May 14, 2026 3:09 am

ਬਰੇਟਾ ਦਾ ਹਸਪਤਾਲ ਖੁਦ ਹੋਇਆ ਬਿਮਾਰ-ਇਲਾਕੇ ਦੇ ਲੋਕਾਂ ਦੀ ਨਹੀਂ ਸੁਣੀ ਜਾ ਰਹੀ ਪੁਕਾਰ

ਬਰੇਟਾ- ਸਿਹਤ ਸਹੂਲਤਾਂ ਦੇਣਾ ਕਿਸੇ ਵੀ ਸਰਕਾਰ ਦੀ ਮੁੱਢਲੀ ਜਿੰਮੇਵਾਰੀ ਹੁੰਦੀ ਹੈ ਤਾਂ ਜੋ ਕਿ ਹਰ ਇੱਕ ਨਾਗਰਿਕ ਨੂੰ ਸਿਹਤ ਪੱਖੋਂ ਤੰਦਰੁਸਤ ਅਤੇ ਨਿਰੋਗ ਜੀਵਨ ਦਿੱਤਾ ਜਾ ਸਕੇ ।ਇਹ ਸਭ ਤਾਂ ਹੀ ਸੰਭਵ ਹੈ ਜੇਕਰ ਇਲਾਕੇ ਵਿੱਚ ਇੱਕ ਚੰਗਾ ਹਸਪਤਾਲ ਹੋਵੇ ਅਤੇ ਉਸ ਵਿੱਚ ਮਾਹਿਰ ਡਾਕਟਰ ਹਰ ਸਮੇਂ ਮੌਜੂਦ ਹੋਣ । ਬਰੇਟਾ ਇਲਾਕੇ ਵਿੱਚ ਲੋਕਾਂ ਦੀਆਂ ਸੱਮਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਹਸਪਤਾਲ ਲਈ ਇੱਕ ਆਲੀਸ਼ਾਨ ਇਮਾਰਤ ਬਣਾਈ ਗਈ ਸੀ । ਜੋ ਸਪੈਸ਼ਲਿਸਟ ਡਾਕਟਰਾਂ ਦੀ ਟੀਮ ਬਿਨ੍ਹਾਂ ਆਪਣੇ ਮੰਤਵ ਦੀ ਪੂਰਤੀ ਕਰਨ ਵਿੱਚ ਅਸੱਮਰਥ ਸਾਬਿਤ ਹੋ ਰਹੀ ਹੈ ।ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਸਪਤਾਲ ਦੀ ਸਮੱਰਥਾ 30 ਬਿਸਤਰੇ ਹੈ । ਇਸ ਦਾ ਉਦਘਾਟਨ ਮੌਜੂਦਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ 14 ਨਵੰਬਰ 2014 ਨੂੰ ਕੀਤਾ ਗਿਆ ਸੀ । ਇਹ ਬਿਲਡਿੰਗ ਲਗਭਗ ਸਵਾ ਚਾਰ ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਸੀ। ਜੋ ਕਿ ਪੰਜਾਬ ਦੇ ਹਸਪਤਾਲਾਂ ਵਿੱਚੋਂ ਇੱਕ ਨਮੂਨੇ ਦੀ ਬਿਲਡਿੰਗ ਮੰਨੀ ਜਾਂਦੀ ਹੈ। ਇਲਾਕੇ ਦੇ ਲੋਕਾਂ ਲਈ ਮੰਦਭਾਗੀ ਗੱਲ ਇਹ ਹੈ ਕਿ ਇਹ ਹਸਪਤਾਲ ਬਰੇਟਾ ਇਲਾਕੇ ਦੇ ਲਗਭਗ 22 ਪਿੰਡਾਂ ਲਈ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸਥਾਪਿਤ ਕੀਤਾ ਗਿਆ ਸੀ ਜੋ ਹੁਣ ਚਿੱਟਾ ਹਾਥੀ ਸਾਬਿਤ ਹੋ ਰਿਹਾ ਹੈ। ਇੱਥੇ ਮੁੱਢਲੀ ਸਹਾਇਤਾ ਦੀ ਕਮੀ ਹੋਣ ਕਾਰਨ ਮਰੀਜ਼ਾਂ ਨੂੰ ਦੂਰ ਦੁਰਾਡੇ ਜਾ ਕੇ ਇਲਾਜ ਕਰਵਾਉਣਾ ਪਂੈਦਾ ਹੈ ।ਗਰਭਵਤੀ ਔਰਤਾਂ ਨੂੰ ਕਿਸੇ ਵੇਲੇ ਵੀ ਲੋੜ ਪੈਣ ਤੇ ਮਹਿਲਾ ਡਾਕਟਰ ਦਾ ਕੋਈ ਪ੍ਰਬੰਧ ਨਹੀਂ ਹੈ ।ਵੱਖ ਵੱਖ ਵਿਭਾਗਾਂ ਵਿੱਚ ਡਾਕਟਰਾਂ ਦੀਆਂ ਆਸਾਮੀਆਂ ਖਾਲੀ ਪਈਆਂ ਹਨ ।ਹਸਪਤਾਲ ਵਿੱਚ ਮਰੀਜਾਂ ਦੀ ਗਿਣਤੀ ਵੀ ਨਾ ਮਾਤਰ ਵੇਖਣ ਨੂੰ ਮਿਲੀ । ਹਸਪਤਾਲ ਵਿੱਚ ਕੰਮ ਚਲਉਣ ਲਈ ਜਿਆਦਾਤਰ ਸਪੈਸ਼ਲਿਸਟ ਡਾਕਟਰਾਂ ਦੀ ਥਾਂ ਐਮ.ਬੀ.ਬੀ.ਐਸ ਡਾਕਟਰਾਂ ਦੀ ਡਿਊਟੀ ਲਗਾਈ ਹੋਈ ਹੈ । ਇੱਥੇ ਸਟਾਫ ਨਰਸਾਂ ਦੀਆਂ ਅਸਾਮੀਆਂ ਦੀ ਗਿਣਤੀ ਸੱਤ ਹੈ ਜੋ ਛੇ ਖਾਲੀ ਪਈਆਂ ਹਨ। ਕਲਾਸਫੋਰ ਕਰੀਬ 25 ਮੁਲਾਜਮਾਂ ਵਿੱਚੋ ਸਿਰਫ 6 ਨਾਲ ਹੀ ਕੰਮ ਚਲਾਇਆ ਜਾ ਰਿਹਾ ਹੈ । ਹਸਪਤਾਲ ਵਿੱਚ ਐਕਸਰੇ ਅਤੇ ਹੋਰ ਮੰਤਵ ਲਈ ਹੋਰ ਮੌਜੂਦ ਮਸ਼ੀਨਾਂ ਮੁਲਾਜਮਾਂ ਦੀ ਕਮੀ ਹੋਣ ਕਾਰਨ ਧੂੜ ਫੱਕ ਰਹੀਆਂ ਹਨ । ਅਪਨਾ ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਨੂੰ ਲੈ ਕੇ ਅਸੀ ਕਈ ਵਾਰ ਸਰਕਾਰ ਅਤੇ ਸਿਆਸੀ ਆਗੂਆਂ ਦੇ ਧਿਆਨ ਵਿੱਚ ਲਿਆ ਚੁੱਕੇ ਹਾਂ । ਪਰ ਅਜੇ ਤੱਕ ਕਿਸੇ ਨੇ ਵੀ ਇਸ ਘਾਟ ਵੱਲ ਨਜ਼ਰ ਨਹੀ ਮਾਰੀ । ਮੈਂਬਰਾਂ ਨੇ ਕਿਹਾ ਕਿ ਇਲਾਕੇ ਵਿੱਚ ਅਜਿਹੇ ਆਗੂ ਵੀ ਬੈਠੇ ਹਨ ਜੋ ਭ੍ਰਿਸ਼ਟ ਅਫਸਰਾਂ ਨੂੰ ਨਕੇਲ ਪਾਉਣ ਦੀ ਥਾਂ ਉਲਟਾ ਉਨ੍ਹਾਂ ਦਾ ਸਾਥ ਦਿੰਦੇ ਹਨ ।
– ਰੀਤਵਾਲ
ਪੱਤਰਕਾਰ ‘ਪੰਜਾਬ ਟਾਇਮਜ਼’

Send this to a friend