ਫ਼ਤਹਿਗੜ੍ਹ ਸਾਹਿਬ- ‘‘ਜਮਹੂਰੀਅਤ ਕਦਰਾ-ਕੀਮਤਾ ਨੂੰ ਕਾਇਮ ਰੱਖਣਾ ਅਤਿ ਜ਼ਰੂਰੀ ਹੁੰਦਾ ਹੈ ਅਤੇ ਜਮਹੂਰੀਅਤ ਵਿਚ ਲੋਕਾਂ ਦੀ ਰਾਏ ਦਾ ਵੀ ਵੱਡਾ ਮਹੱਤਵ ਹੁੰਦਾ ਹੈ । ਕਿਉਂਕਿ ਪਾਰਲੀਮੈਂਟ, ਅਸੈਬਲੀ ਜਾਂ ਹੋਰ ਕੋਈ ਰਾਜਨੀਤਿਕ ਸੰਸਥਾਂ ਵਿਚ ਜੇਕਰ ਵਿਰੋਧੀ ਪਾਰਟੀ ਸਰਕਾਰ ਨੂੰ ਡੇਗ ਦੇਵੇ ਤਾਂ ਵਿਰੋਧੀ ਪਾਰਟੀ ਦਾ ਇਹ ਨੈਤਿਕ ਫਰਜ ਹੁੰਦਾ ਹੈ ਕਿ ਉਹ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਸਰਕਾਰ ਬਣਾਵੇ ਅਤੇ ਜੋ ਉਦਮ ਜਾਂ ਕੰਮ ਪਹਿਲੀ ਸਤ੍ਹਾਂ ਤੇ ਬੈਠੀ ਪਾਰਟੀ ਨਹੀਂ ਕਰ ਸਕੀ, ਉਨ੍ਹਾਂ ਕੰਮਾਂ ਨੂੰ ਸੰਜ਼ੀਦਗੀ ਤੇ ਜਿੰਮੇਵਾਰੀ ਨਾਲ ਪੂਰਨ ਕਰੇ । 8-9 ਲੱਖ ਦੇ ਕੌਮੀ ਇਕੱਠ ਰਾਹੀ 10 ਨਵੰਬਰ 2015 ਨੂੰ ਚੱਬੇ ਦੀ ਪਵਿੱਤਰ ਧਰਤੀ ਤੇ ਜੋ ਸਰਬੱਤ ਖ਼ਾਲਸਾ ਦਾ ਇਕੱਠ ਹੋਇਆ ਸੀ, ਉਸ ਕੌਮੀ ਇਕੱਠ ਨੇ ਹੀ ਭਾਈ ਜਗਤਾਰ ਸਿੰਘ ਹਵਾਰਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਭਾਈ ਧਿਆਨ ਸਿੰਘ ਮੰਡ ਐਕਟਿੰਗ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਭਾਈ ਬਲਜੀਤ ਸਿੰਘ ਦਾਦੂਵਾਲ ਤਖ਼ਤ ਸ੍ਰੀ ਦਮਦਮਾ ਸਾਹਿਬ, ਭਾਈ ਅਮਰੀਕ ਸਿੰਘ ਅਜਨਾਲਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸੇਵਾ ਸੌਪੀ ਸੀ । ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ 1 ਜੂਨ 2018 ਨੂੰ ਬਰਗਾੜੀ ਵਿਖੇ ਤਿੰਨ ਕੌਮੀ ਮੰਗਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆ ਨੂੰ ਗ੍ਰਿਫ਼ਤਾਰ ਕਰਨ, ਸ਼ਹੀਦ ਭਾਈ ਗੁਰਜੀਤ ਸਿੰਘ, ਕ੍ਰਿਸ਼ਨ ਭਗਵਾਨ ਸਿੰਘ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ, 25-25 ਸਾਲਾ ਤੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਮੁੱਖ ਰੱਖਕੇ ਮੋਰਚਾ ਸੁਰੂ ਕੀਤਾ ਗਿਆ ਸੀ । ਜਿਸ ਅਧੀਨ ਸਰਕਾਰ ਨਾਲ ਗੱਲਬਾਤ ਅਧੀਨ ਬੇਅਦਬੀ ਦੇ ਸਿਰਸੇ ਵਾਲੇ ਸਾਧ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਬਰਗਾੜੀ ਕਤਲ ਕਾਂਡ ਦੇ ਮੁਜਰਿਮਾਂ ਦੀ ਪਹਿਲੀ ਐਫ.ਆਈ.ਆਰ. ਵਿਚ ਅਣਪਛਾਤੇ ਲਿਖਿਆ ਗਿਆ ਸੀ । ਦੂਸਰੀ ਦਰਜ ਕੀਤੀ ਗਈ ਐਫ.ਆਈ.ਆਰ. ਵਿਚ ਮੁਜਰਿਮਾਂ ਦੀ ਪਹਿਚਾਣ ਦਰਜ ਕੀਤੀ ਗਈ ਹੈ । ਬੀਜੇਪੀ-ਆਰ.ਐਸ.ਐਸ. ਅਤੇ ਬਾਦਲ ਦਲ ਦੀ ਸਿਆਸੀ ਸਾਂਝ ਦੀ ਬਦੌਲਤ ਇਨ੍ਹਾਂ ਮੁਜ਼ਰਿਮਾਂ ਨੂੰ ਅਦਾਲਤੀ ਸਟੇਅ ਮਿਲ ਗਈ ਹੈ, ਜਿਸ ਦਿਨ ਇਹ ਸਟੇਅ ਖਤਮ ਹੋਵੇਗੀ, ਇਹ ਦੋਸ਼ੀ ਵੀ ਗ੍ਰਿਫ਼ਤਾਰ ਕਰ ਲਏ ਜਾਣਗੇ । ਪੰਜਗਰਾਹੀ ਪਿੰਡ ਦੇ ਜਿਨ੍ਹਾਂ ਨੌਜ਼ਵਾਨਾਂ ਉਤੇ ਪੁਲਿਸ ਨੇ ਗੈਰ-ਕਾਨੂੰਨੀ ਤਰੀਕੇ ਤਸੱਦਦ ਕੀਤਾ ਉਹ ਵੀ ਗ੍ਰਿਫ਼ਤਾਰ ਕਰ ਲਏ ਗਏ ਹਨ । ਸ਼ਹੀਦ ਭਾਈ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਇਆ ਸਹਾਇਤਾ ਵੱਜੋ ਦਿੱਤਾ ਗਿਆ । ਭਾਵੇ ਸ. ਬਾਦਲ ਅਤੇ ਸੁਖਬੀਰ ਬਾਦਲ ਨੂੰ ਗ੍ਰਿਫ਼ਤਾਰ ਕਰਨਾ ਮੋਰਚੇ ਦੀਆਂ ਮੰਗਾਂ ਵਿਚ ਸਾਮਿਲ ਨਹੀਂ ਸੀ, ਪਰ ਜਸਟਿਸ ਰਣਜੀਤ ਸਿੰਘ ਦੀ ਆਈ ਰਿਪੋਰਟ ਜਿਸ ਵਿਚ ਉਪਰੋਕਤ ਦੋਵੇ ਆਗੂ ਦੋਸ਼ੀ ਗਰਦਾਨੇ ਗਏ ਹਨ, ਦੀ ਹੋਣ ਵਾਲੀ ਸੀ.ਬੀ.ਆਈ. ਦੀ ਜਾਂਚ ਵਿਚ ਦੇਰੀ ਹੋਣ ਦੇ ਕਾਰਨ ਇਹ ਜਾਂਚ ਸਿੱਟ ਦੇ ਹਵਾਲੇ ਹੋਣ ਨਾਲ ਸ. ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਦੀ ਲੰਮੀ ਇਟੈਰੋਗੇਸ਼ਨ ਹੋਣਾ ਬਰਗਾੜੀ ਮੋਰਚੇ ਦੀ ਵੱਡੀ ਪ੍ਰਾਪਤੀ ਹੈ । ਕਿਉਂਕਿ ਸ. ਬਾਦਲ 5 ਸਾਲ ਮੁੱਖ ਮੰਤਰੀ ਰਹਿ ਚੁੱਕੇ ਹਨ ਤੇ ਸ. ਸੁਖਬੀਰ ਸਿੰਘ ਬਾਦਲ ਗ੍ਰਹਿ ਮੰਤਰੀ ਤੇ ਉਪ ਮੁੱਖ ਮੰਤਰੀ ਰਹਿ ਚੁੱਕੇ ਹਨ ।ੂ
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਸ. ਬੂਟਾ ਸਿੰਘ ਰਣਸੀਹ ਵੱਲੋਂ ਕੌਮ ਨੂੰ ਬਹੁਤ ਵੱਡੇ ਉਦਮ ਉਪਰੰਤ ਏਕਤਾ ਵਿਚ ਪ੍ਰਣਾਏ ਜਾਣ ਉਪਰੰਤ ਨਾਂਹਵਾਚਕ ਸੋਚ ਨਾਲ ਅਰਾਜਕਤਾ ਫੈਲਾਉਣ ਦੀ ਮੰਦਭਾਵਨਾ ਅਧੀਨ ਕੌਮ ਤੋਂ ਵੱਖਰਾ ਰਾਗ ਅਲਾਪਣ ਅਤੇ ਦੁਸ਼ਮਣਾਂ ਤਾਕਤਾਂ ਦੀ ਸੋਚ ਨੂੰ ਖੁਦ ਹੀ ਬਲ ਦੇਣ ਉਤੇ ਗਹਿਰੀ ਚਿੰਤਾ ਅਤੇ ਅਫ਼ਸੋਸ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬਰਗਾੜੀ ਮੋਰਚੇ ਦੀ ਤੀਜੀ ਮੁੱਖ ਮੰਗ 25-25 ਸਾਲਾ ਤੋਂ ਜੇਲ੍ਹਾਂ ਵਿਚ ਬੰਦੀਆਂ ਨੂੰ ਰਿਹਾਅ ਕਰਵਾਉਣ ਦੀ ਸੀ, ਜਿਸ ਅਧੀਨ 25 ਸਾਲਾ ਤੋਂ ਟਾਡਾ ਅਧੀਨ ਬੰਦੀ ਭਾਈ ਦਿਲਬਾਗ ਸਿੰਘ ਬਾਘਾ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਬਾਕੀ ਬੰਦੀਆਂ ਦੀ ਰਿਹਾਈ ਲਈ ਉਪਰੋਕਤ ਪ੍ਰਕਿਰਿਆ ਅਧੀਨ ਅਮਲੀ ਰੂਪ ਵਿਚ ਅਗਲੀ ਕਾਰਵਾਈ ਜਾਰੀ ਹੈ ਪਰ ਦੁੱਖ ਅਤੇ ਅਫ਼ਸੋਸ ਹੈ ਕਿ ਸਰਬੱਤ ਖ਼ਾਲਸਾ ਰਾਹੀ ਕੌਮੀ ਤਾਕਤ ਪ੍ਰਾਪਤ ਕਰ ਚੁੱਕੇ ਭਾਈ ਬਲਜੀਤ ਸਿੰਘ ਦਾਦੂਵਾਲ, ਬੂਟਾ ਸਿੰਘ ਰਣਸੀਹ ਵੱਲੋਂ ਬਹੁਤ ਮੁਸ਼ਕਿਲ ਤੇ ਮਿਹਨਤ ਨਾਲ ਕੌਮੀ ਏਕਤਾ ਨੂੰ ਮਿਲੀ ਮਜ਼ਬੂਤੀ ਨੂੰ ਪਿੱਠ ਦੇ ਕੇ ਵੱਖੋ-ਵੱਖਰੇ ਰਾਗ ਅਲਾਪਦੇ ਹੋਏ ਚੰਦ ਕੁ ਬੰਦਿਆ ਦਾ ਇਕੱਠ ਕਰਕੇ ਅਰਾਜਕਤਾ ਫੈਲਾਉਣ ਦੀ ਗੱਲ ਕਰ ਰਹੇ ਹਨ । ਜਿਥੋਂ ਤੱਕ 1920 ਅਕਾਲੀ ਦਲ ਦੀ ਗੱਲ ਹੈ ਉਸਦੇ ਪ੍ਰਧਾਨ ਸ. ਰਵੀਇੰਦਰ ਸਿੰਘ ਨੇ ਸ. ਪ੍ਰਕਾਸ਼ ਸਿੰਘ ਬਾਦਲ, ਸ. ਗੁਰਚਰਨ ਸਿੰਘ ਟੋਹੜਾ, ਸ.ਜਗਦੇਵ ਸਿੰਘ ਤਲਵੰਡੀ ਆਦਿ ਰਵਾਇਤੀ ਅਕਾਲੀਆ ਨਾਲ ਮਿਲਕੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਵਾਇਆ ਸੀ। ਅੱਜ ਇਹ ਸਿੱਖ ਕੌਮ ਦੇ ਮਨਾਂ ਦੀ ਸਲੇਟ ਦੇ ਹਾਸੀਏ ਤੋਂ ਪਿੱਛੇ ਪਹੁੰਚੇ ਅਰਾਜਕਤਾ ਫੈਲਾਉਣ ਵਾਲੇ ਆਗੂ ਕੌਮੀ ਏਕਤਾ ਨੂੰ ਸੱਟ ਮਾਰਕੇ ਕੀ ਖ਼ਾਲਸਾ ਪੰਥ ਦੀਆਂ ਦੁਸ਼ਮਣ ਤਾਕਤਾਂ ਦੇ ਮੰਦਭਾਵਨਾ ਭਰੇ ਮਕਸਦਾ ਨੂੰ ਸੁੱਤੇ ਸਿੱਧ ਹੀ ਪੂਰਨ ਕਰਨ ਦੀ ਗੁਸਤਾਖੀ ਨਹੀਂ ਕਰ ਰਹੇ।