May 24, 2026 11:15 pm

ਬਾਦਲਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਨੀ ਮਹਿਜ਼ ਇੱਕ ਡਰਾਮੇਬਾਜ਼ੀ : ਭਗਵੰਤ ਮਾਨ

ਸੰਗਰੂਰ 9 ਦਸੰਬਰ (ਭਗਵੰਤ ਸਿੰਘ ਚੰਦੜ੍ਹ, ਸੁਖਦੇਵ ਸਿੰਘ ਦੇਬੀ, ਰੋਹਿਤ ਗਰਗ)- ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਬਾਦਲ ਪਰਿਵਾਰ ਵੱਲੋਂ ਸ਼੍ਰੀ ਦਰਬਾਰ ਸਾਹਿਬ ਵਿਚ ਕੀਤੀ ਜਾ ਰਹੀ ਸੇਵਾ ਨੂੰ ਡਰਾਮੇਬਾਜੀ ਦੱਸਦੇ ਹੋਏ ਇਸ ਸੇਵਾ ਲਈ ਬਾਦਲ ਪਰਿਵਾਰ ਨੂੰ ਆਸਕਰ ਐਵਾਰਡ ਦੇਣ ਦੀ ਗੱਲ ਆਖੀ ਹੈ। ਭਗਵੰਤ ਮਾਨ ਨੇ ਕਿਹਾ ਕਿ ਬਾਦਲ ਆਪਣੀ ਗਵਾਚੀ ਹੋਈ ਸ਼ਾਖ ਅਤੇ ਸਿਆਸੀ ਜਮੀਨ ਦੀ ਭਾਲ ਵਿਚ ਲੱਗੇ ਹੋਏ ਹਨ, ਜਿਸ ਕਾਰਨ ਇਹ ਸਾਰੀ ਡਰਾਮੇਬਾਜੀ ਕੀਤੀ ਜਾ ਰਹੀ ਹੈ। ਮਾਨ ਨੇ ਕਿਹਾ ਕਿ ਲੋਕਾਂ ਦੇ ਦਿਲਾਂ ਵਿਚ ਬਾਦਲ ਹੁਣ ਨਫਰਤ ਦੇ ਪਾਤਰ ਬਣ ਚੁੱਕੇ ਹਨ, ਹੁਣ ਉਹ ਜੋ ਮਰਜੀ ਕਰ ਲੈਣ, ਲੋਕ ਉਨ੍ਹਾਂ ਨੂੰ ਮੁਆਫ ਨਹੀਂ ਕਰਨਗੇ। ਬਾਦਲ ਪਰਿਵਾਰ ਤੋਂ ਸਵਾਲ ਪੁੱਛਦਿਆਂ ਮਾਨ ਨੇ ਕਿਹਾ ਕਿ ਹੁਣ ਅਚਾਨਕ ਪਸ਼ਚਾਤਾਪ ਦੀ ਯਾਦ ਕਿਵੇਂ ਆ ਗਈ। ਉਨ੍ਹਾਂ ਕਿਹਾ ਕਿ ਬਾਦਲ ਕਹਿੰਦੇ ਹਨ ਕਿ ਦਸ ਸਾਲ ਦੇ ਕਾਰਜਕਾਲ ਦੌਰਾਨ ਹੋਈਆਂ ਭੁੱਲਾਂ ਦੀ ਖਿਮਾ ਮੰਗਣੀ ਹੈ, ਪਰ ਬਾਦਲਾਂ ਨੇ ਪਾਪ ਕੀਤੇ ਹਨ ਅਤੇ ਪਾਪਾਂ ਦੀ ਮੁਆਫੀ ਨਹੀਂ ਹੁੰਦੀ। ਉਨ੍ਹਾਂ ਅੱਗੇ ਕਿਹਾ ਕਿ ਬਾਦਲ ਪਰਿਵਾਰ ਨੂੰ ਕਿਸੇ ਨੇ ਸ਼੍ਰੀ ਅਕਾਲ ਤਖਤ ਸਾਹਿਬ ’ਤੇ ਨਹੀਂ ਬੁਲਾਇਆ, ਇਹ ਆਪਣੀ ਮਰਜੀ ਨਾਲ ਸ਼੍ਰੀ ਦਰਬਾਰ ਸਾਹਿਬ ਵਿਚ ਸੇਵਾ ਕਰ ਰਹੇ ਹਨ, ਪਰ ਜੋੜੇ ਸਾਫ ਕਰਨ ਨਾਲ ਬਹਿਬਲ ਕਲਾਂ ਵਿਚ ਮਾਰੇ ਗਏ ਨੌਜਵਾਨਾਂ ਦੀ ਜਿੰਦਗੀ ਵਾਪਿਸ ਨਹੀਂ ਆ ਜਾਵੇਗੀ। ਇਸ ਲਈ ਬਾਦਲਾਂ ਨੂੰ ਚਾਹੀਦਾ ਹੈ ਕਿ ਉਹ ਚੁੱਪ ਕਰਕੇ ਘਰ ਬੈਠ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਜੋੜੇ ਸਾਫ ਕਰਨ ਦੀ ਸੇਵਾ ਕਰਨੀ ਹੀ ਹੈ ਤਾਂ ਚੁੱਪ-ਚਾਪ ਨਿਸ਼ਕਾਮ ਸੇਵਾ ਕਰਨ, ਮੀਡੀਆ ਰਾਹੀਂ ਚਰਚਾ ਕਿਉਂ ਕਰ ਰਹੇ ਹਨ।

Send this to a friend