ਫ਼ਿਰੋਜ਼ਪੁਰ- ਭਾਰਤ ਦੁਨੀਆ ਦਾ ਸਭ ਤੋਂ ਵਡਾ ਲੋਕਤੰਤਰ ਹੈ। ਸੰਵਿਧਾਨ ਨੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਬਰਾਬਰਤਾ ਦਾ ਅਧਿਕਾਰ ਦਿਤਾ ਹੈ। ਸਾਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਦੇ ਨਾਲ-ਨਾਲ ਇਮਾਨਦਾਰੀ ਨਾਲ ਆਪਣੇ ਕੰਮ ਦੇ ਪ੍ਰਤੀ ਵਫ਼ਾਦਾਰ ਹੋਣਾ ਚਾਹੀਦਾ ਹੈ । ਇਹ ਵਿਚਾਰ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ੍ਰ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਜ਼ਿਲ੍ਹਾ ਪਧਰੀ ਗਣਤੰਤਰ ਦਿਵਸ ਮੌਕੇ ਰਾਸ਼ਟਰੀ ਝੰਡਾ ਲਹਿਰਾਉਣ ਉਪਰੰਤ ਜ਼ਿਲ੍ਹਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇਸ ਸਮਾਗਮ ਵਿਚ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ੍ਰ. ਪਰਮਿੰਦਰ ਸਿੰਘ ਪਿੰਕੀ, ਵਿਧਾਇਕ ਫਿਰੋਜ਼ਪੁਰ ਦਿਹਾਤੀ ਮੈਡਮ ਸਤਿਕਾਰ ਕੌਰ ਗਹਿਰੀ, ਕਮਿਸ਼ਨਰ ਸ੍ਰੀ. ਸੁਮੇਰ ਸਿੰਘ ਗੁਰਜਰ, ਆਈ.ਜੀ. ਐਮ. ਐਸ.ਛੀਨਾ, ਡਿਪਟੀ ਕਮਿਸ਼ਨਰ ਸ੍ਰ. ਬਲਵਿੰਦਰ ਸਿੰਘ ਧਾਲੀਵਾਲ, ਜ਼ਿਲ੍ਹਾ ਸੈਸ਼ਨ ਜਜ ਸ੍ਰੀ. ਪਰਮਿੰਦਰਪਾਲ ਸਿੰਘ ਅਤੇ ਐਸ.ਐਸ.ਪੀ. ਸ੍ਰ. ਪ੍ਰੀਤਮ ਸਿੰਘ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।
ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕਰਨ ਵਾਲੇ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮੁਖ ਮਹਿਮਾਨ ਕੈਬਨਿਟ ਮੰਤਰੀ ਸ੍ਰ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਹ ਦਿਹਾੜਾ ਸਾਨੂੰ ਸਾਡੇ ਸ਼ਹੀਦਾਂ/ਆਜ਼ਾਦੀ ਘੁਲਾਟੀਆਂ ਵਲੋਂ ਭਾਰਤ ਦੇ ਭਵਿਖ ਦੇ ਬਾਰੇ ਲਏ ਗਏ ਸੁਪਨਿਆਂ ਨੂੰ ਸਾਕਾਰ ਕਰਨ ਦੀ ਯਾਦ ਦਿਵਾਉਂਦਾ ਹੈ ਅਤੇ ਆਪਣੀ ਸਮੁਚੀ ਕਾਰਗੁਜ਼ਾਰੀ ਉਤੇ ਝਾਤ ਮਾਰਨ ਦਾ ਮੌਕਾ ਵੀ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਈ ਤਰ੍ਹਾਂ ਦੀਆਂ ਲੋਕ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਜਿਸ ਦਾ ਜ਼ਰੂਰਤਮੰਦਾਂ ਨੂੰ ਯੋਗਤਾ ਅਨੁਸਾਰ ਅਗੇ ਹੋ ਕੇ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਵਿਚ ਵਖ-ਵਖ ਵਿਭਾਗਾਂ ਵਿਚ ਹੋਣ ਵਾਲੇ ਵਿਕਾਸ ਕੰਮਾਂ ਵਿਚ ਮਗਨਰੇਗਾ ਅਧੀਨ ਕੰਮ ਕਰਨ ਵਾਲੇ ਜ਼ਰੂਰਤਮੰਦਾਂ ਨੂੰ ਰੁਜ਼ਗਾਰ ਮੁਹਈਆ ਕਰਵਾਇਆ ਜਾਵੇ ਤਾਂ ਜੋ ਵਿਕਾਸ ਦੇ ਨਾਲ ਆਰਥਿਕ ਪਧਰ ਤੇ ਵੀ ਜ਼ਰੂਰਤਮੰਦਾਂ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਬਾਰਡਰ ਏਰੀਆ ਵਿਚ ਸਿਖਿਆ ਦਾ ਮਿਆਰ ਉਚਾ ਚੁਕਣ ਲਈ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਕਮੀ ਨੂੰ ਦੂਰ ਕੀਤਾ ਜਾ ਰਿਹਾ ਹੈ।ਉਨ੍ਹਾਂ ਨੇ ਕਿਹਾ ਕਿ ਘਰ-ਘਰ ਰੁਜ਼ਗਾਰ ਤਹਿਤ ਰੁਜ਼ਗਾਰ ਮੇਲਿਆਂ ਰਾਹੀਂ ਨੌਜਵਾਨਾਂ ਨੂੰ ਰੁਜ਼ਗਾਰ ਦਿਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਯੋਗ ਕਿਸਾਨਾਂ ਦੇ ਪੰਜਾਬ ਸਰਕਾਰ ਵਲੋਂ ਵਡੀ ਪਧਰ ਤੇ ਕਰਜ਼ੇ ਮੁਆਫ਼ ਕੀਤੇ ਜਾ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਗਣਤੰਤਰ ਦਿਵਸ ਸਮਾਗਮ ਵਿਚ ਭਾਗ ਲੈਣ ਵਾਲੇ ਬਚਿਆਂ ਲਈ 5 ਲਖ ਰੁਪਏ ਅਤੇ ਪ੍ਰੈਸ ਕਲਬ ਨੂੰ ਵੀ 5 ਲਖ ਰੁਪਏ ਦੇਣ ਦੀ ਘੋਸ਼ਣਾ ਕੀਤੀ।
ਰਾਸ਼ਟਰੀ ਝੰਡਾ ਲਹਿਰਾਉਣ ਉਪਰੰਤ ਮੁਖ ਮਹਿਮਾਨ ਕੈਬਨਿਟ ਮੰਤਰੀ ਸ੍ਰ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸ਼ਾਨਦਾਰ ਪਰੇਡ ਦਾ ਨਿਰੀਖਣ ਕੀਤਾ ਅਤੇ ਪੰਜਾਬ ਪੁਲਿਸ, ਹੋਮ ਗਾਰਡਜ਼ ਅਤੇ ਐਨ.ਸੀ.ਸੀ. ਵਲੋਂ ਰਾਸ਼ਟਰੀ ਝੰਡੇ ਨੂੰ ਸਲਾਮੀ ਦਿਤੀ ਗਈ । ਇਸ ਮੌਕੇ ਜ਼ਿਲ੍ਹੇ ਦੇ ਵਿਕਾਸ ਨੂੰ ਦਰਸਾਉਂਦੀਆਂ ਵਖ-ਵਖ ਵਿਭਾਗਾਂ ਦੀਆਂ ਝਾਕੀਆਂ ਜਿਵੇਂ ਕਿ ਸਰਵ ਸਿਖਿਆ ਅਭਿਆਨ, ਸਿਹਤ ਵਿਭਾਗ, ਜ਼ਿਲ੍ਹਾ ਉਦਯੋਗ ਕੇਂਦਰ, ਪਸ਼ੂ ਪਾਲਣ ਵਿਭਾਗ, ਛੋਟੀਆਂ ਬਚਤਾਂ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ (ਬੇਟੀ ਬਚਾਓ, ਬੇਟੀ ਪੜ੍ਹਾਓ) ਵੇਰਕਾ ਡੇਅਰੀ, ਮਛੀ ਪਾਲਣ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਚਾਈਲਡ ਹੈਲਪ ਲਾਈਨ, ਬਾਗ਼ਬਾਨੀ ਵਿਭਾਗ, ਮਗਨਰੇਗਾ ਸਕੀਮ ਅਤੇ ਲੀਡ ਬੈਂਕ ਵਲੋਂ ਝਾਕੀਆਂ ਪੇਸ਼ ਕੀਤੀਆਂ ਗਈਆਂ ਅਤੇ ਵਖ-ਵਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਬੈਂਡ ਅਤੇ ਪੰਜਾਬ ਦੇ ਲੋਕ ਨਾਚ ਗਿਧਾ, ਭੰਗੜਾ ਤੇ ਰੰਗਾ-ਰੰਗ ਤੇ ਸਭਿਆਚਾਰਕ ਦੇਸ਼ ਭਗਤੀ ਦਾ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਇਤਿਹਾਸਕ ਦਿਹਾੜੇ ਤੇ ਜ਼ਿਲ੍ਹਾ ਰੈਡ ਕਰਾਸ ਸੰਸਥਾ ਵਲੋਂ ਲੋੜਵੰਦ ਲੜਕੀਆਂ ਨੂੰ ਮਾਈ ਭਾਗੋ ਸਕੀਮ ਤਹਿਤ ਸਾਈਕਲਾਂ ਆਦਿ ਤਕਸੀਮ ਕੀਤੀਆਂ ਗਈਆਂ। ਇਸ ਤੋਂ ਬਾਅਦ ਮੁਖ ਮਹਿਮਾਨ ਵਲੋਂ ਨਵ-ਜੰਮੀਆਂ ਬਚੀਆਂ ਦਾ ਸਤਿਕਾਰ ਕਰਨ ਲਈ ਸਨਮਾਨਿਤ ਵੀ ਕੀਤਾ ਗਿਆ ਅਤੇ ਸਕਿਲ ਡਿਵੈਲਪਮੈਂਟ ਪੰਜਾਬ ਸਬੰਧੀ ਇਕ ਬੁਕ ਵੀ ਰਿਲੀਜ਼ ਕੀਤੀ ਗਈ। ਮੁਖ ਮਹਿਮਾਨ ਵਲੋਂ ਪਹਿਲੇ ਨੰਬਰ ਤੇ ਰਹਿਣ ਵਾਲੀ ਮਗਨਰੇਗਾ ਦੀ ਝਾਕੀ, ਦੂਜਾ ਸਥਾਨ ਹਾਸਲ ਕਰਨ ਵਾਲੀ ਸਰਵ ਸਿਖਿਆ ਵਿਭਾਗ ਦੀ ਝਾਕੀ ਅਤੇ ਤੀਜੇ ਸਥਾਨ ਤੇ ਰਹਿਣ ਵਾਲੀ ਤੰਦਰੁਸਤ ਮਿਸ਼ਨ ਪੰਜਾਬ ਦੀ ਝਾਕੀ ਸਬੰਧੀ ਵਿਭਾਗਾਂ ਦੇ ਮੁਖੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਜ਼ਾਦੀ ਘੁਲਾਟੀਆਂ, ਕਾਰਗਿਲ ਦੇ ਸ਼ਹੀਦਾਂ ਦੇ ਪਰਿਵਾਰਾਂ ਸਮੇਤ ਯੂਥ ਕਲਬਾਂ, ਖਿਡਾਰੀਆਂ, ਸਮਾਜ ਸੇਵੀ ਸੰਸਥਾਵਾਂ ਆਦਿ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੁਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ।ਸ਼ਹੀਦ ਭਗਤ ਸਿੰਘ ਸਟੇਡੀਅਮ ਵਿਚ ਰਾਸ਼ਟਰੀ ਝੰਡਾ ਲਹਿਰਾਉਣ ਤੋ ਪਹਿਲਾ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਹੁਸੈਨੀਵਾਲਾ ਵਿਖੇ ਸ਼ਹੀਦਾਂ ਦੀਆਂ ਯਾਦਗਾਰਾਂ ਤੇ ਫੁਲ ਮਾਲਾਵਾਂ ਭੇਟ ਕਰਕੇ ਉਨ੍ਹਾਂ ਨੂੰ ਨਿਘੀ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਵਲੋਂ ਦਿਤੀ ਮਹਾਨ ਕੁਰਬਾਨੀ ਨੂੰ ਯਾਦ ਕੀਤਾ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ.) ਸ੍ਰ. ਗੁਰਮੀਤ ਸਿੰਘ ਮੁਲਤਾਨੀ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰ. ਰਵਿੰਦਰਪਾਲ ਸਿੰਘ ਸੰਧੂ, ਐਸ.ਡੀ.ਐਮ. ਸ੍ਰੀ ਅਮਿਤ ਗੁਪਤਾ, ਸਹਾਇਕ ਕਮਿਸ਼ਨਰ (ਜ.) ਸ੍ਰ. ਰਣਜੀਤ ਸਿੰਘ, ਤਹਿਸੀਲਦਾਰ ਸ੍ਰ. ਮਨਜੀਤ ਸਿੰਘ, ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ, ਜ਼ਿਲ੍ਹਾ ਕਾਂਗਰਸ ਪ੍ਰਧਾਨ ਗੁਰਚਰਨ ਸਿੰਘ ਨਾਹਰ, ਸਾਬਕਾ ਐਮ.ਐਲ. ਗੁਰਨੈਬ ਸਿੰਘ ਬਰਾੜ, ਯੂਥ ਪ੍ਰਧਾਨ ਸੁਖਵਿੰਦਰ ਸਿੰਘ ਅਟਾਰੀ, ਸ੍ਰ: ਹਰਿੰਦਰ ਸਿੰਘ ਖੋਸਾ, ਬਿਟੂ ਸਾਂਘਾ ਸਮੇਤ ਵਖ-ਵਖ ਸਕੂਲਾਂ ਦੇ ਪ੍ਰਿੰਸੀਪਲ, ਵਿਭਾਗਾਂ ਦੇ ਅਫ਼ਸਰ ਸਾਹਿਬਾਨ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।
– ਸਤਬੀਰ ਬਰਾੜ, ਰਵੀ ਸ਼ਰਮਾ
ਪੱਤਰਕਾਰ ‘ਪੰਜਾਬ ਟਾਇਮਜ਼ ਬਿਊਰੋ’