28ਵਾਂ ਮਹਾਨ ਗੁਰਮਤਿ ਸਮਾਗਮ ਕੀਰਤਨ ਦਰਬਾਰ
ਪਾਕਿਸਤਾਨ ਦੇ ਸਿੰਧ ਪ੍ਰਾਂਤ ’ਚ ‘ਨਾਨਕ ਨਾਮ’ ਦਾ ਝੰਡਾ ਝੁਲਾਉਣ ਵਾਲੇ ਸੰਤ ਬਾਬਾ ਥਾਹਰਿਆ ਸਿੰਘ ਦੀ ਰਾਧਾ ਬਾਈ ਤੋਂ ਸੰਤ ਰੂਪ ’ਚ ਪ੍ਰਸਿੱਧ ਹੋਈ ਪੋਤਰੀ ਮਾਤਾ ਜੈ ਕੌਰ ਦੀ ਪ੍ਰੇਰਕ-ਹਲਾਸ਼ੇਰੀ ’ਤੇ ਮਸੇਰੇ ਭਰਾਤਾ ਭਾਈ ਚੱਤਰ ਸਿੰਘ ਦੇ ਸਿਰੜੀ ਯਤਨਾਂ ਸਦਕਾ ਕੋਟੀ ਵਿਖੇ ਹੋਂਦ ’ਚ ਆਈ ‘ਗੁਰਮਤਿ ਪ੍ਰਚਾਰ ਸਿੰਧੀ ਸੇਵਾ ਸੁਸਾਇਟੀ’ ਵੱਲੋਂ ਲਗਾਤਾਰ ਵਿੱਢੀ ਸਿੱਖੀ-ਪ੍ਰਚਾਰ ਦੀ ਲਹਿਰ ਨੂੰ ਅੱਜ ਸਿੱਖ ਹਲਕੇ ਬੜੇ ਪ੍ਰਚੰਡ ਰੂਪ ’ਚ ਮੱਘਿਆ ਹੋਇਆ ਤੱਕ ਰਹੇ ਹਨ।
ਹਰ ਸਾਲ ਵਾਂਗ ਐਤਕੀਂ ਵੀ ਸਿੰਧੀ ਕਾਲੌਨੀ ’ਚ ਸਥਿਤ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਸਿੰਧੀ ਭਾਈਚਾਰੇ ਦੇ ਸਿੱਖੀ ਪ੍ਰੇਮ ਦੀ ਪ੍ਰਪੱਕਤਾ ਨੂੰ ਹੋਰ ਗੂੜ੍ਹਾਂ ਕਰਦੇ ਜੁਗੋ-ਜੁਗ ਅਟੱਲ ‘ਸ਼ਬਦ ਗੁਰੂ’ ਦੀ ਝਿਮ-ਝਿਮ ਬਰਸਦੀ ਅੰਮ੍ਰਿਤਧਾਰਾ ’ਚ ਸਜੇ ਤਿੰਨ ਦਿਨਾ 28ਵੇਂ ਮਹਾਨ ਗੁਰਮਤਿ ਸਮਾਗਮ ਕੀਰਤਨ ਦਰਬਾਰ ਵਿੱਚ ਜਿਥੇ ਪੰਥ ਪ੍ਰਸਿੱਧ ਕੀਰਤਨੀਏ ਭਾਈ ਬਲਵਿੰਦਰ ਸਿੰਘ ਰੰਗੀਲਾ ਦੇ ਰੰਗਲੇ ਇਲਾਹੀ ਗਾਇਨ ‘‘ਸੁਣਿ ਯਾਰ ਹਮਾਰੇ ਸੱਜਣ ਇਕ ਕਰਉ ਬੇਨਤੀਆਂ’’ ਰਾਹੀਂ ਉਭਰੇ ਦ੍ਰਿਸ਼ਾਂ ’ਚ ਮੌਜੂਦਾ ਟੁੱਟਦੇ ਸਮਾਜਿਕ-ਪਰਿਵਾਰਕ ਤਾਣੇ-ਬਾਣੇ ਅੰਦਰ ਪਨਪੀ ਗਿਰਾਵਟੀ ਦਲਦਲ ’ਚ ਮਰ ਰਹੀਆਂ ਮਨੁੱਖੀ ਕਦਰਾਂ-ਕੀਮਤਾਂ ਦੀ ਮੁੜ ਸੁਰਜੀਤੀ ਲਈ ਸਰਦਾਰ ਨਲੂਏ ਵਰਗੇ ਮਹਾਨ ਸਿੰਘ ਚਰਿੱਤਰਾਂ ’ਤੇ ਟਿਕੇ ਗੁਰੂ ਨਾਨਕ ਦੇ ਪੁਰਾਤਨ ਸਿੱਖ-ਸੱਭਿਆਚਾਰ ਵੱਲ ਪਰਤਣ ਦਾ ਮਾਰਗ ਦ੍ਰਿਸ਼ਟੀ-ਗੋਚਰ ਹੁੰਦਾ ਦਿੱਸਿਆ, ਉਥੇ ਭਾਈ ਅਮਨਦੀਪ ਸਿੰਘ ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਭਾਈ ਪ੍ਰਭਲੀਨ ਸਿੰਘ ਰਾਗੀ ਜਥਾ ਲੁਧਿਆਣਾ ਦੇ ਆਦਰਸ਼ ਸਮਾਜ ਲਈ ਰਾਹ ਦਸੇਰਾ ਬਣੇ ਇਲਾਹੀ ਰਸ ਭਿੰਨੇ ਬੋਲ ‘ਸੁਣਿ ਨਾਹ ਪਿਆਰੇ ਇਕ ਬੇਨਤੀ ਮੇਰੀ’ ਤੇ ‘ਦੇਖੋ ਭਾਈ ਗਿਆਨ ਕੀ ਆਈ ਆਂਧੀ’ ਦੀਵਾਨਾਂ ’ਚ ਮੰਤਰ-ਮੁਗਧ ਮਨਾਂ ਨੂੰ ‘ਘਰਿ ਸੁਖਿ ਵਸਿਆ, ਬਾਹਰਿ ਸੁਖਿ ਪਾਇਆ’ ਮਹਾਂਵਾਕ ਦੀ ਯਥਾਰਥੀ ਸੋਝੀ ਦਿੰਦੇ ਵਾਰ-ਵਾਰ ਸੁਨਣ ਨੂੰ ਮਿਲੇ। ਇਸੇ ਦੌਰਾਨ ਸੰਗਤਾਂ ਦੇ ਰੂ-ਬ-ਰੂ ਭਰੀਆਂ ਹਾਜ਼ਰੀਆਂ ਵਿੱਚ ਉਘੇ ਕਥਾਵਾਚਕ ਗਿ. ਜਸਵਿੰਦਰ ਸਿੰਘ ਦਰਦੀ ਨੂੰ ਪੰਚਮ ਪਾਤਸ਼ਾਹ ਦੇ ਸ਼ਹੀਦੀ-ਪਰਿਵਾਰ ’ਚ ਦਾਦਾ ਨੌਵੇਂ ਪਾਤਸ਼ਾਹ ਤੇ ਪੋਤਰੇ ਚਾਰੋਂ ਸਾਹਿਬਜ਼ਾਦਿਆਂ ਦੀਆਂ ਅਦੁੱਤੀ ਲਾ-ਮਿਸਾਲੀ ਕੁਰਬਾਨੀਆਂ ਨੂੰ ਚੇਤਿਆਂ ’ਚ ਵਸਾ ਦੂਜੀ ਸੋਚ ਦੇ ਆਜ਼ਾਦ ਹੱਕ ਲਈ ਆਪਣੀ ਪਿੰਡਿਆਂ ’ਤੇ ਹੰਢਾਏ ਦੂਜਿਆਂ ਦੇ ਦੁੱਖ-ਦਰਦਾਂ ਨੂੰ ਫਰੋਲਦਿਆਂ ਤੱਕਿਆ ਗਿਆ।
ਇਸ ਮੌਕੇ ਪੰਜਾਬ ਤੋਂ ਉਚੇਚਾ ਪੰਜਾਬ ਪ੍ਰਬੁੱਧ ਕਵੀ ਸ. ਬਲਵਿੰਦਰ ਸਿੰਘ ਨਿਰਾਲਾ ਦੀਆਂ ਨਿਰਾਲੇ ਤੁਰੰਨਮਈ ਅੰਦਾਜ਼ ’ਚ ਗਈਆਂ ਕਵਿਤਾਵਾਂ ਵੀ ਅਮਿੱਟ ਪ੍ਰਭਾਵ ਛੱਡਦੀਆਂ ਨਜ਼ਰੀਂ ਪਈਆਂ। ਸਮਾਗਮ ’ਚ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ’ਤੇ 52 ਪ੍ਰਾਣੀਆਂ ਦੇ ‘ਅੰਮ੍ਰਿਤਧਾਰੀ’ ਬਨਣ ਅਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਗਾਮੀ ਮਹਾਨ ਕੀਰਤਨ ਦਰਬਾਰ 22, 23 ਤੇ 24 ਨਵੰਬਰ 2019 ਨਿਯਤ ਕਰੇ ਜਾਣ ਦੀ ਜਾਣਕਾਰੀ ਵੀ ਦਿੱਤੀ ਗਈ। ਸਮਾਗਮ ਵਿੱਚ ਹੀ ਸਵਰਗੀ ਕੀਰਤਨੀਏ ਭਾਈ ਚੱਤਰ ਸਿੰਘ ਦੀ ਸਪੁਤਨੀ ਬੀਬੀ ਕੁਲਵੰਤ ਕੌਰ ਤੇ ਸ. ਜਤਿੰਦਰ ਮੋਹਨ ਸਿੰਘ ਜਨਰਲ ਸਕੱਤਰ ਸ੍ਰੀ ਗੁਰੂ ਸਿੰਘ ਸਭਾ ਕੋਟਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਵੈਸੇ ਤਾਂ ਗੁਰਮਤਿ ਸਮਾਗਮ ’ਚ ਦੂਰ ਦਰੇਡਿਓਂ ਪਹੁੰਚੇ ਨਾਨਕ ਨਾਮ ਲੇਵਿਆਂ ਦੀ ਬੇਸ਼ੁਮਾਰ ਤਦਾਦ ਦਿਸੀ ਪਰ ਸੁਚੱਜੇ ਪ੍ਰਬੰਧ ਲਈ ਸ. ਲੱਧਾ ਸਿੰਘ (ਪ੍ਰਧਾਨ) ਸਮੇਤ ਹਰਵਿੰਦਰ ਸਿੰਘ (ਜਨਰਲ ਸਕੱਤਰ), ਗੱਜਣ ਸਿੰਘ, ਪ੍ਰਭੂ ਸਿੰਘ, ਪ੍ਰਭੂ ਲਾਲ (ਖਜ਼ਾਨਚੀ), ਪ੍ਰਸ਼ੋਤਮ ਬਖਸ਼ੀ, ਰਾਜ ਕੁਮਾਰ, ਸਾਧੂ ਰਾਮ, ਬਲਜੀਤ ਸਿੰਘ, ਸਰਵਨ ਸਿੰਘ, ਤ੍ਰਿਲੋਕ ਸਿੰਘ, ਕਮਲ ਕੁਮਾਰ ਤੇ ਹੋਰ ਗੁਪਤ ਸੇਵਾ ਭਾਈਆਂ ਦੀਆਂ ਸੇਵਾਵਾਂ ਆਪ-ਮੁਹਾਰੇ ਮੂੰਹੋਂ ਬੋਲਦੀਆਂ ਨਜ਼ਰੀਂ ਪਈਆਂ।
– ਬਿੱਕਰ ਸੰਘ ਘਲੋਟੀ
ਸੁਪਰ ਮਕੈਨੀਕਲ ਵਰਕਸ
64-ਨਿਊ ਮੋਟਰ ਮਾਰਕੀਟ ਕੋਟਾ, (ਰਾਜਸਥਾਨ)
ਸੰਪਰਕ: 98291-05396