ਹਾਲ-ਏ-ਮਾਛੀਵਾੜਾ: ਕੌਣ ਆਖੇ ਰਾਣੀਏ ਅੱਗਾ ਢੱਕ

ਸ੍ਰੀ ਮਾਛੀਵਾੜਾ ਸਾਹਿਬ- ਇਸ ਵਕਤ ਲਵਾਰਿਸਾਂ ਵਾਲੀ ਜਿੰਦਗੀ ਕਟ ਰਿਹਾ ਹੈ ਇਤਿਹਾਸਕ ਨਗਰ ਸ੍ਰੀ ਮਾਛੀਵਾੜਾ ਸਾਹਿਬ ਕਿਉਂਕਿ ਇਹਦੀਆਂ ਸਮਸਿਆਵਾਂ ਦੀ ਲਿਸਟ ਬੜੀ ਲੰਮੀ ਏ ਪਰ ਇਹਦੀ ਸੁਣਨ ਵਾਲਾ ਕੋਈ ਨਹੀਂ !,ਲੋਕ ਪੁਛਦੇ ਨੇ ਸਮੇਂ ਦੇ ਹਾਕਮਾਂ ਨੂੰ ਕਿ ਅਸੀਂ ਤੁਹਾਨੂੰ ਵੋਟਾਂ ਪਾ ਕੇ ਕਿਹੜੀ ਗਲਤੀ ਕਰ ਲਈ ਕਿ ਸਾਨੂੰ ਹੁਣ ਪਛਤਾਉਣਾ ਪੈ ਰਿਹਾ ! ਜੇ ਅਜ ਗਲ ਸਿਰਫ ਸ਼ਹਿਰ ਦੇ ਸ਼ੜਕੀ ਢਾਂਚੇ ਦੀ ਹੀ ਕਰੀਏ ਤਾਂ ਉਹ ਬੁਰੀ ਤਰ੍ਹਾਂ ਤਬਾਹ ਹੋ ਚੁਕਾ,ਸ਼ਹਿਰ ਵਿਚੋਂ ਲੰਘਦੇ ਹਾਈਵੇ ਖੰਨਾ-ਰਾਹੋਂ ਰੋਡ ਦੀ ਹਾਲਤ ਤਾਂ ਆਈਂ ਸੀ ਯੂ ਚ ਪਏ ਉਸ ਮਰੀਜ਼ ਵਰਗੀ ਹੈ ਕਿ ਜਿਸ ਦੇ ਬਚਣ ਦੇ ਚਾਨਸ ਘਟ ਹਨ ! ਏਸ ਰੋਡ ਨੇ ਸ਼ਹਿਰ ਵਾਸੀਆਂ ਦੀਆਂ ਲੇਲੜੀਆਂ ਕਢਾਈਆ ਪਈਆਂ ਹਨ,ਇਸ ਨੂੰ ਬਣਵਾਉਣ ਲਈ ਹਰ ਹਰਬਾ ਵਰਤ ਕੇ ਵੇਖ ਲਿਆ ਪਰ ਹਾਕਮਾਂ ਜਾਂ ਅਫਸਰਸ਼ਾਹੀ ਦੇ ਕੰਨਾਂ ਤੇ ਜੂੰ ਨਹੀਂ ਸਰਕੀ,ਲੰਮੇ ਸੰਘਰਸ਼ ਬਾਅਦ ਸੂਬੇ ਦਾ ਲੋਕ ਨਿਰਮਾਣ ਮੰਤਰੀ ਸੜਕ ਦੀ ਮੁਰੰਮਤ ਕਰਨ ਦਾ ਉਦਘਾਟਨ ਕਰ ਕੇ ਅਖਬਾਰਾਂ ਵਿਚ ਫੋਟੋਆਂ ਵੀ ਲਵਾ ਗਿਆ ਪਰ ਮੰਤਰੀ ਸਾਹਿਬ ਦੇ ਪਿਛੇ ਈ ਡੰਗ ਸਾਰਨ ਲਈ ਲਿਆਂਦੇ ਵਿਭਾਗ ਦੇ ਮੁਲਾਜ਼ਮ ਵੀ ਅਜਿਹੇ ਖਿਸਕੇ ਕਿ ਮੁੜ ਆਏ ਈ ਨਹੀਂ । ਏਸੇ ਤਰ੍ਹਾਂ ਸ਼ਹਿਰ ਦੇ ਅੰਦਰ ਦੀ ਲੰਘਦਾ ਲੁਧਿਆਣਾ ਰੋਪੜ ਰੋਡ ਗਨੀ ਖਾਂ ਨਬੀ ਖਾਂ ਗੇਟ ਤੋਂ ਲੈ ਕੇ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਤਕ ਟੁਟ ਕੇ ਖਿੰਡ ਚੁਕਾ,ਹਰ ਰੋਜ਼ ਕੋਈ ਨਾ ਕੋਈ ਰਾਹਗੀਰ ਜਖਮੀ ਹੁੰਦਾ ਤੇ ਲੰਘੇ ਦੋ ਦਿਨ ਪਹਿਲਾਂ ਸ਼ਹਿਰ ਦਾ ਸਤਾਧਾਰੀ ਧਿਰ ਨਾਲ ਸੰਬੰਧਤ ਇਕ ਐਮ ਸੀ ਏਸੇ ਸੜਕ ਦੇ ਡਿਗ ਕੇ ਪਲਸਤਰ ਲਵਾਈ ਬੈਠਾ ,ਹਾਲਾਂਕਿ ਇਸ ਸੜਕ ਦਾ ਪੰਜ ਸਾਲ ਦੀ ਦੇਖ ਭਾਲ ਸੰਬੰਧਤ ਠੇਕੇਦਾਰ ਦੀ ਹੈ ਪਰ ਠੇਕੇਦਾਰ ਸਾਹਿਬ ਸਰਕਾਰ ਨੂੰ ਟਿਚ ਨਹੀਂ ਸਮਝਦੇ! ਸਰਕਾਰਾਂ ਦੇ ਨੁਮਾਇੰਦੇ ਜਾਂ ਅਫਸਰਸ਼ਾਹੀ ਏਨੀ ਢੀਠ ਹੁੰਦੀ ਹੈ ਏਨਾ ਇਲਮ ਨਹੀਂ ਸੀ ਪਰ ਇਹਨਾਂ ਤੋਂ ਵਧ ਕਸੂਰਵਾਰ ਉਹ ਲੀਡਰ ਨੇ ਜਿਹੜੇ ਸੜਕ ਦੀ ਮਾੜੀ ਹਾਲਤ ਬਾਰੇ ਆਪਣੇ ਸਿਆਸੀ ਅਕਾਂਵਾ ਨਾਲ ਗਲ ਵੀ ਨਹੀਂ ਕਰ ਸਕਦੇ ਤੇ ਨਾਂ ਹੀ ਆਪਣੀ ਸਰਕਾਰ ਵਿਰੁਧ ਕੋਈ ਬਿਆਨ ਦੇਣ ਨੂੰ ਤਿਆਰ ਹਨ,ਜਦ ਸਰਕਾਰਾਂ ਨੇ ਕੰਮ ਈ ਨਹੀਂ ਕਰਨਾ ਫਿਰ ਵੋਟ‘ ਤੰਤਰ ਕਿਉਂ । ਜਿਸ ਸ਼ਹਿਰ ਦੇ ਲੀਡਰ ਆਪਣੇ ਸ਼ਹਿਰ ਦੀਆਂ ਮੁਸ਼ਕਲਾਂ ਨੂੰ ਹਲ ਕਰਨ ਲਈ ਅਵਾਜ਼ ਵੀ ਨਹੀਂ ਉਠਾ ਸਕਦੇ ਤਾਂ ਉਸ ਸ਼ਹਿਰ ਦਾ ਤਾਂ ਰਬ ਈ ਰਾਖਾ ! ਏਸੇ ਤਰ੍ਹਾਂ ਵਿਰੋਧੀ ਧਿਰ ਦੇ ਪਹਿਲੀ ਦੂਜੀ ਕਤਾਰ ਦੇ ਆਗੂ ਵੀ ਚੁਪ ਧਾਰੀ ਬੈਠੇ ਹਨ ਕਿ ਆਪਾਂ ਕੀ ਲੈਣਾ ਆਪਾਂ ਕਿਹੜਾ ਕੋਈ ਕੰਮ ਕਰਿਆ ਸੀ ਪਰ ਆਮ ਆਦਮੀ ਬੁਰੀ ਤਰਾਂ ਫਸਿਆ ਪਿਆ, ਦੁਖੀ ਏ,ਸਥਾਨਕ ਟੈਕਸੀ ਯੂਨੀਅਨ,ਟੈਂਪੂ ਯੂਨੀਅਨ,ਬਸਾਂ ਵਾਲੇ ਤੇ ਹੋਰ ਨਿਤ ਦੇ ਲੰਘਣ ਵਾਲਿਆਂ ਲਈ ਸ਼ਹਿਰ ਦੀਆਂ ਸੜਕਾਂ ਜਾਨ ਦਾ ਖੌਅ ਬਣੀਆਂ ਹੋਈਆਂ ਹਨ । ਬੜੀ ਸ਼ਰਮ ਨਾਲ ਕਹਿਣਾ ਪੈ ਰਿਹਾ ਹੈ ਸ਼ਹਿਰ ਦਾ ਹਰ ਤਰ੍ਹਾਂ ਦੇ ਪ੍ਰਸ਼ਾਸ਼ਨ ਦੀ ਅਫਸਰਸ਼ਾਹੀ ਘੂਕ ਸੁਤੀ ਪਈ ਹੈ ਤੇ ਸ਼ਹਿਰ ਵਾਸੀ ਮੁਸ਼ਕਲਾਂ ਚ ਘਿਰੇ ਹੋਏ ਹਨ। ਕੋਈ ਨਹੀਂ ਕਹਿੰਦਾ ਕਿ ਠਰਾਣੀਏ ਅਗਾ ਢਕ।

Send this to a friend