ਜਮਹੂਰੀ ਆਦਰਸ਼ਾਂ ਦੀ ਪੈਰਵੀ ਦਾ ਸੰਕਲਪ

ਦੇਸ਼ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਵੱਲੋਂ 70ਵੇਂ ਗਣਤੰਤਰਤਾ ਦਿਵਸ ਮੌਕੇ ਜਾਰੀ ਸੰਦੇਸ਼ ਵਿੱਚ ਜਮਹੂਰੀ ਆਦਰਸ਼ਾਂ ਦੀ ਪੈਰਵੀ ਦਾ ਸੰਕਲਪ ਦੁਹਰਾਇਆ ਗਿਆ ਹੈ। ਰਾਸ਼ਟਰਪਤੀ ਦਾ ਇਹ ਸੰਦੇਸ਼ ਬਹੁਤ ਹੀ ਵੱਡੀ ਮਹੱਤਤਾ ਰੱਖਦਾ ਹੈ। ਇਸ ਸੰਦੇਸ਼ ਵਿੱਚ ਜਮਹੂਰੀਅਤ ਦੀ ਰਾਖੀ ਲਈ ਕਈ ਸੰਕੇਤਾਂ ਦਾ ਪ੍ਰਗਟਾਵਾ ਕੀਤਾ ਗਿਆ ਹੈ। ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਸੰਦੇਸ਼ ਦੀ ਕਾਫੀ ਅਹਿਮੀਅਤ ਹੈ। ਰਾਸ਼ਟਰਪਤੀ ਨੇ ਲੋਕਾਂ ਨੂੰ ਸਪੱਸ਼ਟ ਤੇ ਉਚੀ ਸੁਰ ਵਿੱਚ ਸੱਦਾ ਦਿਤਾ ਕਿ ਉਹ ਵੋਟਿੰਗ ਦੇ ‘ਪਵਿਤਰ ਕਾਰਜ’ ਨੂੰ ਜ਼ਰੂਰ ਪੂਰਾ ਕਰਨ।ਇਸ ਸਾਲ ਦੀਆਂ ਇਹ ਚੋਣਾਂ ਨਵੇਂ ਭਾਰਤ ਦੀ ਉਸਾਰੀ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ। ਰਾਸ਼ਟਰਪਤੀ ਬਿਲਕੁੱਲ ਦਰੁਸਤ ਫਰਮਾਉਂਦੇ ਹਨ ਕਿ ਚੋਣਾਂ ਮਹਿਜ਼ ਕੋਈ ਸਿਆਸੀ ਮਸ਼ਕ ਨਹੀਂ ਹਨ ਬਲਕਿ ਸਿਆਣਪ ਮੁਤਾਬਕ ਦਿਤਾ ਜਾਣ ਵਾਲਾ ਸਾਂਝਾ ਸਦਾ ਤੇ ਸਾਂਝੀ ਪੇਸ਼ਕਦਮੀ ਹੈ।ਜੇਕਰ ਵੋਟਰ ਆਪਣੇ ਫਰਜ਼ਾਂ ਨੂੰ ਠੀਕ ਤਰੀਕੇ ਨਾਲ ਨਿਭਾਉਂਦੇ ਹਨ ਤਦ ਜਮਹੂਰੀਅਤ ਦੇ ਨਵੇਂ ਵਿਚਾਰਾਂ ਤੇ ਆਦਰਸ਼ਾਂ ਦੇ ਆਧਾਰ ’ਤੇ ਹੀ 17ਵੀਂ ਲੋਕ ਸਭਾ ਦੀ ਚੋਣ ਹੋਵੇਗੀ।ਬਹੁਲਵਾਦ, ਭਾਰਤ ਦੀ ਸਭ ਤੋਂ ਵਡੀ ਤਾਕਤ ਹੈ। ਭਾਰਤ ਦੀ ਏਕਤਾ ਵਿਚ ਅਨੇਕਤਾ, ਜਮਹੂਰੀਅਤ ਤੇ ਵਿਕਾਸ ਵਿਸ਼ਵ ਲਈ ਇਕ ਮਿਸਾਲ ਹਨ।ਭਾਰਤ ਇਸ ਵੇਲੇ ਅਹਿਮ ਮੁਕਾਮ ’ਤੇ ਖੜ੍ਹਾ ਹੈ ਲੋਕਾਂ ਨੇ ਵੋਟਾਂ ਰਾਹੀਂ ਹੀ 21ਵੀਂ ਸਦੀ ਦੇ ਭਾਰਤ ਦਾ ਸਵਰੂਪ ਨਿਰਧਾਰਿਤ ਕਰਨਾ ਹੈ।21ਵੀਂ ਸਦੀ ’ਚ ਜਨਮ ਲੈਣ ਵਾਲੇ ਵੋਟਰ ਪਹਿਲੀ ਵਾਰ ਇਸ ਦੌਰਾਨ ਵੋਟਾਂ ਪਾਉਣਗੇ ਤੇ ਨਵੀਂ ਲੋਕ ਸਭਾ ਦੇ ਗਠਨ ਵਿਚ ਆਪਣਾ ਯੋਗਦਾਨ ਪਾਉਣਗੇ। ਰਾਸ਼ਟਰਪਤੀ ਵੱਲੋਂ ਪ੍ਰਗਟ ਕੀਤੇ ਗਏ ਵਿਚਾਰ ਆਮ ਲੋਕਾਂ ਦੀ ਨੁਮਾਇੰਦਗੀ ਕਰਦੇ ਹਨ। ਉਨ੍ਹਾਂ ਦਾ ਇਹ ਕਹਿਣਾ ਕਿ ‘ਦੇਸ਼ ਦੇ ਸਰੋਤਾਂ ’ਤੇ ਸਾਡੇ ਸਾਰਿਆਂ ਦਾ ਬਰਾਬਰ ਦਾ ਹੱਕ ਹੈ ਕਾਫੀ ਅਹਿਮ ਹੈ। ਭਾਰਤੀ ਗਣਰਾਜ ਨੇ ਲੰਮਾ ਪੈਂਡਾ ਤੈਅ ਕੀਤਾ ਹੈ, ਆਉਣ ਵਾਲੇ ਸਮੇਂ ਵਿੱਚ ਇਸ ਨੇ ਨਵੀਆਂ ਮੰਜ਼ਿਲਾਂ ਤਹਿ ਕਰਨੀਆਂ ਹਨ। ਬਿਨਾ ਸ਼ੱਕ ਭਾਰਤ ਅੱਗੇ ਕਈ ਵੱਡੀਆਂ ਚੁਣੋਤੀਆਂ ਹਨ। ਗਰੀਬੀ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਸਾਰੇ ਦੇਸ਼ ਵਾਸੀਆਂ ਨੂੰ ਇਕਜੁੱਟ ਹੋਣ ਦੀ ਲੋੜ ਹੈ। ਦੇਸ਼ ਦੀ ਤਰੱਕੀ ਵਿੱਚ ਹੁਣ ਤੱਕ ਇਸ ਕਰਕੇ ਰੋਕਾਂ ਪੈਂਦੀਆਂ ਰਹਿੰਦੀਆਂ ਹਨ ਕਿਉਂਕਿ ਲੋਕ ਜਾਗਰੂਕ ਨਹੀਂ ਸਨ। ਜੇਕਰ ਉਨ੍ਹਾਂ ਵੱਲੋਂ ਜਮਹੂਰੀ ਪ੍ਰਕਿਰਿਆ ਵਿੱਚ ਪੂਰੀ ਜਾਗਰੂਕਤਾ ਨਾਲ ਹਿੱਸਾ ਲਿਆ ਜਾਂਦਾ ਹੈ ਤਦ ਭਾਰਤ ਨੂੰ ਬਦਲਣ ਵਿੱਚ ਦੇਰ ਨਹੀਂ ਲੱਗੇਗੀ। ਦੇਸ਼ ਵਾਸੀਆਂ ਨੂੰ ਰਾਸ਼ਟਰਪਤੀ ਦਾ ਧੰਨਵਾਦੀ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਆਪਣੇ ਸੰਦੇਸ਼ ਰਾਹੀਂ ਅਹਿਮ ਮੁੱਦਿਆਂ ਨੂੰ ਉਠਾਇਆ ਹੈ ਅਤੇ ਭਾਰਤ ਵਾਸੀਆਂ ਨੂੰ ਦੇਸ਼ ਲਈ ਕੁਝ ਕਰਨ ਲਈ ਵੰਗਾਰਿਆ ਹੈ।
– ਬਲਜੀਤ ਸਿੰਘ ਬਰਾੜ

Send this to a friend