May 11, 2026 7:02 pm

ਬਦਲਦੇ ਸਮੇਂ ਨਾਲ ਬਦਲਿਆ ਜ਼ਮਾਨਾ-ਮਤਲਬ ਲਈ ਰੱਖਿਆ ਜਾਂਦਾ ਹੈ ਕੋਈ ਵੀ ਰਿਸ਼ਤਾ

ਜਦੋਂ ਵੀ ਕੰਮ ਤੋਂ ਫ਼੍ਰੀ ਹੋ ਕੇ ਆਪਣੇ ਮਾਤਾ ਪਿਤਾ ਨਾਲ ਗੱਲਾਂ ਕਰਦਾ ਹਾਂ ਤਾ ਦਿਲ ਨੂੰ ਬਹੁਤ ਸਕੂਨ ਮਿਲਦਾ ਹੈ, ਮਾਤਾ ਪਿਤਾ ਵੱਲੋਂ ਹਮੇਸ਼ਾਂ ਵਧੀਆ ਅਤੇ ਹਰ ਇੱਕ ਦੀ ਮਦਦ ਕਰਨ ਲਈ ਪ੍ਰ੍ਯੇਰਿਤ ਕੀਤਾ ਜਾਂਦਾ ਹੈ ਅਤੇ ਇੰਨ੍ਹਾਂ ਗੱਲਾਂ ਨੂੰ ਮੈਂ ਹਮੇਸ਼ਾ ਆਪਣੇ ਪੱਲੇ ਨਾਲ ਬੰਨਕੇ ਰੱਖਦਾ ਹਾਂ। ਮੇਰੇ ਮਾਤਾ ਪਿਤਾ ਵੱਲੋਂ ਜਦੋਂ ਉਨ੍ਹਾਂ ਦੇ ਪੁਰਾਣੇ ਸਮਿਆਂ ਦੀਆਂ ਗੱਲਾਂ ਸੁਣਾਈਆਂ ਜਾਂਦੀਆਂ ਹਨ ਤਾਂ ਮੈਨੂੰ ਇਸ ਤਰ੍ਹਾਂ ਜਾਪਦਾ ਹੈ ਕਿ ਉਹ ਸਮਾਂ ਚੱਲ ਰਹੇ ਸਮੇਂ ਨਾਲੋ ਜ਼ਿਆਦਾ ਠੀਕ ਸੀ। ਅੱਜ ਦਾ ਜੋ ਸਮਾਂ ਹੈ ਬਹੁਤ ਹੀ ਬੁਰਾ ਹੈ, ਹਰ ਕੋਈ ਮਤਲਬ ਲਈ ਰਿਸ਼ਤਾ ਰੱਖਦਾ ਹੈ। ਜਦੋਂ ਮਤਲਬ ਨਿਕਲ ਜਾਂਦਾ ਹੈ ਤਾਂ ਅੱਗੇ ਤੁਰਦਾ ਬਣਦਾ ਹੈ। ਪੁਰਾਣੇ ਸਮੇਂ ਵਿੱਚ ਕੋਈ ਵੀ ਰਿਸ਼ਤਾ ਮਤਲਬ ਲਈ ਨਹੀਂ ਰੱਖਿਆ ਜਾਂਦਾ ਸੀ, ਸਗੋਂ ਮੋਹ ਪਿਆਰ ਲਈ ਰੱਖਿਆ ਜਾਂਦਾ ਸੀ। ਮੇਰੀ ਮਾਂ ਦੱਸਦੀ ਹੁੰਦੀ ਹੈ ਕਿ ਪੁਰਾਣਾ ਸਮਾਂ ਬਹੁਤ ਹੀ ਸੰਗ ਅਤੇ ਸ਼ਰਮ ਵਾਲਾ ਸੀ। ਘਰ ਦੀ ਨੂੰਹ ਨੇ ਜਦੋਂ ਵੀ ਆਪਣੇ ਸੱਸ ਜਾਂ ਸਹੁਰੇ ਸਾਹਮਣੇ ਜਾਣਾ ਤਾਂ ਘੁੰਡ ਲੈ ਕੇ ਜਾਂਦੀ ਸੀ, ਜੇਕਰ ਸੱਸ ਵੱਲੋਂ ਨੂੰਹ ਨੂੰ ਝਿੜਕਿਆ ਵੀ ਜਾਂਦਾ ਤਾਂ ਨੂੰਹ ਸਭ ਕੁਝ ਬਰਦਾਸ਼ਤ ਕਰ ਲੈਂਦੀ ਸੀ। ਜਦੋਂ ਕੁੜੀਆਂ ਨੇ ਆਪਣੇ ਪੇਕੇ ਘਰ ਜਾਣਾ ਤਾਂ ਆਪਣੀਆਂ ਸਖੀਆਂ ਸਹੇਲੀਆਂ ਨਾਲ ਖੁੱਲਕੇ ਗੱਲਾਂਬਾਤਾਂ ਕਰਨੀਆਂ ਅਤੇ ਪੀਂਘਾਂ ਦੇ ਝੂਟਿਆਂ ਦਾ ਆਨੰਦ ਮਾਣਿਆ ਜਾਂਦਾ ਸੀ। ਪ੍ਰੰਤੂ ਅੱਜ ਦੇ ਸਮੇਂ ਵਿੱਚ ਸਭ ਕੁਝ ਉਲਟ ਹੈ। ਅੱਜ ਦੇ ਸਮੇਂ ਵਿੱਚ ਸੰਗ ਸ਼ਰਮਾ ਤਾਂ ਗਾਇਬ ਹੋ ਹੀ ਗਈ ਹੈ ਅਤੇ ਨੂੰਹਾਂ ਵੱਲੋਂ ਆਪਣੀਆਂ ਸੱਸਾਂ ਨੂੰ ਕੁਝ ਵੀ ਨਹੀਂ ਸਮਝਿਆ ਜਾਂਦਾ ਅਤੇ ਮੂਹਰੇ ਮੂਹਰੇ ਜਵਾਬ ਦਿੱਤੇ ਜਾਂਦੇ ਹਨ। ਘਰ ਵਿੱਚ ਰਹਿੰਦੇ ਬਜ਼ੁਰਗਾਂ ਦੀ ਗੱਲ ਨੂੰ ਵੀ ਨਹੀਂ ਸੁਣਿਆਂ ਜਾਂਦਾ। ਜਿਸ ਕਰਕੇ ਬਜ਼ੁਰਗਾਂ ਨੂੰ ਅਖੀਰ ਆਪਣੀ ਚੁੱਪ ਧਾਰਕੇ ਬੈਠਣਾ ਪੈਂਦਾ ਹੈ। ਉਨ੍ਹਾਂ ਸਮਿਆਂ ਵਿੱਚ ਮੇਰੀ ਮਾਂ ਦੱਸਦੀ ਹੁੰਦੀ ਹੈ ਜੇਕਰ ਪਰਿਵਾਰ ਨੇ ਰੋਟੀ ਖਾਣੀ ਹੁੰਦੀ ਤਾਂ ਇਕੱਠੇ ਬੈਠਕੇ ਖਾਂਦੇ ਸਨ ਅਤੇ ਮੰਜੀਆਂ ਤੇ ਪੈਂਦੇ ਸਨ, ਪ੍ਰੰਤੂ ਅੱਜ ਦੇ ਸਮੇਂ ਵਿੱਚ ਬੱਚਿਆਂ ਦਾ ਅਲੱਗ ਰੂਮ ਹੈ ਅਤੇ ਇਕੱਠੇ ਬੈਠਣਾ ਤਾਂ ਦੂਰ ਬੱਚੇ ਹਮੇਸ਼ਾਂ ਆਪਣੇ ਮੋਬਾਇਲ ਵਿੱਚ ਹੀ ਮਸਤ ਰਹਿੰਦੇ ਹਨ ਅਤੇ ਆਪਣੀ ਦਾਦੀ ਮਾਂ ਜਾਂ ਮਾਤਾ ਪਿਤਾ ਕੋਲ ਬੈਠਣਾ ਜ਼ਰੂਰੀ ਨਹੀਂ ਸਮਝਦੇ। ਅੱਜ ਦਾ ਜੋ ਯੁੱਗ ਹੈ ਉਹ ਮਾਡਰਨ ਯੁੱਗ ਬਣ ਗਿਆ ਹੈ, ਜੇਕਰ ਮਾਂ ਬਾਪ ਜਾਂ ਬਜ਼ੁਰਗ ਬੱਚਿਆਂ ਨੂੰ ਸਹੀ ਸੇਧ ਦੇਣ ਦੀ ਗੱਲ ਆਖਦੇ ਹਨ ਤਾਂ ਬੱਚਿਆਂ ਵੱਲੋਂ ਗੱਲ ਤੇ ਕੋਈ ਗੌਰ ਨਹੀ ਕੀਤਾ ਜਾਂਦਾ ਅਤੇ ਧੋਖਾ ਖਾਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਸਿਆਣੇ ਗੱਲ ਸੱਚ ਹੀ ਕਹਿੰਦੇ ਸਨ, ਕਿਉਂਕਿ ਸਿਆਣਿਆਂ ਨੇ ਆਪਣੀ ਉਮਰ ਹੰਢਾਈ ਹੁੰਦੀ ਹੈ। ਸੋਂ ਭਾਵੇਂ ਅਸੀ ਅੱਜ ਮਾਡਰਨ ਸਮੇਂ ਵਿੱਚ ਹਾਂ ਸਾਨੂੰ ਕਿਸੇ ਨਾਲ ਵੀ ਕੋਈ ਰਿਸ਼ਤਾ ਮਤਲਬ ਨਹੀਂ ਰੱਖਣਾ ਚਾਹੀਦਾ ਬਲਕਿ ਉਸਦਾ ਦਰਦ ਸਮਝਕੇ ਉਸਦੀ ਸਹਾਇਤਾ ਕਰਨੀ ਚਾਹੀਦੀ ਹੈ।
ਜੇਕਰ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਸਾਡੇ ਮਨ ਨੂੰ ਬਹੁਤ ਹੀ ਜ਼ਿਆਦਾ ਸਕੂਨ ਮਿਲੇਗਾ ਅਤੇ ਸਾਡਾ ਆਪਸੀ ਭਾਈਚਾਰੇ ਦੇ ਨਾਲ ਨਾਲ ਮੋਹ ਪਿਆਰ ਵੀ ਵਧੇਗਾ। ਸਾਨੂੰ ਹਮੇਸ਼ਾਂ ਹੀ ਮਾਤਾ ਪਿਤਾ ਅਤੇ ਸਿਆਣੇ ਬਜ਼ੁਰਗਾਂ ਦੀ ਗੱਲ ਨੂੰ ਮੰਨਕੇ ਕੋਈ ਵੀ ਕੰਮ ਕਰਨਾ ਚਾਹੀਦਾ ਹੈ। ਜੇਕਰ ਅਸੀਂ ਇਸ ਤਰ੍ਹਾਂ ਕਰਾਂਗਾ ਤਾਂ ਅਸੀ ਜਿੰਦਗੀ ਵਿੱਚ ਜਰੂਰ ਸਫ਼ਲ ਹੋਵਾਂਗੇ।

Send this to a friend