May 12, 2026 4:00 am

ਅੰਤ੍ਰਿਮ ਬਜਟ ’ਚ 5 ਲੱਖ ਤੱਕ ਆਮਦਨ ਕਰ ਦੀ ਛੋਟ

ਮੋਦੀ ਸਰਕਾਰ ਦਾ ਆਖਰੀ ਬਜਟ ਪਿਊਸ਼ ਗੋਇਲ ਵੱਲੋਂ ਪੇਸ਼ ਝ 12 ਕਰੋੜ ਕਿਸਾਨਾਂ ਨੂੰ ਸਾਲਾਨਾ 6 ਹਜ਼ਾਰ ਰੁਪਏ ਮਿਲਣਗੇ

ਨਵੀਂ ਦਿੱਲੀ, 1 ਫ਼ਰਵਰੀ- ਮੋਦੀ ਸਰਕਾਰ ਨੇ ਲੋਕ ਸਭਾ ਚੋਣਾਂ ਦੇ ਮਦੇਨਜ਼ਰ ਕਿਸਾਨਾਂ, ਅਸੰਗਠਿਤ ਖੇਤਰ ਦੇ ਕਿਰਤੀਆਂ, ਨੌਕਰੀਪੇਸ਼ਾ ਲੋਕਾਂ ਲਈ ਆਪਣਾ ਖਜ਼ਾਨਾ ਖੋਲ੍ਹਦੇ ਹੋਏ ਅਗਲੇ ਵਿਤੀ ਸਾਲ ਦੇ ਆਖਰੀ ਅੰਤ੍ਰਿਮ ਬਜਟ ਵਿਚ ਐਲਾਨਾਂ ਦੀ ਝੜੀ ਲਗਾ ਦਿਤੀ ਹੈ। ਕਾਰਜਕਾਰੀ ਵਿਤ ਮੰਤਰੀ ਪਿਯੂਸ਼ ਗੋਇਲ ਨੇ ਲੋਕ ਸਭਾ ਵਿਚ ਆਖਰੀ ਅੰਤ੍ਰਿਮ ਬਜਟ ਪੇਸ਼ ਕਰਦੇ ਹੋਏ ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਮਦਦ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਫੰਡ ਬਣਾਉਣ ਦਾ ਐਲਾਨ ਕੀਤਾ, ਜਿਸਦੇ ਤਹਿਤ ਦੋ ਹੈਕਟੇਅਰ ਤਕ ਦੀ ਜੋਤ ਵਾਲੇ ਕਿਸਾਨਾਂ ਨੂੰ ਸਾਲਾਨਾ ਛੇ ਹਜ਼ਾਰ ਕਰੋੜ ਰੁਪਏ ਦੀ ਮਦਦ ਦਿਤੀ ਜਾਵੇਗੀ। ਵਿਤ ਮੰਤਰੀ ਨੇ ਦਸਿਆ ਕਿ ਇਹ ਯੋਜਨਾ ਬੀਤੀ 1 ਦਸੰਬਰ ਤੋਂ ਲਾਗੂ ਮੰਨੀ ਜਾਵੇਗੀ।
ਕੇਂਦਰੀ ਮੰਤਰੀ ਪਿਯੂਸ਼ ਗੋਇਲ ਵਲੋਂ ਪੇਸ਼ ਬਜਟ ਮੁਤਾਬਿਕ ਮਨਰੇਗਾ ਲਈ 60 ਹਜ਼ਾਰ ਕਰੋੜ ਰੁਪਏ ਦੀ ਵੰਡ ਕੀਤੀ ਗਈ ਹੈ। ‘ਸੌਭਾਗਿਆ’ ਯੋਜਨਾ ਤਹਿਤ ਮਾਰਚ 2019 ਤਕ ਸਾਰੇ ਪਰਿਵਾਰਾਂ ਨੂੰ ਬਿਜਲੀ ਦਾ ਕੁਨੈਕਸ਼ਨ ਦਿਤਾ ਜਾਏਗਾ। ਵਿਤ ਮੰਤਰੀ ਗੋਇਲ ਨੇ ਦਸਿਆ ਕਿ ਗਰੀਬਾਂ ਲਈ ਸਰਕਾਰੀ ਨੌਕਰੀਆਂ ਤੇ ਸਿਖਿਆ ਵਿਚ 10 ਫ਼ੀਸਦੀ ਰਾਖਵਾਂਕਰਨ ਲਾਗੂ ਹੋਣ ਨਾਲ ਹੋਰ ਰਾਖਵੇਂ ’ਤੇ ਅਸਰ ਨਾ ਪਵੇ, ਇਸ ਲਈ ਸੰਸਥਾਵਾਂ ਵਿਚ ਕਰੀਬ 2 ਲਖ ਹੋਰ ਸੀਟਾਂ ਉਪਲਬਧ ਕਰਵਾਈਆਂ ਜਾਣਗੀਆਂ। ਦਿਹਾਤੀ ਖੇਤਰਾਂ ਵਿਚ 12 ਲਖ ਲੋਕ ਡਿਜੀਟਲ ਖੇਤਰ ’ਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਵਿਤ ਮੰਤਰੀ ਨੇ ਦਸਿਆ ਕਿ ਅਗਲੇ ਪੰਜ ਸਾਲਾਂ ਅੰਦਰ ਇਕ ਲਖ ਡਿਜੀਟਲ ਪਿੰਡ ਬਣਨਗੇ। ਉਨ੍ਹਾਂ ਦਸਿਆ ਕਿ ਪੇਂਡੂ ਖੇਤਰਾਂ ਵਿਚ 5 ਸਾਲਾਂ ’ਚ 35 ਕਰੋੜ ਜਨਧਨ ਖ਼ਾਤੇ ਖੋਲ੍ਹੇ ਗਏ ਹਨ। ਇਨ੍ਹਾਂ ਨਾਲ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਲੈਣਾ ਸੌਖਾ ਹੋ ਗਿਆ ਹੈ। ਇਸ ਤੋਂ ਇਲਾਵਾ ਬਜਟ ਭਾਸ਼ਣ ਦੌਰਾਨ ਗੋਇਲ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਫੰਡ ਦਾ ਵੀ ਐਲਾਨ ਕੀਤਾ। ਇਸ ਵਿਚ ਦੋ ਹੈਕਟੇਅਰ (ਕਰੀਬ 5 ਏਕੜ) ਤਕ ਦੀ ਜ਼ਮੀਨ ਵਾਲੇ ਕਿਸਾਨਾਂ ਨੂੰ
ਹਰ ਸਾਲ 6 ਹਜ਼ਾਰ ਰੁਪਏ (500 ਰੁਪਏ ਪ੍ਰਤੀ ਮਹੀਨਾ) ਦੀ ਆਰਥਕ ਮਦਦ ਦਿਤੀ ਜਾਏਗੀ। ਇਹ ਰਕਮ ਸਿਧਾ ਕਿਸਾਨਾਂ ਦੇ ਖ਼ਾਤਿਆਂ ਵਿਚ ਪਾਈ ਜਾਏਗੀ।
ਮਜ਼ਦੂਰਾਂ ਲਈ ਪੈਨਸ਼ਨ ਦਾ ਐਲਾਨ- ਵਿਤ ਮੰਤਰੀ ਪਿਯੂਸ਼ ਗੋਇਲ ਨੇ ਬਜਟ ਭਾਸ਼ਣ ਵਿਚ ‘ਪ੍ਰਧਾਨ ਮੰਤਰੀ ਕਿਰਤ ਯੋਗੀ ਮਾਨਧਨ ਯੋਜਨਾ’ ਦਾ ਐਲਾਨ ਕੀਤਾ। ਗੋਇਲ ਨੇ ਕਿਹਾ ਕਿ ਇਸ ਯੋਜਨਾ ਨਾਲ 10 ਕਰੋੜ ਕਾਮਿਆਂ ਨੂੰ ਲਾਹਾ ਮਿਲੇਗਾ। ਉਨ੍ਹਾਂ ਦਾਅਵਾ ਕੀਤਾ ਕਿ ਇਹ ਅਗਲੇ ਪੰਜ ਸਾਲਾਂ ਵਿਚ ਅਸੰਗਠਿਤ ਖੇਤਰ ਲਈ ਵਿਸ਼ਵ ਦੀ ਸਭ ਤੋਂ ਵਡੀ ਪੈਨਸ਼ਨ ਯੋਜਨਾ ਬਣ ਸਕਦੀ ਹੈ। ਇਸ ਯੋਜਨਾ ਤਹਿਤ ਕਾਮਿਆਂ ਨੂੰ 60 ਸਾਲ ਦੀ ਉਮਰ ਦੇ ਬਾਅਦ 3 ਹਜ਼ਾਰ ਰੁਪਏ ਦੀ ਮਾਸਿਕ ਪੈਨਸ਼ਨ ਦਿਤੀ ਜਾਏਗੀ। ਇਸ ਯੋਜਨਾ ਲਈ ਕਾਮਿਆਂ ਨੂੰ ਹਰ ਮਹੀਨੇ 100 ਰੁਪਏ ਦਾ ਯੋਗਦਾਨ ਦੇਣਾ ਪਏਗਾ। ਵਿਤ ਮੰਤਰੀ ਨੇ ਸਪਸ਼ਟ ਕੀਤਾ ਕਿ ਜੇ ਕਾਰਜਕਾਲ ਦੌਰਾਨ ਕਿਸੇ ਕਾਮੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਲਈ 2.5 ਲਖ ਰੁਪਏ ਤੋਂ ਵਧਾ ਕੇ 6 ਲਖ ਰੁਪਏ ਦੀ ਸਹਾਇਤਾ ਦੀ ਵਿਵਸਥਾ ਕੀਤੀ ਗਈ ਹੈ।
ਹਰਿਆਣਾ ਨੂੰ ਮਿਲਿਆ ਦੇਸ਼ ਦਾ 22ਵਾਂ ਏਮਜ਼- ਵਿਤ ਮੰਤਰੀ ਪਿਯੂਸ਼ ਗੋਇਲ ਨੇ ਇਕ ਨਵੇਂ ਏਮਜ਼ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਬਜਟ ਭਾਸ਼ਣ ’ਚ ਕਿਹਾ ਕਿ ਦੇਸ਼ ਦਾ 22ਵਾਂ ਏਮਜ਼ ਹਰਿਆਣਾ ’ਚ ਬਣਾਇਆ ਜਾਵੇਗਾ। ਬਜਟ ਦੌਰਾਨ ਵਿਤ ਮੰਤਰੀ ਪਿਯੂਸ਼ ਗੋਇਲ ਨੇ ਆਯੂਸ਼ਮਾਨ ਭਾਰਤ ਯੋਜਨਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਹ ਦੁਨੀਆ ਦੀ ਸਭ ਤੋਂ ਵਡੀ ਹੈਲਥ ਸਕੀਮ ਹੈ। ਵਿਤ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਨਾਲ ਦੇਸ਼ ਦੇ 50 ਕਰੋੜ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ। ਵਿਤ ਮੰਤਰੀ ਮੁਤਾਬਿਕ ਹੁਣ ਤਕ 10 ਲਖ ਲੋਕ ਇਸ ਸਕੀਮ ਦਾ ਫਾਇਦਾ ਚੁਕ ਰਹੇ ਹਨ। ਇਸ ਸਕੀਮ ਦਾ ਫਾਇਦਾ ਦਸਦੇ ਹੋਏ ਉਨ੍ਹਾਂ ਕਿਹਾ ਕਿ ਇਸ ਨਾਲ ਗਰੀਬ ਲੋਕਾਂ ਨੂੰ 3 ਹਜ਼ਾਰ ਕਰੋੜ ਰੁਪਏ ਦਾ ਫਾਇਦਾ ਹੋਇਆ ਹੈ।

Send this to a friend