ਪਟਿਆਲਾ, 8 ਜਨਵਰੀ (ਦਇਆ ਸਿੰਘ)- ਅੱਜ ਇਥੋ ਦੇ ਬੱਸ ਸਟੈਂਡ ਵਿਖੇ ਵੱਖ-ਵੱਖ ਅਦਾਰਿਆਂ ਅਤੇ ਸਨਅਤੀ ਖੇਤਰ ਦੇ ਮੁਲਾਜਮਾਂ-ਮਜਦੂਰਾਂ ਵਲੋਂ 8 ਅਤੇ 9 ਜਨਵਰੀ ਦੀ 10 ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਤੇ ਦੇਸ਼ ਵਿਆਪੀ ਹੜਤਾਲ ਵਿੱਚ ਸ਼ਾਮਲ ਹੁੰਦਿਆ ਵਿਸ਼ਾਲ ਰੈਲੀ ਕੀਤੀ ਅਤੇ ਉਪਰੰਤ ਪਟਿਆਲਾ ਸ਼ਹਿਰ ਦੇ ਬਜਾਰਾਂ ਵਿੱਚੋਂ ਦੀ ਲਾਮਿਸਾਲ ਮਾਰਚ ਕੱਢਿਆ। ਮੁਲਾਜਮਾਂ, ਮਜਦੂਰਾਂ ਦੇ ਹੱਥਾਂ ਵਿੱਚ ਬੈਨਰ, ਝੰਡੇ ਅਤੇ ਵੱਖ-ਵੱਖ ਮੰਗਾਂ ਦਰਸਾਉਂਦੇ ਨਾਅਰਿਆਂ ਵਾਲੀਆਂ ਤਖਤੀਆਂ ਫੜੀਆਂ ਹੋਈਆਂ ਸਨ। ਮਾਰਚ ਸ਼ੁਰੂ ਕਰਨ ਤੋਂ ਪਹਿਲਾਂ ਬੱਸ ਸਟੈਂਡ ਪਟਿਆਲਾ ਤੇ ਕੀਤੀ ਗਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਦੇਸ਼ ਵਿਆਪੀ ਹੜਤਾਲ ਦਾ ਸੱਦਾ 10 ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਦਿੱਤਾ ਗਿਆ ਸੀ। ਮਜਦੂਰਾਂ ਦੀਆਂ ਉਜਰਤਾਂ ਵਿੱਚ ਵਾਧਾ ਨਹੀਂ ਕੀਤਾ ਜਾ ਰਿਹਾ। ਲੇਬਰ ਕਾਨੂੰਨਾਂ ਵਿੱਚ ਮਜਦੂਰ ਵਿਰੋਧੀ ਸੋਧਾਂ ਕਰਕੇ ਮਜਦੂਰਾਂ ਦੇ ਹੱਕਾਂ ਉਪਰ ਵੱਡਾ ਹਮਲਾ ਕੀਤਾ ਹੈ। ਠੇਕੇਦਾਰੀ ਅਤੇ ਆਊਟ ਸੋਰਸਿੰਗ ਸਿਸਟਮ ਅਧੀਨ ਨਿਗੁਣੀਆਂ ਤਨਖਾਹਾਂ ਬਦਲੇ ਨੌਜੁਆਨਾਂ ਦਾ ਗੰਭੀਰ ਆਰਥਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਰੈਲੀ ਨੂੰ ਸਰਵ ਦਰਸ਼ਨ ਸਿੰਘ ਲੁਬਾਣਾ, ਹਰੀ ਸਿੰਘ ਟੌਹੜਾ ਪ੍ਰਧਾਨ ਸਟੇਟ ਕਰਮਚਾਰੀ ਦਲ, ਦਰਸ਼ਨ ਸਿੰਘ ਬੇਲੂਮਾਜਰਾ , ਉਤਮ ਸਿੰਘ ਬਾਗੜੀ, ਜਗਮੋਹਨ ਨੋਲੱਖਾ, ਗੁਰਵਿੰਦਰ ਸਿੰਘ ਗੋਲਡੀ ਪ੍ਰਧਾਨ ਪੀ.ਆਰ.ਟੀ.ਸੀ. ਵਰਕਰਜ਼ ਯੂਨੀਅਨ ਏਟਕ, ਮੁਹੰਮਦ ਖਲੀਲ, ਕਰਮਚੰਦ ਗਾਂਧੀ, ਇੰਦਰਜੀਤ ਢਿੱਲੋਂ ਆਦਿ ਆਗੂਆਂ ਨੇ ਵੱਖ-ਵੱਖ ਮੁੱਦਿਆਂ ਦੀ ਭਰਪੂਰ ਵਿਆਖਿਆ ਸਹਿਤ ਸੰਬੋਧਨ ਕਰਦਿਆ ਮਜਦੂਰ ਜਮਾਤ ਨੂੰ ਸਖਤ ਸੰਘਰਸ਼ਾਂ ਲਈ ਤਿਆਰ ਰਹਿਣ ਦਾ ਸੱਦਾ ਦਿੰਦਿਆ ਮਜਦੂਰਾਂ ਨੂੰ ਸਰਮਾਏਦਾਰੀ ਪ੍ਰਬੰਧ ਦੀ ਲੁੱਟ ਨੂੰ ਗੰਭੀਰਤਾ ਨਾਲ ਸਮਝਣ ਦੀ ਲੋੜ ਤੇ ਵੀ ਜੋਰ ਦਿੱਤਾ ਅਤੇ ਕਲ 9 ਜਨਵਰੀ ਨੂੰ ਫਿਰ ਲੇਬਰ ਦਫਤਰ ਪਟਿਆਲਾ ਸਾਹਮਣੇ ਰੈਲੀ ਵਿੱਚ ਪੁੱਜਣ ਦਾ ਸੱਦਾ ਦਿਤਾ।ਰੈਲੀ ਦੀ ਸਮਾਪਤੀ ਉਪਰੰਤ ਇੱਕ ਵਿਸ਼ਾਲ ਮਾਰਚ ਬਜਾਰਾਂ ਵਿੱਚੋਂ ਦੀ ਕੱਢਿਆ ਗਿਆ। ਜਿਸ ਵਿੱਚ ਮੋਦੀ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜੀ ਕਰਨ ਦੇ ਨਾਲ ਨਾਲ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਵੀ ਕੋਸਿਆ ਗਿਆ।