May 12, 2026 9:17 pm

ਅਨੁਸੂਚਿਤ ਜਾਤੀ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਕਿੱਤਾਮੁਖੀ ਧੰਦੇ ਸ਼ੁਰੂ ਕਰਨ ਲਈ ਮੁਫਤ ਟੂਲ ਕਿਟਾਂ ਦਿਤੀਆਂ ਜਾਣਗੀਆਂ : ਏ.ਡੀ.ਸੀ.

ਸਿਖਲਾਈ ਪ੍ਰਾਪਤ ਬੇਰੋਜ਼ਗਾਰਾਂ ਲਈ ਲਾਹੇਵੰਦ ਸਾਬਿਤ ਹੋਵੇਗੀ ਸਕੀਮ

ਐਸ. ਏ. ਐਸ. ਨਗਰ, 8 ਫ਼ਰਵਰੀ (ਧੱਮੀ ਸ਼ਰਮਾ)- ਜ਼ਿਲ੍ਹੇ ਵਿਚ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਅਨੁਸੂਚਿਤ ਜਾਤੀ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਕਿਤਾ ਮੁਖੀ ਸਵੈ ਰੋਜ਼ਗਾਰ ਧੰਦੇ ਸ਼ੁਰੂ ਕਰਨ ਲਈ 10 ਹਜ਼ਾਰ ਰੁਪਏ ਦੀ ਮਸ਼ੀਨਰੀ/ਟੂਲ ਕਿਟਾਂ ਮੁਫਤ ਦਿਤੀਆਂ ਜਾਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਰਦੀਪ ਸਿੰਘ ਬੈਂਸ ਨੇ ਦਸਿਆ ਕਿ ਜ਼ਿਲ੍ਹੇ ਦੇ ਅਨੁਸੂਚਿਤ ਜਾਤੀਆਂ ਦੇ ਬੇਰੋਜ਼ਗਾਰ ਲੜਕੇ/ਲੜਕੀਆਂ ਨੂੰ ਆਪਣੇ ਕਿਤਾ ਮੁਖੀ ਸਵੈ ਰੋਜ਼ਗਾਰ ਧੰਦੇ ਸ਼ੁਰੂ ਕਰਨ ਲਈ ਮਸ਼ੀਨਰੀ/ਟੂਲ ਕਿਟਾਂ ਦੇਣ ਲਈ ਸਰਕਾਰ ਵਲੋਂ ਗ੍ਰਾਂਟ ਜਾਰੀ ਕੀਤੀ ਜਾਣੀ ਹੈ। ਉਨ੍ਹਾਂ ਦਸਿਆ ਕਿ ਅਨੁਸੂਚਿਤ ਜਾਤੀ ਦੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਵਿਅਕਤੀ, ਜਿਨ੍ਹਾਂ ਨੇ ਵਖ-ਵਖ ਕਿਤਿਆਂ ਵਿਚ ਟਰੇਨਿੰਗ ਲਈ ਹੋਈ ਹੈ ਪਰ ਮਸ਼ੀਨਰੀ/ਟੂਲ ਕਿਟ ਦੀ ਘਾਟ ਕਾਰਨ ਆਪਣਾ ਕੰਮ ਨਹੀਂ ਚਲਾ ਸਕਦੇ, ਉਨ੍ਹਾਂ ਵਿਅਕਤੀਆਂ ਲਈ ਇਹ ਸਕੀਮ ਬਹੁਤ ਲਾਹੇਵੰਦ ਸਾਬਿਤ ਹੋਵੇਗੀ।ਸ੍ਰੀ ਬੈਂਸ ਨੇ ਦਸਿਆ ਕਿ ਅਨੁਸੂਚਿਤ ਜਾਤੀਆਂ ਦੇ ਬੇਰੋਜ਼ਗਾਰ ਲੜਕੇ ਅਤੇ ਲੜਕੀਆਂ, ਜਿਨ੍ਹਾਂ ਨੇ ਕਿਸੇ ਖੇਤਰ ਵਿਚ ਕੋਈ ਟਰੇਨਿੰਗ ਪ੍ਰਾਪਤ ਕੀਤੀ ਹੈ ਅਤੇ ਉਨ੍ਹਾਂ ਦੇ ਪਰਿਵਾਰ ਦੀ ਸਾਲਾਨਾ ਆਮਦਨ ਸ਼ਹਿਰੀ ਖੇਤਰ ਲਈ 88,756 ਰੁਪਏ ਅਤੇ ਪੇਂਡੂ ਖੇਤਰ ਲਈ 67,649 ਰੁਪਏ ਤੋਂ ਘਟ ਹੋਵੇ, ਉਹ ਸਕੀਮ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਦਸਿਆ ਕਿ ਕੋਈ ਵੀ ਚਾਹਵਾਨ ਵਿਅਕਤੀ 20 ਫਰਵਰੀ 2019 ਤਕ ਜ਼ਿਲ੍ਹਾ ਭਲਾਈ ਅਫਸਰ, ਕਮਰਾ ਨੰ. 439 ਤੀਜੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ-76, ਐਸ. ਏ. ਐਸ. ਨਗਰ, ਬੀ. ਡੀ. ਪੀ. ਓ. ਦਫਤਰ ਖਰੜ ਵਿਚ ਸਥਿਤ ਤਹਿਸੀਲ ਭਲਾਈ ਅਫਸਰ ਦੇ ਦਫਤਰ ਅਤੇ ਡੇਰਾਬਸੀ ਵਿਖੇ ਨਗਰ ਕੌਂਸਲ ਲਾਇਬ੍ਰਰੀ ਦੀ ਪਹਿਲੀ ਮੰਜ਼ਿਲ ‘ਤੇ ਸਥਿਤ ਤਹਿਸੀਲ ਭਲਾਈ ਅਫਸਰ ਦੇ ਦਫਤਰ ਵਿਚ ਆਪਣਾ ਟਰੇਨਿੰਗ ਸਰਟੀਫਿਕੇਟ ਲੈ ਕੇ ਸੰਪਰਕ ਕਰ ਸਕਦੇ ਹਨ।ਉਨ੍ਹਾਂ ਬੇਰੋਜ਼ਗਾਰ ਨੌਜਵਾਨਾਂ ਨੂੰ ਸਰਕਾਰ ਦੀਆਂ ਸਕੀਮਾਂ ਦਾ ਵਧ ਤੋਂ ਵਧ ਲਾਹਾ ਲੈਣ ਲਈ ਪ੍ਰੇਰਦਿਆਂ ਕਿਹਾ ਕਿ ਗਰੀਬੀ ਤੋਂ ਰੇਖਾ ਤੋਂ ਹੇਠਾਂ ਰਹਿ ਰਹੇ ਅਨੁਸੂਚਿਤ ਜਾਤੀ ਦੇ ਬੇਰੋਜ਼ਗਾਰ ਨੌਜਵਾਨ ਉਕਤ ਸਕੀਮ ਦਾ ਲਾਭ ਲੈ ਕੇ ਆਪਣੇ ਪੈਰਾਂ ਤੇ ਖੜੇ ਹੋਣ ਅਤੇ ਆਤਮ ਨਿਰਭਰ ਹੋ ਕੇ ਸੂਬੇ ਦੇ ਵਿਕਾਸ ਵਿਚ ਯੋਗਦਾਨ ਪਾਉਣ।

Send this to a friend