Skip to content
Independent perspectives. Global stories.
BREAKING

ਖੇਤੀ ਦਾ ਮਸ਼ੀਨੀਕਰਨ

Share this story

ਦੇਸ਼ ਵਿੱਚ ਖੇਤੀ ਦੇ ਸੰਕਟ ਦੇ ਨਿਵਾਰਣ ਲਈ ਵੱਡੇ ਯਤਨਾਂ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ। ਇਸ ਦੌਰਾਨ ਦੇਸ਼ ਦੇ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨੇ ਚੰਡੀਗੜ੍ਹ ਵਿਖੇ 13ਵੇਂ ਸੀਆਈਆਈ ਐਗਰੋਟੈਕ ਇੰਡੀਆ-2018 ਦੇ ਉਦਘਾਟਨ ਸਮੇਂ ਆਖਿਆ ਹੈ ਕਿ ਦੇਸ਼ ਦੇ ਕਿਸਾਨਾਂ ਕੋਲ ਮਸ਼ੀਨਰੀ ਦੀ ਹਾਲੇ ਵੀ ਵੱਡੀ ਘਾਟ ਹੈ। ਆਧੁਨਿਕ ਮਸ਼ੀਨਰੀ ਤਾਂ ਬਿਲਕੁੱਲ ਹੀ ਨਹੀਂ ਹੈ। ਰਾਸ਼ਟਰਪਤੀ ਦਾ ਇਹ ਵੀ ਕਹਿਣਾ ਸੀ ਕਿ ਭਾਰਤੀ ਖੇਤੀਬਾੜੀ ਨੂੰ ਸਮਕਾਲੀ ਟੈਕਨਾਲੋਜੀ ਦੇ ਨਾਲ ਆਪਣਾ ਸਬੰਧ ਨਵਿਆਉਣ, ਜਲਵਾਯੂ ਪਰਿਵਰਤਨ, ਕੀਮਤਾਂ ’ਚ ਉਤਰਾਅ-ਚੜ੍ਹਾਅ ਤੇ ਪੈਦਾਵਰ ਦੀ ਮੰਗ ਘਟਣ ਦੇ ਝਟਕਿਆਂ ਤੋਂ ਸੁਰਖਿਅਤ ਕਾਰੋਬਾਰ ਵਲੋਂ ਟਿਕਾਊ ਨਿਵੇਸ਼ ਅਤੇ ਭਾਈਵਾਲੀ ਦੀ ਜ਼ਰੂਰਤ ਹੈ।ਇਸ ਨਾਲ ਜਿਥੇ ਮੁਕਾਬਲੇ ਦੀ ਭਾਵਨਾ ਵਧੇਗੀ ਉਥੇ ਆਮਦਨੀ ਵਿਚ ਵੀ ਵਾਧਾ ਹੋਵੇਗਾ। ਰਾਸ਼ਟਰਪਤੀ ਦੇ ਇਹ ਵਿਚਾਰ ਇਸ ਸਬੰਧ ਵਿੱਚ ਵੱਡੀ ਅਹਿਮੀਅਤ ਰੱਖਦੇ ਹਨ। ਉਨ੍ਹਾਂ ਦਾ ਇਹ ਕਹਿਣਾ ਬਿਲਕੁੱਲ ਸਹੀ ਹੈ ਕਿ ਦੇਸ਼ ’ਚ ਖੇਤੀ ਦੇ ਮਸ਼ੀਨੀਕਰਨ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਨਵੇਂ ਸਮੇਂ ਵਿੱਚ ਖੇਤੀ ਨੂੰ ਆਧੁਨਿਕ ਤਰੀਕਿਆਂ ਨਾਲ ਕਰਨ ਦੀ ਬੇਹਦ ਲੋੜ ਮਹਿਸੂਸ ਹੋ ਰਹੀ ਹੈ। ਨਵੀਆਂ ਅਤੇ ਆਧੁਨਿਕ ਮਸ਼ੀਨਾਂ ਨਾਲ ਖੇਤੀ ਦੇ ਕਾਰਜ ਨੂੰ ਸੁਖਾਲਾ ਅਤੇ ਸਸਤਾ ਬਣਾਇਆ ਜਾ ਸਕਦਾ ਹੈ। ਪਰ ਵੱਡੀ ਸਮੱਸਿਆ ਇਹ ਹੈ ਕਿ ਦੇਸ਼ ਵਿੱਚ ਛੋਟੇ ਕਿਸਾਨਾਂ ਦੀ ਗਿਣਤੀ ਜ਼ਿਆਦਾ ਹੈ, ਜਿਨ੍ਹਾਂ ਕੋਲ ਗੁਜ਼ਾਰੇ ਜੋਗੀ ਜ਼ਮੀਨ ਹੈ। ਥੋੜ੍ਹੀ ਜ਼ਮੀਨ ਲਈ ਮਹਿੰਗੀਆਂ ਜ਼ਮੀਨਾਂ ਖਰੀਦਣੀਆਂ ਅਤੇ ਚਲਾਉਣੀਆਂ ਮੁਸ਼ਕਿਲ ਹਨ। ਇਹ ਕਾਰਜ ਸਿਰਫ ਸਰਕਾਰ ਰਾਹੀਂ ਜਾਂ ਸਹਿਕਾਰੀ ਪੱਧਰ ’ਤੇ ਹੀ ਹੋ ਸਕਦਾ ਹੈ। ਖੇਤੀ ਦੀਆਂ ਮਹਿੰਗੀਆਂ ਅਤੇ ਆਧੁਨਿਕ ਮਸ਼ੀਨਾਂ ਖਰੀਦਣਾ ਕਿਸਾਨਾਂ ਦੀ ਪਹੁੰਚ ਵਿੱਚ ਨਹੀਂ ਹੈ। ਆਰਥਿਕ ਤੌਰ ’ਤੇ ਮੰਦਵਾੜੇ ਦਾ ਸ਼ਿਕਾਰ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ। ਜੇਕਰ ਸਰਕਾਰ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਦੀ ਕੋਸ਼ਿਸ਼ ਕਰੇ ਤਦ ਕਿਸਾਨ ਆਧੁਨਿਕ ਮਸ਼ੀਨਰੀ ਖਰੀਦਣ ਬਾਰੇ ਸੋਚ ਸਕਦੇ ਹਨ। ਖੇਤੀ ਖੇਤਰ ਦੀ ਆਰਥਿਕ ਬਹਾਲੀ ਲਈ ਸਰਕਾਰ ਨੂੰ ਇਕ ਨਵੀਂ ਯੋਜਨਾਬੰਦੀ ਬਣਾਉਣੀ ਚਾਹੀਦੀ ਹੈ। ਖੇਤੀ ਖੇਤਰ ਵਿੱਚ ਖੋਜ ਨੂੰ ਵੀ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਖੇਤੀ ਜਿਣਸਾਂ ਦੇ ਯੋਗ ਭਾਅ ਦਿੱਤੇ ਜਾਣ। ਕਿਸਾਨਾਂ ਨੂੰ ਆਪਣੀਆਂ ਕੁਝ ਕੌਮਾਂਤਰੀ ਮੰਡੀਆਂ ਵਿੱਚ ਵੇਚਣ ਲਈ ਸਹੂਲਤਾਂ ਦਿੱਤੀਆਂ ਜਾਣ। ਰਾਸ਼ਟਰਪਤੀ ਸਾਹਿਬ ਵੱਲੋਂ ਦਿੱਤੇ ਗਏ ਸੁਝਾਅ ਬਹੁਤ ਕਾਬਲੇ ਗੌਰ ਹਨ, ਉਨ੍ਹਾਂ ਉਪਰ ਸਰਕਾਰ ਨੂੰ ਅਮਲ ਕਰਨਾ ਚਾਹੀਦਾ ਹੈ।
– ਬਲਜੀਤ ਸਿੰਘ ਬਰਾੜ

WRITTEN BY