ਨਵੀ ਦਿਲੀ, 9 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਭਾਰਤੀ ਬੈਂਕਾਂ ਤੋਂ ਹਜ਼ਾਰਾਂ ਕਰੋੜ ਰੁਪਏ ਦਾ ਕਰਜ਼ਾ ਲੈ ਕੇ ਬ੍ਰਿਟੇਨ ਭਜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੀ ਸਪੁਰਦਗੀ ਮਾਮਲੇ ਦੀ ਲੰਡਨ ਵਿਖੇ ਅਦਾਲਤ ’ਚ ਚਲ ਰਹੀ ਸੁਣਵਾਈ ਵਿੱਚ ਸ਼ਾਮਿਲ ਹੋਣ ਲਈ ਸੀ.ਬੀ.ਆਈ. ਅਤੇ ਈ.ਡੀ. ਦੀ ਟੀਮ ਬ੍ਰਿਟੇਨ ਰਵਾਨਾ ਹੋ ਗਈ ਹੈ। ਜਾਣਕਾਰੀ ਅਨੁਸਾਰ ਸੀ.ਬੀ.ਆਈ. ਦੇ ਜੁਆਇੰਟ ਡਾਇਰੈਕਟਰ ਏ.ਸਾਈ. ਮਨੋਹਰ ਦੀ ਅਗਵਾਈ ’ਚ ਇਹ ਜਾਂਚ ਏਜੰਸੀਆਂ ਦੀਆਂ ਟੀਮਾਂ ਰਵਾਨਾ ਹੋਈਆਂ ਹਨ। ਲੰਬੇ ਸਮੇਂ ਤੋਂ ਚਲ ਰਹੀ ਇਸ ਸੁਣਵਾਈ ਤੋਂ ਬਾਅਦ ਵੈਸਟਮਿਨਸਟਰ ਕੋਰਟ ’ਚ ਸੋਮਵਾਰ ਨੂੰ ਇਸ ਮਾਮਲੇ ’ਤੇ ਫ਼ੈਸਲਾ ਸੁਣਾਇਆ ਜਾ ਸਕਦਾ ਹੈ। ਇਸ ਮਾਮਲੇ ਵਿਚ 12 ਸਤੰਬਰ ਨੂੰ ਆਖ਼ਰੀ ਸੁਣਵਾਈ ਹੋਈ ਸੀ। ਜ਼ਿਕਰਯੋਗ ਹੈ ਕਿ ਮਾਲਿਆ ’ਤੇ ਭਾਰਤੀ ਬੈਂਕਾਂ ਦੇ 9 ਹਜ਼ਾਰ ਕਰੋੜ ਰੁਪਏ ਨਪਣ ਦਾ ਇਲਜ਼ਾਮ ਹੈ। ਮਾਲਿਆ ਨੇ ਮਨੀ ਲਾਂਡਰਿੰਗ ਦੇ ਇਲਜ਼ਾਮਾਂ ਬਾਅਦ ਭਾਰਤ ਛਡ ਦਿਤਾ ਸੀ। ਉਹ ਮਾਰਚ 2016 ਤੋਂ ਲੰਦਨ ਵਿਚ ਰਹਿ ਰਿਹਾ ਹੈ। ਭਾਰਤ ਸਰਕਾਰ ਲਗਾਤਾਰ ਉਸ ਦੀ ਹਵਾਲਗੀ ਦੀ ਕੋਸ਼ਿਸ਼ ਕਰ ਰਹੀ ਹੈ। ਸਾਲ 2017 ਵਿਚ ਜੀ-20 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਨਾਲ ਮਾਲਿਆ ਦੀ ਹਵਾਲਗੀ ਦੀ ਅਪੀਲ ਵੀ ਕੀਤੀ ਸੀ। ਪਿਛਲੇ ਸਾਲ 4 ਦਸੰਬਰ ਨੂੰ ਯੂ.ਕੇ. ਦੀ ਅਦਾਲਤ ਵਿਚ ਇਸ ਮਾਮਲੇ ਸਬੰਧੀ ਕੇਸ ਸ਼ੁਰੂ ਹੋਇਆ ਸੀ। ਮਾਲਿਆ ਨੇ ਵੀਰਵਾਰ ਨੂੰ ਟਵੀਟ ਵੀ ਕੀਤਾ ਸੀ ਕਿ ਉਹ ਬੈਂਕਾਂ ਦਾ 100 ਫ਼ੀਸਦੀ ਕਰਜ਼ਾ ਮੋੜ ਦਏਗਾ ਬਸ਼ਰਤੇ ਇਹ ਕਿਸਾ ਖ਼ਤਮ ਹੋਣਾ ਚਾਹੀਦਾ ਹੈ।