ਹਰਿ ਮੰਦਰੁ ਹਰਿ ਕਾ ਹਾਟੁ ਹੈ : ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਚ ਫੋਟੋ ਖਿਚਣ, ਵੀਡਿਉ ਬਣਾਉਣ ਤੇ ਰੋਕ ਲਾ ਕੇ ਅਤਿ ਸ਼ਲਾਘਾਯੋਗ ਕੰਮ ਕੀਤਾ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਕਾਇਮ ਰਖਨ ਲਈ ਇਸ ਪਾਬੰਦੀ ਦੀ ਲੋੜ ਲੰਬੇ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਸੀ। ਸ੍ਰੀ ਹਰਿਮੰਦਰ ਸਾਹਿਬ ਆਪ ਹਰਿ ਦਾ ਸਾਜਿਆ ਪਾਵਨ ਅਸਥਾਨ ਹੈ “ ਹਰਿਮੰਦਰੁ ਹਰਿ ਜੀਉ ਸਾਜਿਆ ਮੇਰੇ ਲਾਲ ਜੀਉ “। ਇਹ ਇਤਿਹਾਸਕ ਤਥ ਹੋ ਸਕਦਾ ਹੈ ਕਿ ਗੁਰੂ ਅਰਜਨ ਸਾਹਿਬ ਨੇ ਸ੍ਰੀ ਹਰਿਮੰਦਰ ਸਾਹਿਬ ਸਿਰਜਨਾ ਕੀਤੀ ਪਰ ਗੁਰੂ ਸਾਹਿਬ ਆਪ ਸਵੀਕਾਰ ਕਰਦੇ ਹਨ ਕਿ ਇਹ ਅਸਥਾਨ ਪਰਮਾਤਮਾ ਨੇ ਮਿਹਰ ਕਰ ਉਸਾਰਿਆ। ਪਰਮਾਤਮਾ ਨੇ ਦਇਆ ਕੀਤੀ ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਉਨ੍ਹਾਂ ਸਾਰੀਆਂ ਰੂਹਾਨੀ ਸ਼ਕਤੀਆਂ ਤੇ ਗੁਣਾਂ ਨਾਲ ਭਰਪੂਰ ਕਰ ਦਿਤਾ ਜੋ ਮਨੁਖ ਦੀ ਮੁਕਤੀ ਦੇ ਦੁਆਰ ਖੋਲਦੇ ਹਨ। ਸ੍ਰੀ ਹਰਿਮੰਦਰ ਸਾਹਿਬ ਦੀ ਸ਼ੋਭਾ ਉਸ ਦੀ ਸੁੰਦਰਤਾ ਤੇ ਸੋਨੇ ਨਾਲ ਹੈ ਪਰ ਉਸ ਸੁੰਦਰਤਾ ਤੇ ਸੋਨੇ ਨੂੰ ਵੇਖਣ ਲਈ ਦੁਨਿਆਵੀ ਨਹੀਂ ਆਤਮਕ ਦ੍ਰਿਸ਼ਟੀ ਦੀ ਲੋੜ ਹੁੰਦੀ ਹੈ। ਸ੍ਰੀ ਹਰਿਮੰਦਰ ਸਾਹਿਬ ਬੇਸ਼ਕ ਸੋਨੇ ਨਾਲ ਮੜ੍ਹਿਆ ਹੋਇਆ ਖੂਬਸੂਰਤ ਭਵਨ ਹੈ ਪਰ ਇਹ ਸੁੰਦਰਤਾ ਤੇ ਸ਼ੋਭਾ ਸੋਨੇ ਦੀ ਧਾਤੂ ਤੋਂ ਕਿਤੇ ਜਿਆਦਾ ਤੇ ਦਰਅਸਲ ਗੁਰ ਸ਼ਬਦ ਦੀ ਹੈ “ ਹਰਿ ਮੰਦਰੁ ਸਬਦੇ ਸੋਹਣਾ ਕੰਚਨੁ ਕੋਟੁ ਅਪਾਰ “। ਸ੍ਰੀ ਹਰਿਮੰਦਰ ਸਾਹਿਬ ਤੇ ਲਗੇ ਸੋਨੇ ਨੂੰ ਭਾਵੇਂ ਗਿਣਿਆ ਮਿਣਿਆ ਤੇ ਤੋਲਿਆ ਜਾ ਸਕਦਾ ਹੋਵੇ ਪਰ ਜੋ ਸਚੀ ਸ਼ੋਭਾ ਗੁਰ ਸ਼ਬਦ ਦੀ ਬਣ ਰਹੀ ਹੈ ਉਹ ਬੇਅੰਤ ਹੈ , ਅਕਥ ਹੈ।
ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੀਆਂ ਦੀ ਨਿਤ ਗਿਣਤੀ ਲਖਾਂ ਵਿਚ ਹੁੰਦੀ ਹੈ। ਗੁਰੂ ਘਰ ਦੇ ਦੁਆਰ ਬਿਨਾ ਕਿਸੇ ਵਿਤਕਰੇ ਸਾਰੀਆਂ ਲਈ ਖੁਲੇ ਹਨ। ਆਉਣ ਵਾਲੀਆਂ ਵਿਚ ਹਰ ਧਰਮ , ਹਰ ਜਾਤ , ਵਰਣ ਦੇ ਲੋਗ ਹੁੰਦੇ ਹਨ . ਕਿਸੇ ਦੀ ਸ਼ਰਧਾ , ਭਾਵਨਾ ਨੂੰ ਮਾਪਿਆ , ਜਾਚੀਆ ਨਹੀਂ ਜਾ ਸਕਦਾ ਨਾ ਹੀ ਇਸ ਆਧਾਰ ਤੇ ਕਿਸੇ ਤੇ ਰੋਕ ਲਾਈ ਜਾ ਸਕਦੀ ਹੈ। ਆਉਣ ਵਾਲਾ ਸ੍ਰੀ ਹਰਿਮੰਦਰ ਸਾਹਿਬ ਤੇ ਲਗੇ ਸੋਨੇ ਨੂੰ ਵੇਖਣ ਆ ਰਿਹਾ ਹੈ ਜਾਂ ਗੁਰੂ ਸ਼ਬਦ ਤੇ ਕੰਚਨ ਕੋਟ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਲਈ ਆਇਆ ਹੈ ਇਹ ਉਸ ਦੇ ਭਾਗਾਂ ਦੀ ਗਲ ਹੈ। ਜੋ ਸ੍ਰੀ ਹਰਿਮੰਦਰ ਸਾਹਿਬ ਦੇ ਭਵਨ ਤੇ ਲਗੇ ਸੋਨੇ ਤੇ ਅਟਕ ਗਿਆ ਉਸ ਦਾ ਮਨ ਸੋਨੇ ਦੇ ਕੋਟ ਵਿਚ ਆ ਕੇ ਵੀ ਲੋਹੇ ਦਾ ਹੋ ਗਿਆ “ ਹਰਿ ਮੰਦਰ ਮਹਿ ਮਨੁ ਲੋਹਟੁ ਹੈ ਮੋਹਿਆ ਦੂਜੈ ਭਾਇ “। ਜਿਸ ਦਾ ਮਨ ਗੁਰ ਸ਼ਬਦ ਦੇ ਕੰਚਨ ਕੋਟ ਅੰਦਰ ਪ੍ਰਵੇਸ਼ ਕਰ ਗਿਆ ਉਹ ਆਪ ਸੋਨਾ ਹੋ ਜਾਂਦਾ ਹੈ “ ਪਾਰਸਿ ਭੇਟਿਐ ਕੰਚਨੁ ਭਇਆ ਕੀਮਤਿ ਕਹੀ ਨ ਜਾਇ “।
ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੇ ਕਿਰਪਾ ਕੀਤੀ ਤਾਂ ਸ੍ਰੀ ਹਰਿਮੰਦਰ ਸਾਹਿਬ ਗੁਰ ਸ਼ਬਦ ਦਾ ਕੰਚਨ ਕੋਟ ਬਣਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕਰਨ ਲਈ ਗੁਰੂ ਸਾਹਿਬ ਨੰਗੇ ਪੈਰੀ ਚਲ ਕੇ ਸੰਗਤ ਨਾਲ ਗਏ ਸਨ। ਗੁਰੂ ਸਾਹਿਬ ਨੇ ਆਪਨੇ ਤੋਂ ਉਚੇ ਆਸਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵਿਰਾਜਮਾਨ ਕੀਤਾ। “ ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਹ ਹਰਿ “ ਗੁਰੂ ਸਾਹਿਬ ਨੇ ਆਪ ਸੰਗਤ ਨਾਲ ਬਹਿ ਕੇ ਨਿਮਰਤਾ ਸਹਿਤ ਬਾਬਾ ਬੁਢਾ ਜੀ ਦੁਆਰਾ ਲਿਆ ਪਹਿਲਾ ਹੁਕਮਨਾਮਾ ਸੁਣਿਆ। ਸ੍ਰੀ ਹਰਿਮੰਦਰ ਸਾਹਿਬ ਅਧਿਆਤਮਕਤਾ ਦਾ ਅਜਿਹਾ ਕੇਂਦਰ ਬਣ ਗਿਆ ਜਿਥੇ ਆ ਕੇ ਪ੍ਰਤਖ ਸਤਿਜੁਗ ਵਰਤਦਾ ਵਿਖਾਈ ਦੇਣ ਲਗ ਪਿਆ। ਇਸ ਦੀ ਗਵਾਹੀ ਭਟਾਂ ਨੇ ਭਰੀ “ ਜਨਕ ਰਾਜੁ ਬਰਤਾਇਆ ਸਤਜੁਗੁ ਆਲੀਣਾ “ . ਸ੍ਰੀ ਹਰਿਮੰਦਰ ਸਾਹਿਬ ਦੀ ਵਡਿਆਈ ਹੀ ਇਹੋ ਹੈ। ਸ਼ਰਧਾ ਭਾਵਨਾ ਨਾਲ ਆਏ ਮਨ ਨੂੰ ਇਸ ਪਾਵਨ ਅਸਥਾਨ ਤੇ ਘੋਰ ਕਲਜੁਗ ਅੰਦਰ ਵੀ ਸਤਿਜੁਗ ਦੇ ਦਰਸ਼ਨ ਹੁੰਦੇ ਹਨ। ਸ਼ਰਧਾ , ਭਾਵਨਾ ਗੁਰੂ ਘਰ ‘ਚ ਆਉਣ ਮੁਢਲਾ ਅਦਬ ਹੈ। ਇਹ ਤਾਂ ਹੀ ਬਣਦੀ ਹੈ ਜਦੋਂ ਮਨ ਅੰਦਰ ਗੁਰ ਸ਼ਬਦ ਦੇ ਕੰਚਨ ਕੋਟ ਦੇ ਦਰਸ਼ਨ ਕਰਨ ਦੀ ਤਾਂਘ ਮਨ ਅੰਦਰ ਪੈਦਾ ਹੋਵੇ। ਭਾਵਨਾ ਨਾਲ ਭਰ ਕੇ ਜੋ ਗੁਰੂ ਘਰ ਅੰਦਰ ਗੁਰ ਸ਼ਬਦ ਦੇ ਕੰਚਨ ਕੋਟ ਦਾ ਦਰਸ਼ਨ ਜੋ ਆਉਂਦਾ ਹੈ ਉਹ ਦਾਸ ਹੁੰਦਾ ਹੈ , ਸੇਵਕ ਹੁੰਦਾ ਹੈ , ਜਾਚਕ ਹੁੰਦਾ ਹੈ ਤੇ ਆਪਨੇ ਔਗੁਣਾਂ ਤੋਂ ਜਾਣੂੰ ਹੁੰਦਾ ਹੈ “ ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ “ । ਉਹ ਗੁਰੂ ਦੀ ਸ਼ਰਣ ਲਈ ਬੇਚੈਨ ਹੁੰਦਾ ਹੈ “ ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ “। ਜੋ ਦਾਸ , ਸੇਵਕ , ਜਾਚਕ ਬਣ ਕੇ ਆਇਆ ਹੈ , ਜੋ ਗੁਰੂ ਰਾਮਦਾਸ ਦੀ ਸ਼ਰਣ ਲੈਣ ਲਈ ਆਇਆ ਹੈ ਉਸ ਦਾ ਪੂਰਾ ਧਿਆਨ ਗੁਰੂ ਦੀ ਸ਼ਰਣ ਪ੍ਰਾਪਤ ਕਰਨ ਲਈ ਹੋਵੇਗਾ , ਸੇਲਫੀ ਲੈਣ , ਵੀਡਿਉ ਬਣਾਉਣ ਦਾ ਫੁਰਨਾ ਵੀ ਉਸ ਦੇ ਮਨ ਵਿਚ ਨਹੀ ਫੁਰੇਗਾ। ਜੋ ਗੁਰ ਸ਼ਬਦ ਤੋਂ ਕੰਚਨ ਬਣਨ ਲੈ ਆਇਆ ਹੈ ਉਹ ਕਿਉਂ ਫੋਟੋ ਖਿਚਣ ਦੇ ਸ਼ਗਲ ‘ਚ ਪੈ ਕੇ ਲੋਹੇ ਦੀ ਵਣਜ ਕਰੇਗਾ। ਸੰਸਾਰ ਅੰਦਰ ਮੋਬਾਈਲ ਤੇ ਇੰਟਰਨੇਟ ਦੀ ਵਰਤੋਂ ਹਦ ਤੋਂ ਜਿਆਦਾ ਵਧ ਗਈ ਹੈ। ਸੋਸ਼ਲ ਸਾਈਟਾਂ ਲੋਕਾਂ ਨੂੰ ਆਪਾ ਵਿਖਾਉਣ ਦੇ ਪੂਰੇ ਅਉਸਰ ਦੇ ਰਹੀਆਂ ਹਨ। ਕਿਸੇ ਨੇ ਕੀ ਖਾਧਾ , ਪੀਤਾ , ਕਿਥੇ ਗਿਆ , ਕਿਸ ਨੂੰ ਮਿਲਿਆ , ਕਿਸ ਦਿਨ ਕੀ ਕੀਤਾ ਇਹ ਸਾਰਾ ਕੁਝ ਮੋਬਾਈਲ ਦੇ ਕੈਮਰੇ ਵਿਚ ਕੈਦ ਕਰ ਸੋਸ਼ਲ ਸਾਈਟਾਂ ਤੇ ਆਮ ਕੀਤਾ ਜਾ ਰਿਹਾ ਹੈ। ਇਹ ਜਬਰਦਸਤ ਸ਼ਗਲ ਲੋਕਾਂ ਵਿਚ ਆਪਣੀ ਹੋਂਦ ਜਤਾਉਣ ਦਾ ਸੌਖਾ ਜਰੀਆ ਬਣ ਗਿਆ ਹੈ। ਹਉਮੇ ਦੇ ਸ਼ਿਕਾਰ ਲੋਗ ਆਪਣੀ ਨਿਜੀ ਜਿੰਦਗੀ ਨੂੰ ਸੜਕ ਤੇ ਲੈ ਆਏ ਹਨ। ਲੋਗ ਜਿਥੇ ਵੀ ਜਾਂਦੇ ਹਨ ਮੋਬਾਈਲ ਉਨ੍ਹਾਂ ਦੇ ਕਦਮਾਂ ਤੋ ਅਗੇ ਚਲ ਰਿਹਾ ਹੁੰਦਾ ਹੈ। ਸ੍ਰੀ ਹਰਿਮੰਦਰ ਸਾਹਿਬ ਆਈਆਂ ਵੀ ਇਸ ਸ਼ੁਦਾਈਪਣਾ ਪਿਛਾ ਨਹੀਂ ਛਡਦਾ। ਸ੍ਰੀ ਹਰਿਮੰਦਰ ਸਾਹਿਬ ਅੰਦਰ ਅਜਿਹਾ ਵਰਤਾਰਾ ਕਰਨ ਵਾਲੇ ਸਿਖ ਹਨ ਜਾਂ ਗੈਰ ਸਿਖ ਹਨ , ਉਹਨਾਂ ਨੂੰ ਇਹ ਇਲਮ ਹੀ ਨਹੀ ਕਿ ਉਹ ਉਸ ਪਵਿਤਰ ਅਸਥਾਨ ਤੇ ਆ ਗਏ ਹਨ ਜਿਥੇ ਸਤਿਜੁਗ ਵਰਤ ਰਿਹਾ ਹੈ। ਇਸ ਤੋਂ ਮੰਦਭਾਗਾ ਹੋਰ ਕੌਣ ਹੋ ਸਕਦਾ ਹੈ ਜਿਸ ਦੇ ਸਾਹਮਣੇ ਬੈਕੁੰਠ ਹੋਵੇ ਪਰ ਉਹ ਕਲਿਜੁਗ ਦੇ ਬਿਖ ਤਲਾਸ਼ਦਾ ਰਹੇ। ਕੋਈ ਜੋ ਕੁਝ ਕਰ ਰਿਹਾ ਹੈ , ਉਸ ਦੇ ਕਰਮਾਂ ਦੀ ਖੇਡ ਹੈ। ਸੰਸਾਰ ਅੰਦਰ ਮਾਇਆ ਦਾ ਪਸਾਰਾ ਹੈ . ਕਿੰਨੇ ਹੀ ਲੋਗ ਉਸ ਦੇ ਜਾਲ ਵਿਚ ਫੰਸ ਕੇ ਜੀਵਨ ਨਿਹਫਲ ਕਰ ਰਹੇ ਹਨ। ਪਰ ਸ੍ਰੀ ਹਰਿਮੰਦਰ ਸਾਹਿਬ ਉਸ ਸੰਸਾਰ ਦਾ ਹਿਸਾ ਨਹੀਂ। ਇਹ ਸਤਿਜੁਗ ਦਾ ਅਸਥਾਨ ਹੈ ਜਿਥੇ ਗੁਰੂ ਰਾਮਦਾਸ ਜੀ ਦਾ ਹੁਕਮ ਚਲਦਾ ਹੈ। ਇਸ ਪਾਵਨ ਅਸਥਾਨ ਤੇ ਪਰਮਾਤਮਾ ਨੇ ਗੁਰ ਸ਼ਬਦ ਦੀ ਹਾਟ ਚਲਾਈ ਹੋਈ ਹੈ। ਜੋ ਇਸ ਹਾਟ ‘ਚ ਗੁਰ ਸ਼ਬਦ ਦੀ ਵਣਜ ਕਰਨ ਦਾ ਸੰਕਲਪ ਰਖਦਾ ਹੈ , ਸ੍ਰੀ ਹਰਿਮੰਦਰ ਸਾਹਿਬ ਦੇ ਦੁਆਰ ਉਸ ਨੂੰ ਹੀ ਸਦਾ ਦੇ ਰਹੇ ਹਨ।
ਸ੍ਰੀ ਹਰਿਮੰਦਰ ਸਾਹਿਬ ਦੀ ਮਹਤਾ ਸਮਝਣ ਤੇ ਸਮਝਾਉਣ ਦੀ ਵੀ ਲੋੜ ਹੈ। ਸਿਖ ਇਤਿਹਾਸ ਤੋਂ ਵਾਕਫ ਗੁਰਸਿਖ ਇਸ ਪਾਵਨ ਅਸਥਾਨ ਤੇ ਆ ਕੇ ਗੁਰੂ ਰਾਮਦਾਸ ਸਾਹਿਬ ਦੀ ਦਿਨ ਰਾਤ ਵਰਸ ਰਹੀ ਰਹਿਮਤ ਨੂੰ ਮਹਿਸੂਸ ਕਰ ਚਾਹੁੰਦਾ ਹੈ। ਇਸ ਅਸਥਾਨ ਦੀ ਮਰਿਆਦਾ ਦੀ ਰਖਿਆ ਲਈ ਕਿੰਨੀਆਂ ਸ਼ਹੀਦੀਆਂ ਹੋਈਆਂ ਉਨ੍ਹਾਂ ਦੀ ਪ੍ਰਤੀਤਿ ਨੂੰ ਤਾਜਾ ਕਰਣਾ ਚਾਹੁੰਦਾ ਹੈ। ਇਸ ਦਰ ਤੇ ਵੰਡੇ ਜਾ ਰਹੇ ਜੀਵਨ ਅੰਮ੍ਰਿਤ ਨੂੰ ਮਨ ਅੰਦਰ ਧਾਰਨ ਕਰਣਾ ਚਾਹੁੰਦਾ ਹੈ। ਉਸ ਨੂੰ ਇਸ ਧਰਤੀ ਤੇ ਇੰਚ ਦਰ ਇੰਚ ਪਏ ਹੋਏ ਗੁਰੂ ਰਾਮਦਾਸ ਜੀ , ਗੁਰੂ ਅਰਜਨ ਸਾਹਿਬ ਤੇ ਗੁਰੂ ਹਰਿਗੋਬਿੰਦ ਜੀ ਦੇ ਚਰਨ ਕਵਲਾਂ ਦੇ ਨਿਸ਼ਾਨ ਨਜਰ ਆਉਂਦੇ ਹਨ। ਸਤਿਜੁਗ ਦੀ ਇਸ ਸਰਜਮੀਂ ਤੇ ਉਸ ਨੂੰ ਕਲਿਜੁਗ ਦੇ ਵਿਖਾਵੇ ਦਾ ਰੋਲਾ ਕਿਵੇਂ ਸਹਿਣ ਹੋ ਸਕਦਾ ਹੈ। ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਹਰ ਸ਼ਰਧਾਲੂ ਨੂੰ ਆਪ ਸੰਜਮ ਅੰਦਰ ਰਹਿਣਾ ਆ ਜਾਂਦਾ ਹੈ। ਜਿਨ੍ਹਾਂ ਨੂੰ ਇਸ ਪਵਿਤਰ ਅਸਥਾਨ ਦੀ ਜਿਆਦਾ ਜਾਣਕਾਰੀ ਨਹੀਂ ਉਹ ਸ੍ਰੀ ਹਰਿਮੰਦਰ ਸਾਹਿਬ ਨੂੰ ਗੋਲਡਨ ਟੈਂਪਲ ਦੇ ਰੂਪ ਵਿਚ ਵੇਖ ਕੇ ਭਰਮ ‘ਚ ਪੈ ਜਾਂਦੇ ਹਨ। ਸ਼੍ਰੋਮਣੀ ਕਮੇਟੀ ਨੂੰ ਯੋਗ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਹਰ ਆਉਣ ਵਾਲੇ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਪਰਿਸਰ ‘ਚ ਆਉਣ ਤੋਂ ਪਹਿਲਾਂ ਹੀ ਸਪਸ਼ਟ ਹੋ ਜਾਏ ਕਿ ਉਹ ਗੋਲਡਨ ਟੈਂਪਲ ‘ਚ ਨਹੀਂ ਸ੍ਰੀ ਹਰਿਮੰਦਰ ਸਾਹਿਬ ਆਇਆ ਹੈ। ਇਸ ਲਈ ਫ੍ਰੀ ਲਿਟਰੇਚਰ ਦੇ ਸਟਾਲ ਲਾਏ ਜਾਣ ਤੇ ਜਬਾਨੀ ਜਾਣਕਾਰੀ ਦੇ ਪ੍ਰਬੰਧ ਵੀ ਕੀਤੇ ਜਾਨੇ ਚਾਹੀਦੇ ਹਨ। ਸੰਗਤਾਂ ਦੀ ਵਡੀ ਗਿਣਤੀ ਕਾਰਨ ਇਹ ਮੁਸ਼ਕਲ ਜਰੂਰ ਹੈ ਪਰ ਇਸ ਬਿਨਾ ਕੋਈ ਹੋਰ ਚਾਰਾ ਨਹੀਂ ਰਹੀ ਗਿਆ। ਫੋਟੋ , ਵੀਡਿਉ ਤੇ ਪਾਬੰਦੀ ਨਾਲ ਹੀ ਸੰਗਤਾਂ ਨੂੰ ਸਹੀ ਸੇਧ ਦੇਣ ਦੀ ਵੀ ਲੋੜ ਹੈ।
ਸ੍ਰੀ ਹਰਿਮੰਦਰ ਸਾਹਿਬ ਅੰਦਰ ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਤੇ ਗੁਰ ਸ਼ਬਦ ਦਾ ਅੰਮ੍ਰਿਤ ਹਰ ਆਉਣ ਵਾਲੇ ਲਈ ਵਸਰ ਰਿਹਾ ਹੈ। ਸਾਰੇ ਹੀ ਇਸ ਤੋਂ ਲਾਹੇਵੰਦ ਹੁੰਦੇ ਹਨ ਪਰ ਇਹ ਲਾਹਾ ਉਦੋਂ ਕੁੰਚਰ ਇਸਨਾਨ ‘ਚ ਬਦਲ ਜਾਂਦਾ ਹੈ ਜਦੋਂ ਲੋਗ ਮਰਿਆਦਾ ਤੋੜ ਕੇ ਸੇਲਫੀ ਤੇ ਫੋਟੋ ਖਿਚਣ ਲਗ ਪੈਂਦੇ ਹਨ। ਇਸ ਪਾਵਨ ਤੇ ਆਉਣ ਦੀ ਹਾਜਰੀ ਵਾਹਿਗੁਰੂ ਆਪ ਦਰਜ ਕਰ ਰਹੇ ਹਨ। ਫੋਟੋ ਖਿਚ ਕੇ ਲੋਕਾਂ ਨੂੰ ਵਿਖਾਉਣ ਨਾਲ ਹਉਮੇ ਭਾਵੇਂ ਰਜਦਾ ਹੋਵੇ ਪਰ ਵਾਹਿਗੁਰੂ ਦੀ ਸ਼ਰਨ ਆਉਣ ਦਾ ਪੁੰਨ ਅਲੋਪ ਹੋ ਜਾਂਦਾ ਹੈ। ਸ੍ਰੀ ਹਰਿਮੰਦਰ ਸਾਹਿਬ ਆਉਣਾ ਤਾਂ ਸਫਲ ਹੈ ਜੇ ਹਉਮੇ ਮਿਟੇ।
ਨਿਤ ਹੀ ਬਹੁਤ ਵਡੀ ਗਿਣਤੀ ‘ਚ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੀ ਸੰਗਤ ਲਈ ਯੋਗ ਪ੍ਰਬੰਧ ਕਰਨੇ ਸੌਖੇ ਨਹੀਂ। ਇਸ ਦੇ ਨਾਲ ਹੀ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਕਾਇਮ ਰਖਨ ਦੀ ਜਿੰਮੇਵਾਰੀ ਵੀ ਸ਼੍ਰੋਮਣੀ ਕਮੇਟੀ ਦੀ ਹੈ। ਇਹ ਵਾਹਿਗੁਰੂ ਦੀ ਮਿਹਰ ਤੇ ਸੰਗਤ ਦੇ ਸਹਿਯੋਗ ਨਾਲ ਹੀ ਮੁਮਕਿਨ ਹੁੰਦਾ ਹੈ। ਇਸ ਦਾ ਇਕੋ ਮਨੋਰਥ ਹੋਣਾ ਚਾਹੀਦੇ ਕਿ ਜੋ ਇਸ ਦਰ ਤੇ ਆਵੇ ਨਿਰਮਲ ਤੇ ਸਹਿਜ ਹੋ ਜਾਵੇ “
ਸਤਿਗੁਰ ਵਾਕਿ ਹਿਰਦੈ ਹਰਿ ਨਿਰਮਲੁ ਨਾ ਜਮ ਕਾਣਿ ਨ ਜਮ ਕੀ ਬਾਕੀ।

Send this to a friend