ਪਾਕਿਸਤਾਨ ਦੀ ਸਰਕਾਰ ਵੱਲੋਂ ਵਜ਼ੀਰ-ਏ-ਆਜ਼ਮ ਜਨਾਬ ਇਮਰਾਨ ਖਾਨ ਦੀ ਅਗਵਾਈ ਹੇਠ ਸਿੱਖ ਭਾਈਚਾਰੇ ਦੇ ਹਿੱਤਾਂ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ। ਉਨ੍ਹਾਂ ਦੀ ਅਗਵਾਈ ਹੇਠ ਸਰਕਾਰ ਵੱਲੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਭਾਰਤ ਦੀ ਸਰਹੱਦ ਤੱਕ ਲਾਂਘੇ ਦੀ ਪ੍ਰਵਾਨਗੀ ਦਿੱਤੀ ਗਈ। ਸਰਕਾਰ ਗੁਰਦੁਆਰਿਆਂ ਦੇ ਪ੍ਰਬੰਧ ਵੱਲ ਵੀ ਵਿਸ਼ੇਸ਼ ਤਵੱਜੋਂ ਦੇ ਰਹੀ ਹੈ। ਇਸ ਦੇ ਨਾਲ ਹੀ ਪਹਿਲੀ ਵਾਰ ਸਿੱਖ ਵਿਰਾਸਤ ਦੀ ਸਾਂਭ ਸੰਭਾਲ ਲਈ ਨਵੇਂ ਉਦਮ ਆਰੰਭੇ ਗਏ ਹਨ। ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਨਾਲ ਸਬੰਧਤ ਕਿਲ੍ਹੇ ਅਤੇ ਅਜਾਇਬ ਘਰ ਦੀ ਸਾਂਭ-ਸੰਭਾਲ ਨੂੰ ਹੋਰ ਬੇਹਤਰ ਬਣਾਉਣ ਦਾ ਫੈਸਲਾ ਲਿਆ ਗਿਆ। ਹੁਣ ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖ਼ਵਾ ਦੇ ਸ਼ਹਿਰ ਹਰੀਪੁਰ ’ਚ 35420 ਵਰਗ ਫੁਟ ’ਚ ਬਣੇ ਹਰੀ ਸਿੰਘ ਨਲੂਆ ਦੇ ਇਤਿਹਾਸਕ ਕਿਲ੍ਹਾ ਹਰਿਕਿਸ਼ਨਗੜ੍ਹ ਨੂੰ ਅਜਾਇਬਘਰ ’ਚ ਤਬਦੀਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।ਇਤਿਹਾਸਕ ਕਿਲ੍ਹੇ ਨੂੰ ਪੁਰਾਤਤਵ ਵਿਭਾਗ ਦੇ ਸਪੁਰਦ ਕਰਨ ਲਈ ਵਿਭਾਗ ਵਲੋਂ ਸੂਬੇ ਦੇ ਮੁਖ ਮੰਤਰੀ ਮਹਿਮੂਦ ਖ਼ਾਨ ਨੂੰ ਪਤਰ ਲਿਖਿਆ ਹੈ।ਪੁਰਾਤਤਵ ਵਿਭਾਗ ਨੇ ਸਿਖ ਰਾਜ ਦੀ ਇਸ ਧਰੋਹਰ ਨੂੰ ਅਜਾਇਬਘਰ ’ਚ ਤਬਦੀਲ ਕੀਤੇ ਜਾਣ ਦੀ ਮੰਗ ਕੀਤੀ ਸੀ।ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਸ: ਹਰੀ ਸਿੰਘ ਨਲਵਾ ਦੁਆਰਾ ਵਸਾਇਆ ਸ਼ਹਿਰ ਹਰੀਪੁਰ ਮੌਜੂਦਾ ਸਮੇਂ ਇਸਲਾਮਾਬਾਦ ਤੋਂ 65 ਕਿਲੋਮੀਟਰ ਦੀ ਦੂਰੀ ’ਤੇ ਆਬਾਦ ਹੈ। ਸ: ਨਲੂਆ ਨੇ ਸੰਨ 1822-23 ’ਚ ਇਹ ਸ਼ਹਿਰ ਵਸਾਇਆ ਅਤੇ ਇਸ ਦੇ ਚਾਰੋਂ ਪਾਸੇ ਚਾਰ ਗਜ਼ ਚੌੜੀ ਅਤੇ 16 ਗਜ਼ ਉਚੀ ਪਕੀ ਫ਼ਸੀਲ ਬਣਵਾਈ, ਜਿਸ ’ਚ ਥੋੜ੍ਹੀ-ਥੋੜ੍ਹੀ ਦੂਰੀ ’ਤੇ ਚਾਰ ਦਰਵਾਜ਼ੇ ਵੀ ਬਣਵਾਏ ਗਏ ਸਨ। ਹਜ਼ਾਰਾ ਦੀ ਗਵਰਨਰੀ ਸਮੇਂ ਸ. ਨਲਵਾ ਨੇ ਹਜ਼ਾਰਾ ਦੀਆਂ ਲੜਾਕੀਆਂ ਕੌਮਾਂ ਤਰੀਨ, ਤਾਰਖ਼ਲੀ, ਉਤਸਾਨਜ਼ਈ ਅਤੇ ਮਸ਼ਵਾਨੀ ਖੇਲ੍ਹਾ ਨੂੰ ਹਾਰ ਦੇਣ ਤੋਂ ਬਾਅਦ ਸ਼ਹਿਰ ਤੋਂ ਲਗਪਗ ਡੇਢ ਕਿਲੋਮੀਟਰ ਦੀ ਦੂਰੀ ’ਤੇ ਇਕ ਮਜ਼ਬੂਤ ਕਿਲ੍ਹੇ ਦਾ ਨਿਰਮਾਣ ਕਰਵਾ ਕੇ ਉਸ ਦਾ ਨਾਂਅ ਸ੍ਰੀ ਗੁਰੂ ਹਰਿਕਿਸ਼ਨ ਸਾਹਿਬ ਦੇ ਨਾਂਅ ’ਤੇ ‘ਕਿਲ੍ਹਾ ਹਰਿਕਿਸ਼ਨਗੜ੍ਹ’ ਰਖਿਆ। ਸਿਖ ਰਾਜ ਦੀ ਸਮਾਪਤੀ ਤੋਂ ਬਾਅਦ ਸੰਨ 1849 ਤੋਂ ਸੰਨ 1853 ਤਕ ਬ੍ਰਿਟਿਸ਼ ਸ਼ਾਸਨ ਸਮੇਂ ਇਹ ਕਿਲ੍ਹਾ ਹਜ਼ਾਰਾ ਦਾ ਹੈਡਕੁਆਰਟਰ ਰਿਹਾ। ਮੌਜੂਦਾ ਸਮੇਂ ਸੰਭਾਲ ਨਾ ਰਖੇ ਜਾਣ ਕਾਰਨ ਕਿਲ੍ਹਾ ਹਰਿਕਿਸ਼ਨਗੜ੍ਹ ਦੀ ਇਮਾਰਤ ਖਸਤਾ ਹਾਲਤ ਹੋ ਗਈ ਹੈ ਅਤੇ ਖ਼ੂਬਸੂਰਤ ਦਰਵਾਜ਼ੇ ਤਿੰਨ-ਚਾਰ ਫੁਟ ਤਕ ਜ਼ਮੀਨ ’ਚ ਧਸ ਚੁਕੇ ਹਨ। ਇਹ ਚੰਗੀ ਗੱਲ ਹੈ ਕਿ ਸਰਕਾਰ ਨੇ ਸਮੇਂ ਸਿਰ ਫੈਸਲਾ ਲੈ ਕੇ ਇਸ ਬੇਹੱਦ ਮਹੱਤਵਪੂਰਨ ਸਿੱਖ ਵਿਰਾਸਤ ਨੂੰ ਸਾਂਭਣ ਦੇ ਯਤਨ ਆਰੰਭੇ ਹਨ। ਸਿੱਖ ਭਾਈਚਾਰਾ ਇਸ ਲਈ ਸਰਕਾਰ ਅਤੇ ਵਜ਼ੀਰ-ਏ-ਆਜ਼ਮ ਦਾ ਰਿਣੀ ਰਹੇਗਾ। ਸਿੱਖ ਵਿਰਾਸਤ ਨਾਲ ਸਬੰਧਤ ਹੋਰ ਇਮਾਰਤਾਂ ਅਤੇ ਪੁਰਾਤਨ ਗੁਰਦੁਆਰਾ ਸਾਹਿਬਾਨ ਦੀ ਸਾਂਭ-ਸੰਭਾਲ ਲਈ ਵੀ ਹੋਰ ਵੱਡੇ ਯਤਨਾਂ ਦੀ ਜ਼ਰੂਰਤ ਹੈ।
– ਬਲਜੀਤ ਸਿੰਘ ਬਰਾੜ