ਰਿਕਾਰਡ ਦੇ ਇਕ ਅੰਕੜੇ ਅਨੁਸਾਰ 1965 ਤੋਂ ਲੈ ਕੇ 2016 ਤਕ ਤਿੰਨ ਲਖ ਕਿਸਾਨ ਖ਼ੁਦਕਸ਼ ਕਰ ਗਏ ਤੇ ਬਹੁ ਗਿਣਤੀ ਖ਼ੁਦਕਸ਼ੀਆਂ ਇਸ ਰਿਕਾਰਡ ਤੋਂ ਬਾਹਰ ਵੀ ਹੋਣਗੀਆਂ। ਭਾਰਤ ਦੀ ਨੈਸ਼ਨਲ ਕ੍ਰਾਇਮ ਰਿਕਾਰਡ ਬਿਊਰੋ ਨੇ 2014 ਵਿਚ 5,650 ਕਿਸਾਨ ਖ਼ੁਦਕੁਸ਼ੀਆਂ ਦੀ ਰਿਪੋਰਟ ਦਿਤੀ ਤੇ 2004 ਵਿਚ ਸਭ ਤੋਂ ਵਧ 18 241 ਕਿਸਾਨ ਖੁਦਕੁਸ਼ੀਆਂ ਦਰਜ ਕੀਤੀਆਂ ਗਈਆਂ ।ਮੁਲਕ ਭਰ ਵਿਚ ਸਾਢੇ ਤਿੰਨ ਲਖ ਤੋਂ ਵਧ ਕਿਸਾਨ ਕਰਜ਼ੇ ਦੇ ਬੋਝ ਕਾਰਨ ਖ਼ੁਦਕੁਸ਼ੀਆਂ ਕਰ ਚੁਕੇ ਹਨ ਅਤੇ ਇਹ ਖ਼ੁਦਕੁਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਖੇਤੀਬਾੜੀ ਪ੍ਰਧਾਨ ਅਤੇ ਖੁਸਹਾਲ਼ ਪ੍ਰਚਾਰੇ ਜਾਂਦੇ ਸੂਬੇ ਪੰਜਾਬ ਵਿਚ ਹਰ ਰੋਜ ਕਿਸਾਨਾਂ ਤੇ ਖੇਤ ਮਜ਼ਦੂਰਾਂ ਵਲੋਂ ਖ਼ੁਦਕੁਸ਼ੀ ਕੀਤੀ ਜਾ ਰਹੀ ਹੈ ਪਰ ਪੰਜਾਬ ਦੇ ਬਹੁ ਗਿਣਤੀ ਗੀਤਕਾਰ ਅਤੇ ਗਾਇਕ ਸਾਇਦ ਜਟਾਂ ਦੀ ਜਿੰਦਗੀ ਦੀਆਂ ਜਮੀਨੀ ਸਚਾਈਆਂ ਤੋਂ ਅਣਜਾਣ ਹਨ ।