ਸਰੀ (ਕੈਨੇਡਾ)- ਕੈਨੇਡਾ ਦੇ ਹਰਮਨ ਪਿਆਰੇ ਹਰਦਿਲ ਅਜ਼ੀਜ਼ ਪੰਥ ਦਰਦੀ ਜਿੰਨਾਂ ਵਲੋਂ ਸਨ 1982 ਵਿਚ ਕੈਨੇਡਾ ਦੀ ਸੰਗਤ ਵਲੋਂ ਧਰਮ ਯੁਧ ਮੋਰਚੇ ਦੇ ਭੇਜੇ ਗਏ ਜਥੇ ਦੀ ਅਗਵਾਈ ਕੀਤੀ ਅਤੇ ਸ੍ਰੀ ਅੰਮ੍ਰਿਤਸਰ ਵਿਚ ਜਾ ਕੇ ਗ੍ਰਿਫ਼ਤਾਰੀ ਦਿਤੀ। ਉਹ ਮਹਾਨ ਜੁਝਾਰੂ ਆਗੂ 11 ਦਸੰਬਰ, 2018 ਨੂੰ ਇਸ ਫ਼ਾਨੀ ਸੰਸਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ 22 ਦਸੰਬਰ, 2018 ਸ਼ਨੀਚਰਵਾਰ ਰਿਵਰ ਸਾਈਡ ਫਿਊਨਰਲ ਹੋਮ ਡੈਲਟਾ ਵਿਖੇ ਕੀਤਾ ਗਿਆ। ਇਸ ਸਮੇਂ ਪੂਰੇ ਲੋਅਰ ਮੇਨ ਲੈਂਡ ਦੀਆਂ ਸੰਗਤਾਂ ਦੇ ਠਾਠਾਂ ਮਾਰਦੇ ਸਮੁੰਦਰ ਨੇ ਫਿਊਨਰਲ ਹਾਲ ਖਚਾ ਖਚ ਭਰ ਦਿਤਾ। ਇਸ ਮੌਕੇ ਸਮੂਹ ਗੁਰੂ ਘਰਾਂ ਦੇ ਪ੍ਰਤੀਨਿਧ ਧਾਰਮਿਕ, ਸਮਾਜਿਕ, ਭਾਈਚਾਰਕ, ਰਾਜਨੀਤਿਕ, ਅਦਬੀ ਰੰਗਕਰਮੀ ਅਤੇ ਮੀਡੀਆ ਕਰਮੀ ਸ਼ਾਮਲ ਸਨ। ਇਸ ਮੌਕੇ ਸਮੂਹ ਸੰਗਤ ਆਪਣੇ ਮਹਿਬੂਬ ਦੇ ਅੰਤਿਮ ਦਰਸ਼ਨ ਕਰਨ ਲਈ ਦੂਰੋਂ ਦੂਰੋਂ ਵਹੀਰਾਂ ਘਤ ਕੇ ਪੁਜੀ ਹੋਈ ਸੀ। ਅਜ ਦਾ ਇਹ ਇਕਠ ਕੈਨੇਡਾ ਦੇ ਇਤਿਹਾਸ ਵਿਚ ਨਿਵੇਕਲਾ ਸੀ ਜਿਸ ਤੋਂ ਪਤਾ ਲਗਦਾ ਹੈ ਕਿ ਉਹ ਸਿਖਾਂ ਦੇ ਮਹਿਬੂਬ ਜਥੇਦਾਰ ਪਾਲ ਸਿੰਘ ਰੰਧਾਵਾ ਨੂੰ ਕਿੰਨੀ ਮੁਹਬਤ ਤੇ ਪਿਆਰ ਕਰਦੇ ਹਨ। ਵਿਸ਼ਾਲ ਫਿਊਨਰਲ ਹਾਲ ਵਿਚ ਸਭ ਤੋਂ ਪਹਿਲਾਂ ਰਿਚਮੰਡ ਈਸਟ ਹਲਕੇ ਦੇ ਮੈਂਬਰ ਪਾਰਲੀਮੈਂਟ ਜੋ ਪੈਸੀਲੀਡੋ ਅਤੇ ਰਿਚਮੰਡ ਦੇ ਮੇਅਰ ਮੈਲਕਾਮ ਬਰੋਡੀ ਨੇ ਆਪਣੇ ਹਲਕੇ ਦੀ ਪ੍ਰਤੀਨਿਧਤਾ ਕਰਦੇ ਹੋਏ ਸੰਖੇਪ ਤੇ ਭਾਵਪੂਰਤ ਸ਼ਰਧਾਂਜਲੀ ਭੇਟ ਕੀਤੀ। ਉਸ ਤੋਂ ਬਾਅਦ ਜਥੇਦਾਰ ਪਾਲ ਸਿੰਘ ਰੰਧਾਵਾ ਦੇ ਵਡੇ ਸਪੁਤਰ ਸਰਦਾਰ ਚਰਨਜੀਤ ਸਿੰਘ ਰੰਧਾਵਾ ਜੋ ਕਿਸੇ ਸਮੇਂ ਖਾਲਸਾ ਦੀਵਾਨ ਸੁਸਾਇਟੀ ਰੌਸ ਸਟਰੀਟ ਦੇ ਪ੍ਰਧਾਨ ਰਹਿ ਚੁਕੇ ਹਨ ਆਪਣੇ ਸਤਿਕਾਰਯੋਗ ਤੇ ਪਿਆਰੇ ਬਾਪੂ ਜੀ ਦੇ ਜੀਵਨ ਦੇ ਅਨੇਕ ਮਹਤਵਪੂਰਨ ਤੇ ਦੁਰਲਭ ਪਖਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦਸਿਆ ਕਿ ਉਨ੍ਹਾਂ ਦੇ ਪਿਤਾ ਸੰਤ ਸਿਪਾਹੀ ਤੇ ਜੁਝਾਰੂ ਤਬੀਅਤ ਦੇ ਆਦੀ ਸਨ। ਉਨ੍ਹਾਂ ਦਾ ਸਾਰਾ ਜੀਵਨ ਸੰਘਰਸ਼ਮਈ ਤੇ ਪ੍ਰੇਰਨਾ ਸਰੋਤ ਸੀ। ਉਸ ਤੋਂ ਬਾਅਦ ਭਾਈਚਾਰੇ ਦੀ ਨਾਮਵਰ ਸ਼ਖ਼ਸੀਅਤ ਮੋਤਾ ਸਿੰਘ ਨੇ ਜਥੇਦਾਰ ਜੀ ਵਲੋਂ ਧਰਮ ਯੁਧ ਮੋਰਚੇ ਵਿਚ ਉਨ੍ਹਾਂ ਦੇ ਦਿਤੇ ਯੋਗਦਾਨ ਤੇ ਕੁਰਬਾਨੀਆਂ ਨੂੰ ਸੋਹਣੇ ਤੇ ਢੁਕਵੇਂ ਸ਼ਬਦਾਂ ਵਿਚ ਬਿਆਨ ਕੀਤਾ। ਫਿਰ ਦਸਮੇਸ਼ ਦਰਬਾਰ ਗੁਰੂ ਘਰ ਤੇ ਰਹਿ ਚੁਕੇ ਫਾਊਂਡਰ ਪ੍ਰਧਾਨ ਭਾਈ ਜਗਤਾਰ ਸਿੰਘ ਸੰਧੂ ਨੇ ਬੜੇ ਪ੍ਰਭਾਵਸ਼ਾਲੀ ਸ਼ਬਦਾਂ ਰਾਹੀਂ ਜਥੇਦਾਰ ਰੰਧਾਵਾ ਦੀ ਸ਼ਖ਼ਸੀਅਤ ਨੂੰ ਕੁਜੇ ਵਿਚ ਸਮੁੰਦਰ ਨਿਆਈਂ ਭਰ ਦਿਤਾ। ਇਸ ਸਮੇਂ ਵਿਸ਼ੇਸ਼ ਤੌਰ ਤੇ ਜਥੇਦਾਰ ਸਾਹਿਬ ਦੇ ਪੋਤੇ ਗੁਰਸ਼ੇਰ ਸਿੰਘ ਤੇ ਕੰਵਰ ਸ਼ੇਰ ਸਿੰਘ (ਸਪੁਤਰ ਪਰਮਜੀਤ ਸਿੰਘ ਰੰਧਾਵਾ) ਨੇ ਆਪਣੇ ਦਾਦੇ ਦੀ ਜ਼ਿੰਦਗੀ ਦੇ ਅਨੇਕ ਖ਼ੂਬਸੂਰਤ ਪਖਾਂ ਤੋਂ ਬੜੇ ਸੋਹਣੇ ਅੰਦਾਜ਼ ਵਿਚ ਰੌਸ਼ਨੀ ਪਾਈ। ਉਨ੍ਹਾਂ ਨੇ ਆਪਣੇ ਦਾਦੇ ਵਲੋਂ ਮਿਲੇ ਪਿਆਰ ਤੇ ਮੁਹਬਤ ਦਾ ਵੀ ਜ਼ਿਕਰ ਕੀਤਾ। ਇਸ ਸਮੇਂ ਵਖ ਵਖ ਗੁਰੂ ਘਰਾਂ ਤੇ ਸੰਸਥਾਵਾਂ ਨੇ ਜਥੇਦਾਰ ਪਾਲ ਸਿੰਘ ਰੰਧਾਵਾਂ ਨੂੰ ਦੁਸ਼ਾਲੇ ਤੇ ਸਿਰੋਪਾਓ ਪਾ ਕੇ ਆਪਣੀ ਸ਼ਰਧਾ ਦੇ ਫੁਲ ਭੇਂਟ ਕੀਤੇ। ਦਸਮੇਸ਼ ਦਰਬਾਰ ਸਰੀ ਵਲੋਂ ਗਿਆਨ ਸਿੰਘ ਸੰਧੂ, ਸਤਿੰਦਰਪਾਲ ਸਿੰਘ ਗਿਲ, ਜਗਤਾਰ ਸਿੰਘ ਸੰਧੂ, ਮਨਜੀਤ ਸਿੰਘ ਬਾਸੀ, ਪਿਆਰਾ ਸਿੰਘ, ਦਵਿੰਦਰ ਸਿੰਘ ਗਰੇਵਾਲ ਨੇ ਦੁਸ਼ਾਲੇ ਤੇ ਸਿਰੋਪਾਓ ਭੇਂਟ ਕੀਤੇ। ਫਿਰ ਸ੍ਰੀ ਗੁਰੂ ਸਿੰਘ ਸਭਾ ਤੇ ਾਂ ਸ਼ ੌ ਵਲੋਂ ਬਲਬੀਰ ਸਿੰਘ ਨਿਜਰ, ਸਰਦਾਰ ਕੁੰਦਨ ਸਿੰਘ ਸੁਜਾਨ, ਪ੍ਰੇਮ ਸਿੰਘ ਵਾਨਿੰਗ ਤੇ ਭਾਈ ਜਗਦੀਸ਼ ਸਿੰਘ ਨੇ ਦੁਸ਼ਾਲੇ ਰਾਹੀਂ ਆਪਣੀ ਅਕੀਦਤ ਭੇਂਟ ਕੀਤੀ। ਗੁਰੂ ਘਰ ਦੁਖ ਨਿਵਾਰਨ ਵਲੋਂ ਗਿਆਨੀ ਨਰਿੰਦਰ ਸਿੰਘ ਤੇ ਅਨੂਪ ਸਿੰਘ ਲੁਡੂ ਤੇ ਗੁਰਦੁਆਰਾ ਸੁਖ ਸਾਗਰ ਨਿਊ ਵੈਸਟ ਵਲੋਂ ਹਰਭਜਨ ਸਿੰਘ ਅਠਵਾਲ ਨੇ ਵੀ ਆਪਣੇ ਗੁਰੂ ਘਰਾਂ ਵਲੋਂ ਦੁਸ਼ਾਲੇ ਤੇ ਸਿਰੋਪਾਓ ਭੇਂਟ ਕੀਤਾ। ਇਸ ਸਮੇਂ ਖ਼ਾਲਸਾ ਦਰਬਾਰ ਵੈਨਕੂਵਰ ਵਲੋਂ ਕਰਮ ਸਿੰਘ, ਹਰਿੰਦਰ ਸਿੰਘ ਸੋਹੀ, ਅਮਰਜੀਤ ਸਿੰਘ ਸੰਧੂ ਨੇ ਸਿਰੋਪਾਓ ਤੇ ਦੁਸ਼ਾਲੇ ਭੇਟ ਕੀਤੇ। ਅੰਤਿਮ ਰਸਮਾਂ ਦੇ ਦਿਨ ਵਿਦਾਇਗੀ ਸਮਾਗਮ ਵਿਚ ਮੈਂਬਰ ਪਾਰਲੀਮੈਂਟ ਰਣਦੀਪ ਸਿੰਘ ਸਰਾਏ, ਡਾ. ਗੁਲਜ਼ਾਰ ਚੀਮਾ ਖਾਲਸਾ ਦਿਵਾਨ ਸੁਸਾਇਟੀ ਵੈਨਕੂਵਰ ਦੇ ਰਹਿ ਚੁਕੇ ਪ੍ਰਧਾਨ ਗੁਰਦਿਆਲ ਸਿੰਘ , ਸੁਰਜੀਤ ਸਿੰਘ ਗਿਲ, ਸੋਹਣ ਸਿੰਘ ਦਿਓ, ਜਰਨੈਲ ਸਿੰਘ ਭੰਡਾਰ, ਗੁਰਦੀਪ ਸਿੰਘ ਗਿਲ, ਜੋਗਿੰਦਰ ਸਿੰਘ ਮਕੜ ਨੇ ਵੀ ਆਪਣੀ ਹਾਜ਼ਰੀ ਲਵਾਈ। ਗੁਰਦੁਆਰਾ ਬਰੂਕ ਸਾਈਡ ਵਲੋਂ ਸੁਰਿੰਦਰ ਸਿੰਘ ਜਬਲ, ਬੰਤਾ ਸਿੰਘ ਸਭਰਵਾਲ ਤੋਂ ਇਲਾਵਾ ਕੈਨੇਡੀਅਨ ਸਿਖ ਸਟਡੀਜ਼ ਵਲੋਂ ਡਾ. ਪੂਰਨ ਸਿੰਘ ਗਿਲ, ਸਤਿਨਾਮ ਸਿੰਘ ਚਹਿਲ, ਜਸਬੀਰ ਸਿੰਘ ਸੰਧੂ, ਜਸਬੀਰ ਸਿੰਘ ਗੰਦਮ ਅੰਤਿਮ ਵਿਦਾਇਗੀ ਤੇ ਪੁਜੇ ਹੋਏ ਸਨ। ਭਾਈਚਾਰੇ ਦੀਆਂ ਨਾਮਵਰ ਸ਼ਖਸ਼ੀਅਤਾਂ ਜਿੰਨਾਂ ਨੇ ਸ਼ਿਰਕਤ ਕੀਤੀ ਉਨ੍ਹਾਂ ਵਿਚ ਵਜ਼ੀਰ ਸਿੰਘ ਕਾਹਲੋਂ, ਅਜੀਤ ਸਿੰਘ ਬਾਠ, ਪ੍ਰੋਫੈਸਰ ਕੰਵਲ ਇੰਦਰ ਸਿੰਘ ਨੀਲ , ਬੇਅੰਤ ਸਿੰਘ ਸਿਧੂ, ਸੁਰਿੰਦਰ ਸਿੰਘ ਤੁੜ ਨੇ ਜਥੇਦਾਰ ਪਾਲ ਸਿੰਘ ਰੰਧਾਵਾ ਨੂੰ ਵਿਦਾਇਗੀ ਦੇਣ ਹਿਤ ਪੁਜੇ ਹੋਏ ਸਨ। ਪੰਜਾਬੀ ਮੀਡੀਆ ਵਲੋਂ ਹਰਜੀਤ ਸਿੰਘ ਪੰਜਾਬ ਗਾਰਡੀਅਨ, ਲਖਬੀਰ ਸਿੰਘ ਖੰਗੂਰਾ ਪੰਜਾਬੀ ਹੈਰੀਟੇਜ, ਸੁਖਵਿੰਦਰ ਚੋਹਲਾ ਅਤੇ ਦੇਸ਼ ਪ੍ਰਦੇਸ਼ ਦੇ ਹੋਰ ਅਨੇਕਾਂ ਮੀਡੀਆ ਕਰਮੀਆਂ ਨੇ ਹਾਜ਼ਰੀ ਭਰੀ। ਅੰਤਿਮ ਵਿਦਾਇਗੀ ਸਮੇਂ ਗੁਰਦਿਆਲ ਸਿੰਘ ਬਾਠ, ਜਸਬੀਰ ਸਿੰਘ ਬਾਠ, ਗੁਰਪਿਆਰ ਸਿੰਘ ਰੋਮਾਣਾ ਨੇ ਵੀ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਕੀਤੀ। ਗੁਰਚਰਨ ਟਲੇਵਾਲੀਆ, ਵਰਡ ਸਿਖ ਆਰਗੇਨਾਈਜੇਸ਼ਨ ਕੇਨੈਡਾ ਦੇ ਫਾਊਂਡਰ ਪ੍ਰਧਾਨ ਸ. ਗਿਆਨ ਸਿੰਘ ਸੰਧੂ, ਸੁਖ ਧਾਰੀਵਾਲ ਮੈਂਬਰ ਪਾਰਲੀਮੈਂਟ, ਹੈਰੀ ਬੈਸ ਐਮ. ਐਲ. ਏ. ਸ਼ਹਿਰ ਤੋਂ ਬਾਹਰ ਹੋਣ ਕਾਰਨ ਇਨ੍ਹਾਂ ਨੇ ਆਪਣੇ ਸ਼ੋਕ ਸੰਦੇਸ਼ ਭੇਜ ਕੇ ਪਰਿਵਾਰ ਨਾਲ ਦੁਖ ਸਾਂਝਾ ਕੀਤਾ। ਖਾਲਸਾ ਦਰਬਾਰ ਵੈਨਕੂਵਰ ਦੇ ਮੁਖ ਗ੍ਰੰਥੀ ਭਾਈ ਮਨਜੀਤ ਸਿੰਘ ਜੀ ਨੇ ਪੂਰੀ ਸ਼ਰਧਾ ਤੇ ਪ੍ਰੇਮ ਨਾਲ ਗੁਰ ਮਰਿਆਦਾ ਅਨੁਸਾਰ ਅੰਤਿਮ ਅਰਦਾਸ ਕਰਕੇ ਜੈਕਾਰਿਆਂ ਦੀ ਗੂੰਜ ਵਿਚ ਜਥੇਦਾਰ ਸਾਹਿਬ ਦੇ ਸਰੀਰ ਨੂੰ ਅਗਨ ਭੇਟ ਕਰਨ ਹਿਤ ਕਾਰਵਾਈ ਕੀਤੀ। ਜਥੇਦਾਰ ਦੇ ਛੋਟੇ ਸਪੁਤਰ ਪਰਮਜੀਤ ਸਿੰਘ ਰੰਧਾਵਾ ਨੇ ਸਮੂਹ ਆਈਆਂ ਸੰਗਤਾਂ ਦਾ ਆਪਣੇ ਪਰਿਵਾਰ ਵਲੋਂ ਧੰਨਵਾਦ ਕੀਤਾ। ਉਪਰੰਤ ਅੰਤਿਮ ਅਰਦਾਸ ਖਾਲਸਾ ਦਰਬਾਰ ਵੈਨਕੂਵਰ ਵਿਚ ਸ਼ਾਮ 4:30 ਤੇ ਹੋਈ ਜਿਥੇ ਵੈਰਾਗਮਈ ਕੀਰਤਨ ਰਾਹੀਂ ਵਿਛੜੀ ਰੂਹ ਨੂੰ ਅਸੀਸਾਂ ਭੇਟ ਕੀਤੀਆਂ ਤੇ ਅੰਤਿਮ ਅਰਦਾਸ ਕੀਤੀ ਗਈ। ਜਥੇਦਾਰ ਪਾਲ ਸਿੰਘ ਰੰਧਾਵਾ ਉਹ ਸ਼ਖ਼ਸੀਅਤ ਸਨ ਜਿੰਨਾਂ ਦੇ ਕੀਤੇ ਕਾਰਜ ਸਦਾ ਰਹਿੰਦੀ ਦੁਨੀਆਂ ਤਕ ਯਾਦ ਰਹਿਣਗੇ।