ਪੁਰਾਣੀ ਰੰਜਿਸ਼ ਤਹਿਤ 27 ਸਾਲਾ ਵਿਅਕਤੀ ਦਾ ਕੀਤਾ ਸੀ ਕਤਲ
ਜਲੰਧਰ , 8 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਕਾਊਂਟਰ ਇੰਟੈਲੀਜੈਂਸ ਵਿੰਗ ਅਤੇ ਦਿਹਾਤੀ ਪੁਲਿਸ ਵਲੋਂ ਪਿਛਲੀ ਦੀਵਾਲੀ ਦੀ ਰਾਤ ਨੂੰ 27 ਸਾਲਾ ਵਿਅਕਤੀ ਦੇ ਕਤਲ ਅਤੇ ਉਸ ਦੇ ਦੋ ਰਿਸ਼ਤੇਦਾਰਾਂ ਨੂੰ ਗੰਭੀਰ ਜ਼ਖਮੀ ਕਰਨ ਦੇ ਦੋਸ਼ ਵਿੱਚ ਗੁਰਦਾਸਪੁਰ ਵਿਖੇ ਬਦਨਾਮ ਸੈਣੀ ਗੈਂਗ ਦੇ ਗੈਂਗਸਟਰ ਕਾਕਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਗੈਂਗਸਟਰ ਦੀ ਪਹਿਚਾਣ ਗੁਰਪ੍ਰੀਤ ਉਰਫ਼ ਕਾਕਾ ਪੁੱਤਰ ਕਿਸ਼ਨ ਚੰਦ ਵਾਸੀ ਹਰੀਜਨ ਕਲੌਨੀ, ਦੀਨਾਨਗਰ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ ਅਤੇ ਉਸ ਪਾਸੋਂ ਇਕ ਗੈਰ ਕਾਨੂੰਨੀ ਪਿਸਤੌਲ ਤੇ ਦੋ ਮੈਗਜੀਨਾਂ ਸਮੇਤ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਇਕ ਪ੍ਰੈਸ ਬਿਆਨ ਵਿੱਚ ਏ.ਆਈ.ਜੀ. ਸ੍ਰੀ ਹਰਕੰਵਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਵਿੰਗ ਵਲੋਂ ਪੰਜਾਬ ਵਿੱਚ ਗੈਂਗਸਟਰਾਂ ਅਤੇ ਹੋਰ ਅਪਰਾਧੀਆਂ ਦੀਆਂ ਗਤੀਵਿਧੀਆਂ ’ਤੇ ਸਖ਼ਤ ਨਿਗ੍ਹਾ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਭਰੋਸੇ ਯੋਗ ਸੂਤਰਾਂ ਤੋਂ ਸੂਚਨਾ ਮਿਲੀ ਸੀ ਕਿ ਗੁਰਦਾਸਪੁਰ ਵਿਖੇ ਬਦਨਾਮ ਗੈਂਗ ਨਾਲ ਸਬੰਧਿਤ ਗੈਂਗਸਟਰ ਜੋ ਕਿ ਕਈ ਕੇਸਾਂ ਵਿੱਚ ਪੁਲਿਸ ਨੂੰ ਲੋੜੀਂਦਾ ਹੈ ਗੈਰ ਕਾਨੂੰਨੀ ਹਥਿਆਰਾਂ ਨਾਲ ਸੜਕ ਦੇ ਰਾਸਤੇ ਜਲੰਧਰ ਵੱਲ ਨੂੰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸੂਚਨਾ ਤੁਰੰਤ ਐਸ.ਐਸ.ਪੀ.(ਦਿਹਾਤੀ) ਸ੍ਰੀ ਨਵਜੋਤ ਸਿੰਘ ਮਾਹਲ ਨਾਲ ਸਾਂਝੀ ਕੀਤੀ ਗਈ ਤੇ ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਨੂੰ ਫੜਨ ਲਈ ਇਕ ਸਾਂਝੀ ਟੀਮ ਦਾ ਗਠਨ ਕੀਤਾ ਗਿਆ। ਟੀਮ ਵਲੋਂ ਰਾਸ਼ਟਰੀ ਮਾਰਗ ਭੋਗਪੁਰ ਵਿਖੇ ਜਲੋਵਾਲ ਚੌਕ ਨੇੜੇ ਤਲਾਸ਼ੀ ਅਭਿਆਨ ਚਲਾਇਆ ਗਿਆ ਅਤੇ ਇਸ ਦੌਰਾਨ ਗੁਰਪ੍ਰੀਤ ਨੇ ਆਪਣੇ ਆਪ ਨੂੰ ਪੁਲਿਸ ਤੋਂ ਛਿਪਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਗੁਰਪ੍ਰੀਤ ਵਲੋਂ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਕਿ ਉਹ ਭਗੌੜੇ ਗੈਂਗਸਟਰ ਦਵਿੰਦਰ ਸੈਣੀ ਵਲੋਂ ਦੀਨਾਨਗਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਚਲਾਏ ਜਾ ਰਹੇ ਗੈਂਗ ਨਾਲ ਸਬੰਧ ਰੱਖਦਾ ਹੈ । ਉਨ੍ਹਾਂ ਦੱਸਿਆ ਕਿ 2018 ਦੀ ਦੀਵਾਲੀ ਦੀ ਰਾਤ ਨੂੰ ਜਦੋਂ ਮੁਖਤਿਆਰ ਸਿੰਘ ਆਪਣੇ ਦੋਸਤਾਂ ਨਾਲ ਬਜ਼ਾਰ ਖਰੀਦਦਾਰੀ ਕਰਨ ਲਈ ਜਾ ਰਿਹਾ ਸੀ ਤਾਂ ਉਸਨੇ ਦਵਿੰਦਰ ਸੈਣੀ ਅਤੇ ਹੋਰਨਾਂ ਦੇ ਨਾਲ ਮਿਲ ਕੇ ਗੈਰ ਕਾਨੂੰਨੀ ਪਿਸਤੌਲ ਨਾਲ ਮੁਖਵਿੰਦਰ ਸਿੰਘ ਨੂੰ ਗੋਲੀਆਂ ਮਾਰੀਆਂ। ਸ੍ਰੀ ਖੱਖ ਨੇ ਦੱਸਿਆ ਕਿ ਗੈਂਗਸਟਰ ਵਲੋਂ ਮੁਖਵਿੰਦਰ ਸਿੰਘ ’ਤੇ 6 ਗੋਲੀਆਂ ਮਾਰੀਆਂ ਗਈਆਂ। ਉਨ੍ਹਾਂ ਦੱਸਿਆ ਕਿ ਗੋਲੀਆਂ ਨਾਲ ਮੁਖਵਿੰਦਰ ਸਿੰਘ ਦੇ ਕੁਝ ਦੋਸਤ ਵੀ ਜਖਮੀ ਹੋ ਗਏ ਜਿਨਾਂ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਦੀਵਾਲੀ ਦੀ ਰਾਤ ਨੂੰ ਮਰਨ ਵਾਲੇ ਵਿਅਕਤੀ ਦੇ ਭਰਾ ਅਤੇ ਸੈਣੀ ਗਰੁੱਪ ਵਿਚਕਾਰ ਕੁਝ ਝਗੜਾ ਹੋ ਗਿਆ ਜੋ ਬਾਅਦ ਵਿੱਚ ਦੁਸ਼ਮਣੀ ਵਿੱਚ ਬਦਲ ਗਿਆ। ਸ੍ਰੀ ਖੱਖ ਨੇ ਦੱਸਿਆ ਕਿ ਮੌਤ ਵਾਲੇ ਦਿਨ ਮੁਖਵਿੰਦਰ ਸਿੰਘ ਦੀ ਵਿਆਹ ਦੀ ਦੂਜੀ ਵਰ੍ਹੇਗੰਢ ਸੀ ਅਤੇ ਉਸ ਦੀ ਪਤਨੀ ਗਰਭਵਤੀ ਸੀ। ਇਸ ਲਈ ਪਰਿਵਾਰਕ ਮੈਂਬਰਾਂ ਵਲੋਂ ਦੀਵਾਲੀ ਵਾਲੀ ਰਾਤ ਨੂੰ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਜੋ ਗਮ ਵਿੱਚ ਬਦਲ ਗਈਆਂ। ਗੁਰਦਾਸਪੁਰ ਪੁਲਿਸ ਵਲੋਂ ਇਸ ਕਤਲ ਕੇਸ ਵਿੱਚ ਪਹਿਲਾਂ ਹੀ ਕੁਝ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਜਦਕਿ ਦਵਿੰਦਰ ਸੈਣੀ ਅਤੇ ਗੁਰਪ੍ਰੀਤ ਕਾਕਾ ਉਦੋਂ ਤੋਂ ਫਰਾਰ ਸਨ। ਸ੍ਰੀ ਖੱਖ ਨੇ ਅੱਗੇ ਕਿਹਾ ਕਿ ਇਹ ਧਿਆਨ ਵਿੱਚ ਆਇਆ ਹੈ ਕਿ ਕਤਲ ਤੋਂ ਬਾਅਦ ਇਨ੍ਹਾਂ ਵਲੋਂ ਸੂਬੇ ਨੂੰ ਛੱਡ ਦਿੱਤਾ ਗਿਆ ਅਤੇ ਇਹ ਬਿਹਾਰ ਵਿਖੇ ਪਟਨਾ ਸਾਹਿਬ ਚਲੇ ਗਏ ਜਿਥੇ ਕੋਈ ਦੋ ਮਹੀਨੇ ਰਹਿਣ ਤੋਂ ਬਾਅਦ ਇਹ ਵਾਪਿਸ ਆ ਗਏ। ਏ.ਆਈ.ਜੀ.ਨੇ ਅੱਗੇ ਦੱਸਿਆ ਕਿ ਸੈਣੀ ਗਰੁੱਪ ਅਤੇ ਸੁੱਖ ਭਿਖਾਰੀਵਾਲ ਗਰੁੱਪ ਵਿੱਚ ਕੁਝ ਅਣਬਣ ਚੱਲ ਰਹੀ ਸੀ ਅਤੇ ਇਹ ਸੁੱਖ ਭਿਖਾਰੀਵਾਲ ਗਰੁੱਪ ਦੇ ਕੁਝ ਮੈਂਬਰਾਂ ਨੂੰ ਮਾਰਨਾ ਚਾਹੁੰਦੇ ਸਨ। ਭੋਗਪੁਰ ਪੁਲਿਸ ਸਟੇਸ਼ਨ ਵਿਖੇ ਗੁਰਪ੍ਰੀਤ ਸਿੰਘ ਦੇ ਖਿਲਾਫ਼ ਅਸਲਾ ਐਕਟ ਦੀ ਧਾਰਾ 25/54/59 ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਬੰਧਿਤ ਪੁਲਿਸ ਸਟੇਸ਼ਨ ਵਿਖੇ ਇਸ ਵਿਰੁੱਧ ਕਤਲ ਦਾ ਕੇਸ ਰਜਿਸਟਰਡ ਕੀਤਾ ਜਾਵੇਗਾ ਤੇ ਸਬੰਧਿਤ ਅਦਾਲਤ ਵਲੋਂ ਰਿਮਾਂਡ ਲਿਆ ਜਾਵੇਗਾ।