ਖਰੜ, 4 ਜਨਵਰੀ (ਹਰਵਿੰਦਰ ਮਹਿਰਾ)- ਕ੍ਰਿਸ਼ਚਨ ਭਾਈਚਾਰੇ ਨਾਲ ਸਬੰਧਤ ਉੱਤਰੀ ਭਾਰਤ ਦੀ ਪ੍ਰਮੁੱਖ ਸੰਸਥਾ ‘ਡਾਇਓਸਿਸ ਆਫ਼ ਚੰਡੀਗੜ੍ਹ’ ਦੇ ਆਹੁਦੇਦਾਰਾਂ ਨੇ ਖਰੜ ਵਿਖ਼ੇ ਪ੍ਰੈਸ ਕਾਨਫਰੰਸ ਕਰਕੇ ਦੋ ਵਿਅਕਤੀਆਂ ’ਤੇ ਗੈਰ ਕਾਨੂੰਨੀ ਢੰਗ ਨਾਲ ਮਿਸ਼ਨ ਦੀ ਜ਼ਮੀਨ ਵੇਚਣ ਦੇ ਦੋਸ਼ ਲਗਾਏ। ਇਸ ਮੌਕੇ ਸੰਸਥਾ ਦੇ ਜਨਰਲ ਸਕੱਤਰ ਪਾਦਰੀ ਅਵਿਨਾਸ਼ ਨੇ ਦੱਸਿਆ ਕਿ ਸਟੀਫ਼ਨ ਸਿੰਘ ਜੋ ਕਿ ਝਾਂਸੀ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ, ਇਸ ਵਿਅਕਤੀ ਨੇ ‘ਯੂਨਾਇਟਿਡ ਚਰਚ ਆਫ਼ ਨਾਰਦਨ ਇੰਡਿਆ ਟਰੱਸਟ ਐਸ਼ੋਸ਼ੀਏਸ਼ਨ’ ਦੇ ਨਾਮ ਦੀ ਝੂਠੀ ਪਾਵਰ ਆਫ਼ ਅਟਾਰਨੀ ਬਣਾਈ ਹੋਈ ਹੈ ਅਤੇ ਝੂਠੀ ਅਟਾਰਨੀ ਦਾ ਦੁਰਉਪਯੋਗ ਕਰਦਿਆਂ ਸਿਵਲ ਹਸਪਤਾਲ ਖਰੜ ਰੋਡ ’ਤੇ ਖਸਰਾ ਨੰ: 365/2 ਜੋ ਕਿ ‘ਨਿਊਜ਼ੀਲੈਂਡ ਈਸਟ ਮਿਸ਼ਨ’ ਦੀ ਲੱਗਭੱਗ 9 ਮਰਲੇ ਜ਼ਮੀਨ ਹੈ ਅਤੇ ਇਸ ਜ਼ਮੀਨ ’ਤੇ ਬਣੇ ਮਕਾਨ ਵਿੱਚ ਪਿਛਲੇ ¦ਬੇ ਸਮੇਂ ਤੋਂ ਸੱਤਿਆ ਲੋਇਲ ਨਾਮ ਦੀ ਔਰਤ 35 ਰੁਪਏ ਪ੍ਰਤੀ ਮਹੀਨਾ ਕਿਰਾਏ ’ਤੇ ਰਹਿ ਰਹੀ ਹੈ। ਕਿਰਾਏਦਾਰ ਸੱਤਿਆ ਲੋਇਲ ਦੀ ਨੂੰਹ ਹਰਭਜਨ ਕੌਰ ਜੋ ਕਿ ਇੱਕ ਸਰਕਾਰੀ ਵਕੀਲ ਹੈ ਅਤੇ ਸਟੀਫ਼ਨ ਸਿੰਘ ਨੇ ਹਰਭਜਨ ਕੌਰ ਦੀ ਮੱਦਦ ਨਾਲ ਜਾਅਲੀ ਢੰਗ ਨਾਲ ਉਕਤ 9 ਮਰਲੇ ਜ਼ਮੀਨ ਵਿੱਚੋਂ 7 ਮਰਲੇ ਜ਼ਮੀਨ ਜਿਸ ’ਤੇ ਮਕਾਨ ਬਣਿਆ ਹੈ ਦੀ ਰਜਿਸਟਰੀ ਹਰਭਜਨ ਕੌਰ ਦੇ ਪਤੀ ਰਵੀ ਲੋਇਲ ਦੇ ਨਾਮ ਕਰਵਾ ਦਿੱਤੀ। ਜਿਸ ਕਾਰਨ ਨਿਊਜ਼ੀਲੈਂਡ ਈਸਟ ਮਿਸ਼ਨ ਦੀ ਲੱਗਭੱਗ 50 ਲੱਖ ਰੁਪਏ ਕੀਮਤ ਦੀ ਜ਼ਮੀਨ ਧੋਖੇ ਨਾਲ ਰਵੀ ਲੋਇਲ ਦੇ ਨਾਂ ਕਰਵਾਈ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਇਸ ਰਜਿਸਟਰੀ ਦੇ ਵਿਰੋਧ ਵਿੱਚ ਉਨ੍ਹਾਂ ਵੱਲੋਂ ਖਰੜ ਦੀ ਮਾਨਯੋਗ ਅਦਾਲਤ ਵਿੱਚ ਇੱਕ ਕੇਸ ਵੀ ਦਰਜ ਕਰਵਾਇਆ ਹੋਇਆ ਅਤੇ ਕਥਿਤ ਦੋਸ਼ੀ ਸਟੀਫ਼ਨ ਸਿੰਘ ਖਿਲਾਫ਼ ਮਿਤੀ 10 ਜਨਵਰੀ 2018 ਨੂੰ ਐੱਸਐੱਸਪੀ ਮੋਹਾਲੀ ਨੂੰ ਵੀ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਮਿਸ਼ਨ ਦੀ ਖਰੜ ਵਿੱਚ ਜਾਇਦਾਦ ਸਬੰਧੀ ‘ਪ੍ਰਿਸਬਾਇਟੇਰੀਅਨ ਚਰਚ ਆਫ਼ ਨਿਊਜ਼ੀਲੈਂਡ’ ਤੋਂ ਇੱਕ ਪਾਵਰ ਆਫ਼ ਅਟਾਰਨੀ ਜਨਰਲ ਸਕੱਤਰ ‘ਸੀਐਨਆਈ ਸਾਇਨੋਡ’ ਦੇ ਨਾਮ ’ਤੇ ਬਣ ਕੇ ਆਈ ਅਤੇ ਉਸ ਤੋਂ ਅੱਗੇ ਸਪੈਸ਼ਲ ਪਾਵਰ ਆਫ਼ ਅਟਾਰਨੀ ਖਰੜ ਦੇ ਵਸਨੀਕ ਪ੍ਰੇਮ ਮਸੀਹ ਨੂੰ ਮਿਸ਼ਨ ਦੀ ਜ਼ਮੀਨ ਦੀ ਸਾਂਭ ਸੰਭਾਲ ਲਈ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਟੀਫ਼ਨ ਸਿੰਘ ਨੇ ਆਪਣੀ ਜਾਅਲੀ ਅਟਾਰਨੀ ਦੀ ਦੁਰਵਰਤੋਂ ਕਰਦਿਆਂ ਅਸਲ ਅਟਾਰਨੀ ਦੇ ਮਾਲਕ ਪ੍ਰੇਮ ਮਸੀਹ ਸਮੇਤ ਕੁੱਲ 6 ਵਿਅਕਤੀਆਂ ’ਤੇ ਥਾਣਾ ਸਿਟੀ ਖਰੜ ਵਿਖ਼ੇ ਮਿਤੀ 22 ਨਵੰਬਰ 2018 ਨੂੰ ਇੱਕ ਜਾਅਲੀ ਪਰਚਾ ਵੀ ਕਰਵਾ ਦਿੱਤਾ। ਉਨ੍ਹਾਂ ਕਿਹਾ ਕਿ ਸਟੀਫ਼ਨ ਸਿੰਘ ਅਤੇ ਇਸ ਦੇ ਸਾਥੀਆਂ ’ਤੇ ਰਾਜਸਥਾਨ ਦੇ ਜ਼ਿਲ੍ਹਾ ਅਜਮੇਰ ਵਿੱਚ ਕਈ ਮਾਮਲੇ ਦਰਜ ਹਨ ਜਿਨ੍ਹਾਂ ਵਿੱਚ ਧਾਰਾ 420, 406,468,471 ਅਤੇ 120ਬੀ ਆਦਿ ਲਗਾਈਆਂ ਗਈਆਂ ਅਤੇ ਇਸੇ ਤਰ੍ਹਾਂ ਜ਼ਿਲ੍ਹਾ ਕਾਰਜਕਾਰਨੀ ਝਾਂਸੀ, ਫਾਰੁੱਖਾਬਾਦ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਕਾਨਪੁਰ ਨਗਰ ਦੀਆਂ ਮਾਨਯੋਗ ਅਦਾਲਤਾਂ ਦੀਆਂ ਰਿਪੋਰਟਾਂ ਵਿੱਚ ਸਟੀਫ਼ਨ ਸਿੰਘ ਨੂੰ ਫਰਜ਼ੀ ਅਤੇ ਝੂਠੀ ਰਿਪੋਰਟ ਕਰਨ ਵਿੱਚ ਮਾਹਰ ਦੱਸਿਆ ਗਿਆ ਹੈ। ਇਸ ਮੌਕੇ ਡਾਇਓਸਿਸ ਆਫ਼ ਚੰਡੀਗੜ੍ਹ ਦੇ ਵਾਇਸ ਚੇਅਰਮੈਨ ਪਾਦਰੀ ਪੀਟਰ ਜਾਨ, ਪਾਦਰੀ ਬਿੱਟੂ ਸੈਮੁਅਲ,ਪਾਦਰੀ ਐਡਮਿਨ ਮਸੀਹ, ਪ੍ਰੇਮ ਮਸੀਹ ਆਦਿ ਮੌਜੂਦ ਸਨ।
ਕੀ ਕਹਿਣਾ ਹੈ ਵਕੀਲ ਹਰਭਜਨ ਕੌਰ ਦਾ: ਇਸ ਸਬੰਧੀ ਜਦੋਂ ਸਰਕਾਰੀ ਵਕੀਲ ਹਰਭਜਨ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਟੀਫ਼ਨ ਸਿੰਘ ਵੱਲੋਂ ਆਪਣੇ ਪਾਵਰ ਆਫ਼ ਅਟਾਰਨੀ ਦਿਖਾਈ ਗਈ ਸੀ ਅਤੇ ਉਸ ਦੇ ਪਤੀ ਰਵੀ ਲੋਇਲ ਦੇ ਨਾਮ ’ਤੇ ਰਜਿਸਟਰੀ ਵੀ ਕੀਤੀ ਗਈ ਹੈ ਪਰ ਇਸ ਵਿੱਚ ਉਸ ਨੇ ਆਪਣੇ ਸਰਕਾਰੀ ਰੁਤਬੇ ਜਾਂ ਪੇਸ਼ੇ ਦੀ ਕਿਸੇ ਤਰ੍ਹਾਂ ਵੀ ਦੁਰਵਰਤੋਂ ਨਹੀਂ ਕੀਤੀ ਹੈ।
ਕੀ ਕਹਿਣਾ ਹੈ ਸਟੀਫ਼ਨ ਸਿੰਘ ਦਾ: ਇਸ ਸਬੰਧੀ ਜਦੋਂ ਸਟੀਫ਼ਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਰਵੀ ਲੋਇਲ ਦੇ ਨਾਮ ਬਿਲਕੁਲ ਕਾਨੂੰਨੀ ਨਿਯਮਾਂ ਤਹਿਤ ਰਜਿਸਟਰੀ ਕਰਵਾਈ ਗਈ ਹੈ ਅਤੇ ਇਸ ਵਿੱਚ ਕਿਸੇ ਵੀ ਕਿਸਮ ਦੀ ਧੋਖਾਧੜੀ ਨਹੀਂ ਕੀਤੀ ਗਈ। ਉਸ ਨੇ ਕਿਹਾ ਕਿ ਪਹਿਲਾਂ ਹੀ ਮਾਨਯੋਗ ਅਦਾਲਤਾਂ ਕਹਿ ਚੁੱਕੀਆਂ ਹਨ ਕਿ ਹਿੰਦੁਸਤਾਨ ਵਿੱਚ ਮਿਸ਼ਨ ਦੀ ਜ਼ਮੀਨ ਦੀ ਸਾਂਭ ਸੰਭਾਲ ਲਈ ‘ਯੂਨਾਇਟਿਡ ਚਰਚ ਆਫ਼ ਨਾਰਦਨ ਇੰਡੀਆ ਟ੍ਰਸਟ ਐਸ਼ੋਸ਼ੀਏਸ਼ਨ’ ਬਿਲਕੁਲ ਸਹੀ ਸੰਸਥਾ ਹੈ ਅਤੇ ‘ਸੀਐਨਆਈ ਸਾਇਨੋਡ’ ਕੋਲ ਅਜਿਹੇ ਕੋਈ ਹੱਕ ਨਹੀਂ ਹਨ। ਰਾਜਸਥਾਨ ਵਿੱਚ ਉਸ ਵਿਰੁੱਧ ਦਰਜ ਹੋਏ ਮਾਮਲਿਆਂ ਸਬੰਧੀ ਉਸ ਕਿਹਾ ਕਿ ‘ਸੀਐਨਆਈ’ ਵੱਲੋਂ ਉਸ ’ਤੇ ਅਤੇ ਉਸ ਦੇ ਸਾਥੀਆਂ ’ਤੇ ਝੂਠੇ ਪਰਚੇ ਕਰਵਾਏ ਗਏ ਸਨ ਅਤੇ ਹੁਣ ਇਨ੍ਹਾਂ ਸਾਰੇ ਮਾਮਲਿਆਂ ਵਿੱਚ ਕ੍ਰਾਸ ਪਰਚੇ ਹੋ ਗਏ ਹਨ ਅਤੇ ਖਰੜ ਵਿੱਚ 22 ਨਵੰਬਰ 2018 ਨੂੰ ਹੋਇਆ ਪਰਚਾ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ। ਉਸ ਨੇ ਕਿਹਾ ਕਿ ਕਈ ਮਸਲੇ ਅਦਾਲਤਾਂ ਵਿੱਚ ਵਿਚਾਰ ਅਧੀਨ ਹਨ ਅਤੇ ਛੇਤੀ ਹੀ ਲੋਕਾਂ ਸਾਹਮਣੇ ਸੱਚਾਈ ਆ ਜਾਵੇਗੀ।