ਲੜੀ ਜੋੜਨ ਲਈ ਕੱਲ੍ਹ ਦਾ ਅੰਕ ਪੜ੍ਹੋ
ਪਰ ਮਾਹਿਰ ਦੱਸਦੇ ਹਨ ਕਿ ਜੇ ਗੁੜ੍ਹ ਨੂੰ ਪੂਰੀ ਤਰ੍ਹਾਂ ਦੇਸੀ ਤਰੀਕੇ ਨਾਲ ਤਿਆਰ ਕਰਨਾ ਹੈ ਤਾਂ ਉਸ ਵਿੱਚ ਸੋਡਾ ਵੀ ਨਹੀ ਪਾਉਣਾ ਚਾਹੀਦਾ ਸਗੋਂ ਉਬਲਦੇ ਹੋਏ ਗੰਨੇ ਦੇ ਰਸ ਵਿੱਚ ਸੁਖਲੋਈ ਬੂਟੀ, ਭਿੰਡੀ ਦਾ ਤਣਾ ਤੇ ਜੜ੍ਹਾਂ ਦਾ ਘੋਲ ਬਣਾ ਕੇ ਸੌ ਲੀਟਰ ਗੰਨੇ ਦੇ ਰਸ ਵਿੱਚ ਇੱਕ ਲੀਟਰ ਘੋਲ ਪਾ ਦੇਣਾ ਹੈ ਜਾਂ ਸੋਇਆਬੀਨ ਦਾ ਆਟਾ ਪਾਉਣਾ ਚਾਹੀਦਾ ਹੈ। ਇਹ ਪਾਉਣ ਤੋਂ ਬਾਦ ਗੰਨੇ ਦੇ ਰਸ ਤੋਂ ਛਾਨਣੀ ਨਾਲ ਮੈਲ ਉਤਾਰੀ ਜਾਂਦੀ ਸੀ। ਉਹ ਮੈਲ ਵੀ ਇੱਕ ਪੀਪੇ ਵਿੱਚ ਪਾ ਲਈ ਜਾਂਦੀ ਸੀ ਤੇ ਬਾਦ ਵਿੱਚ ਪਸ਼ੂਆਂ ਨੂੰ ਖਿਲਾ ਦਿੱਤੀ ਜਾਂਦੀ ਸੀ।ਇਸ ਤਰ੍ਹਾਂ ਲਗਾਤਾਰ ਕੜਾਹੇ ਥੱਲੇ ਅੱਗ ਬਲਣ ਨਾਲ ਜਦ ਉਹ ਗੰਨੇ ਦੇ ਰਸ ਵਾਲਾ ਘੋਲ ਸੰਘਣਾ ਹੋ ਜਾਂਦਾ ਤਾਂ ਉਸਨੂੰ ਲੱਕੜ ਦੀ ਗੰਡ ਵਿੱਚ ਪਾ ਲਿਆ ਜਾਂਦਾ ਸੀ। ਫਿਰ ਉਸ ਗੁੜ੍ਹ ਨੂੰ ਗੰਡ ਵਿੱਚ ਹੀ ਲੱਕੜ ਦੇ ਬਣੇ ਖੁਰਪੇ ਨਾਲ ਹਿਲਾਇਆ ਜਾਂਦਾ ਸੀ। ਕਈ ਲੋਕ ਤੱਤਾ-ਤੱਤਾ ਗੁੜ ਗੰਡ ਦੁਆਲੇ ਬੈਠ ਕੇ ਖਾਂਦੇ ਸਨ। ਜਦ ਉਹ ਗੁੜ੍ਹ ਠੰਡਾ ਹੋ ਜਾਂਦਾ ਤਾਂ ਫਿਰ ਉਸਨੂੰ ਲੋੜ੍ਹ ਅਨੁਸਾਰ ਚਾਹੇ ਰੋੜੀਆਂ ਬਣਾ ਲਈਆਂ ਜਾਂਦੀਆਂ ਜਾਂ ਸ਼ੱਕਰ ਬਣਾ ਲਈ ਜਾਂਦੀ। ਇੱਕ ਹੋਰ ਚੀਜ਼ ਕਈ ਲੋਕ ਥਾਲੀ ਪਵਾ ਲੈਂਦੇ ਸਨ।ਥਾਲੀ ਦਾ ਮਤਲਬ ਕਿ ਗਰਮ ਗੁੜ ਇੱਕ ਥਾਲੀ ਵਿੱਚ ਪਾ ਦਿੱਤਾ ਜਾਂਦਾ ਤੇ ਉਸ ਗੁੜ੍ਹ ਵਿੱਚ ਇਲਾਇਚੀ, ਸੋਂਫ, ਕਾਲੀ ਮਿਰਚ, ਮੂੰਗਫਲੀ ਦੀਆਂ ਗਿਰੀਆਂ ਜਾਂ ਬਾਦਾਮ ਦੀਆਂ ਗਿਰੀਆਂ ਤੇ ਨਾਰੀਅਲ ਦੀ ਸੁੱਕੀ ਗਿਰੀ ਲੰਬੀਆਂ ਤੇ ਬਰੀਕ ਕੱਟ ਕੇ ਵਿੱਚ ਮਿਲਾ ਲਈਆਂ ਜਾਂਦੀਆਂ ਸਨ।ਇਸਨੂੰ ਮਸਾਲੇਦਾਰ ਗੁੜ ਵੀ ਕਿਹਾ ਜਾਂਦਾ ਸੀ।ਇਸਨੂੰ ਰੋਟੀ ਤੋਂ ਬਾਦ ਖਾਣ ਨਾਲ ਹਾਜ਼ਮਾ ਦਰੁੱਸਤ ਰਹਿੰਦਾ ਤੇ ਪੇਟ ਵਿੱਚ ਗੈਸ ਬਣਨ ਦੀ ਸ਼ਿਕਾਇਤ ਨਹੀ ਰਹਿੰਦੀ ਸੀ। ਬਣੇ ਹੋਏ ਗੁੜ ਨੂੰ ਮਿੱਟੀ ਦੇ ਬਣੇ ਭਾਂਡੇ(ਚਾਟੀ) ਜਾਂ ਮਿੱਟੀ ਦੀ ਬਣੀ ਭੜੋਲੀ ਵਿੱਚ ਸਟੋਰ ਕਰ ਲਿਆ ਜਾਂਦਾ ਸੀ।ਹੋਲੀ-ਹੌਲੀ ਮਾਡਰਨ ਜ਼ਮਾਨਾ ਆ ਗਿਆ। ਪੰਜਾਬ ਵਿੱਚ ਸਿਰਫ ਦੋ ਫਸਲਾਂ ਹੀ ਪ੍ਰਮੁੱਖ ਰਹਿ ਗਈਆਂ। ਇੱਕ ਕਣਕ ਤੇ ਦੂਜਾ ਝੋਨਾ। ਝੋਨਾ ਬੀਜਣ ਨਾਲ ਪਾਣੀ ਖਤਮ ਹੋਣ ਦਾ ਰੌਲਾ ਵੀ ਪੈ ਰਿਹਾ ਹੈ। ਜੋ ਬੜੀ ਹੀ ਚਿੰਤਾ ਦਾ ਵਿਸ਼ਾ ਹੈ। ਬਾਕੀ ਸਭ ਫਸਲਾਂ ਕਿਸਾਨਾਂ ਨੇ ਬੀਜਣੀਆਂ ਹੀ ਛੱਡ ਦਿੱਤੀਆਂ। ਹੁਣ ਲੋਕ ਦਾਲਾਂ, ਸਬਜ਼ੀਆਂ, ਗੁੜ੍ਹ ਦੀ ਜਗ੍ਹਾ ਖੰਡ ਤੇ ਅੱਜ ਕੱਲ੍ਹ ਤਾਂ ਸਾਗ ਵੀ, ਪਿੰਡਾਂ ਵਿੱਚ ਫੇਰੀ ਵਾਲੇ ਵੇਚਣ ਆਉਂਦੇ ਹਨ। ਮਹਿੰਗੇ ਭਾਅ ਤੇ ਸਬਜ਼ੀਆਂ ਤੇ ਦਾਲਾਂ ਵੀ ਬਜ਼ਾਰੋ ਖ੍ਰੀਦ ਲਈਆਂ ਜਾਂਦੀਆਂ ਹਨ।ਹੁਣ ਪੰਜਾਬ ਦੇ ਥੋੜ੍ਹੇ ਜਿਹੇ ਹਿੱਸੇ ਵਿੱਚ ਹੀ ਕਮਾਦ ਲਗਾਇਆ ਜਾਂਦਾ ਹੈ। ਕਮਾਦ ਨਾ ਲਗਉਣ ਦਾ ਕਾਰਨ ਇੱਕ ਤਾਂ ਇਸਦਾ ਸਹੀ ਮੰਡੀਕਰਨ ਨਹੀ ਹੁੰਦਾ। ਕਿਸਾਨ ਗੰਨਾ ਖੰਡ ਮਿੱਲਾਂ ਵਿੱਚ ਸੁੱਟਦੇ ਹਨ। ਰੇਟ ਪੂਰਾ ਨਹੀ ਮਿਲਦਾ ਤੇ ਜੋ ਮਿਲਦਾ ਉਹ ਵੀ ਸਾਲ-ਸਾਲ ਬਾਦ ਧਰਨੇ ਲਗਾ ਕੇ ਸਰਕਾਰਾਂ ਕੋਲੋਂ ਲੈਣੇ ਪੈਂਦੇ ਹਨ। ਪੰਜਾਬ ਦੇ ਥੋੜ੍ਹੇ ਜਿਹੇ ਇਲਾਕੇ ਵਿੱਚ ਜੋ ਕਮਾਦ ਉਗਾਇਆ ਜਾਂਦਾ ਹੈ, ਉਸਨੂੰ ਪਰਵਾਸੀ ਮਜ਼ਦੂਰ ਠੇਕੇ ਤੇ ਲੈ ਲੈਂਦੇ ਹਨ।ਇਹ ਪਰਵਾਸੀ ਮਜ਼ਦੂਰ ਕਮਾਦ ਠੇਕੇ ਤੇ ਲੈ ਕੇ ਸੜ੍ਹਕਾਂ ਕਿਨਾਰੇ ਗੁੜ੍ਹ ਬਣਾ ਕੇ ਵੇਚਦੇ ਹਨ, ਪਰ ਇਹ ਪਰਵਾਸੀ ਮਜ਼ਦੂਰ ਇਸ ਗੁੜ ਨੂੰ ਬੜੇ ਗੰਦੇ ਤਰੀਕੇ ਨਾਲ ਤਿਆਰ ਕਰਦੇ ਹਨ। ਹੁਣ ਮਹਿਕਮੇ ਵੱਲੋਂ ਇਹ ਪਲਾਨ ਕੀਤਾ ਜਾ ਰਿਹਾ ਹੈ ਕਿ ਸੜ੍ਹਕਾਂ ਕਿਨਾਰੇ ਗੁੜ ਬਨਾਉਣ ਵਾਲੇ ਕਾਰੀਗਰਾਂ ਨੂੰ ਟਰੇਨਿੰਗ ਦੇ ਕੇ ਇਹ ਸਿਖਾਇਆ ਜਾਵੇ ਕਿ ਕਿਸ ਤਰ੍ਹਾਂ ਸਾਫ ਸੁਥਰਾ, ਸ਼ੁੱਧ ਤੇ ਦੇਸੀ ਗੁੜ ਤਿਆਰ ਕਰਨਾ ਹੈ। ਗੁੜ ਕੁਦਰਤੀ ਰੰਗ ਬਰਾਊਨ, ਤਾਂਬੇ ਰੰਗਾਂ ਤੇ ਚੋਕਲੇਟ ਵਰਗਾ ਹੁੰਦਾ ਹੈ। ਇਹ ਪਰਵਾਸੀ ਮਜ਼ਦੂਰ ਇਸ ਗੁੜ੍ਹ ਨੂੰ ਚਿੱਟਾ ਕਰਕੇ ਵੇਚਦੇ ਹਨ, ਕਿਉਂਕਿ ਲੋਕ ਚਿੱਟਾ ਗੁੜ੍ਹ ਖ੍ਰੀਦ ਕੇ ਖੁਸ਼ ਹਨ। ਚਿੱਟਾ ਕਰਨ ਲਈ ਉਸ ਵਿੱਚ ਬਹੁਤ ਜ਼ਿਆਦਾ ਕੱਪੜੇ ਧੋਣ ਵਾਲੀ ਸਰਫ ਦਾ ਇਸਤੇਮਾਲ ਕੀਤਾ ਜਾਂਦਾ ਹੈ ਤੇ ਹੋਰ ਵੀ ਕਈ ਤਰ੍ਹਾਂ ਦੇ ਕੈਮੀਕਲ ਪਾ ਕੇ ਬਣਾਇਆਂ ਜਾਂਦਾ ਹੈ। ਜੇ ਦੇਸੀ ਤਰੀਕੇ ਨਾਲ ਕਿਸਾਨਾਂ ਦੁਆਰਾ ਆਪ ਗੁੜ੍ਹ ਤਿਆਰ ਕੀਤਾ ਜਾਵੇ ਤਾਂ ਇਸਦੇ ਫਾਇਦੇ ਹੀ ਫਾਇਦੇ ਹਨ, ਨੁਕਸਾਨ ਕੋਈ ਨਹੀ ਹੈ। ਗੁੜ੍ਹ ਆਇਰਨ, ਪੋਟਾਸ਼ੀਅਮ, ਕੈਲਸ਼ੀਅਮ, ਫਾਸਫੋਰਸ ਨਾਲ ਭਰਪੂਰ ਹੈ। ਗੁੜ੍ਹ ਅੰਦਰ ਵਿਟਾਮਿਨ ਏ ਅਤੇ ਬੀ ਕਾਫੀ ਮਾਤਰਾ ਵਿੱਚ ਹੁੰਦਾ ਹੈ। ਆਰਸੈਨਿਕ ਥੋੜ੍ਹੀ ਮਾਤਰਾ ਵਿੱਚ ਹੁੰਦਾ ਹੈ, ਗੁੜ੍ਹ ਵਿੱਚ ਕੈਲਸ਼ੀਅਮ ਦੀ ਮਾਤਰਾ ਹੁੰਦੀ ਹੈ। ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਗੁੜ੍ਹ ਵਿੱਚ ਪੋਟਾਸ਼ੀਅਮ ਦੀ ਮਾਤਰਾ ਹੋਣ ਕਰਕੇ ਦਿਲ ਦੀਆਂ ਬੀਮਾਰੀਆਂ ਤੇ ਬਲੱਡ ਪ੍ਰੈਸ਼ਰ ਠੀਕ ਹੋ ਜਾਂਦਾ ਹੈ।ਸਰਦੀਆਂ ਵਿੱਚ ਕਾਲੇ ਤਿਲਾਂ ਵਿੱਚ ਗੁੜ੍ਹ ਮਿਲਾ ਕੇ ਲੱਡੂ ਬਣਾ ਕੇ ਖਾ ਸਕਦੇ ਹੋ। ਕਦੇ ਵੀ ਜ਼ਿਆਦਾ ਸਫੇਦ ਗੁੜ੍ਹ ਨਹੀ ਵਰਤਣਾ ਚਾਹੀਦਾ। ਜਦੋਂ ਵੀ ਵਰਤੋਂ ਬਰਾਊਨ ਰੰਗ, ਤਾਂਬੇ ਰੰਗਾਂ ਤੇ ਚਾਕਲੇਟ ਦੇ ਰੰਗ ਵਰਗਾ ਗੁੜ੍ਹ ਹੀ ਵਰਤੋਂ। ਇਸ ਨਾਲ ਨਕਲੀ ਹੋਣ ਦਾ ਖਦਸ਼ਾ ਕਾਫੀ ਹੱਦ ਤੱਕ ਘੱਟ ਜਾਂਦਾ ਹੈ।
ਆਯੂਰਵੈਦ ਅਨੁਸਾਰ ਗੁੜ੍ਹ ਦੀ ਤਾਸੀਰ ਗਰਮ ਹੈ। ਅਸਲੀ ਗੁੜ ਖਾਣ ਨਾਲ ਸਰੀਰ ਨੂੰ ਬਹੁਤ ਫਾਇਦੇ ਹੁੰਦੇ ਹਨ। ਸਰਦੀਆਂ ਦਾ ਮੌਸਮ ਸ਼ੁਰੂ ਹੋ ਰਿਹਾ ਹੈ। ਛੋਲਿਆਂ ਦੀ ਦਾਲ ਪੀਸ ਕੇ ਵੇਸਣ ਬਣਾ ਕੇ, ਦੇਸੀ ਘਿਉ ਤੇ ਗੁੜ੍ਹ ਮਿਲਾ ਕੇ ਵੇਸਣ ਬਣਾ ਕੇ ਖਾਣ ਨਾਲ ਸਰੀਰ ਵਿੱਚ ਤਾਕਤ ਆਉਂਦੀ ਹੈ।
ਮੱਕੀ ਦੀ ਰੋਟੀ, ਗੁੜ੍ਹ ਤੇ ਦੇਸੀ ਘਿਉ ਮਿਕਸ ਕਰਕੇ ਚੂਰੀ ਬਣਾ ਕੇ ਬੱਚਿਆਂ ਨੂੰ ਖਵਾਉਣ ਨਾਲ ਤੋਤਲੇ ਬੱਚੇ ਵੀ ਸ਼ੁੱਧ ਉਚਾਰਣ ਕਰਨ ਲੱਗਦੇ ਪੈਂਦੇ ਹਨ। ਗਰਮੀਆ ਵਿੱਚ ਜੌਂ (ਸੱਤੂ) ਕੁੱਟ ਕੇ ਮਿੱਟੀ ਦੇ ਭਾਂਡੇ ਵਿੱਚ ਗੁੜ੍ਹ ਪਾ ਕੇ ਭਿਉਂ ਕੇ ਰਾਤ ਰੱਖ ਕੇ ਸਵੇਰੇ ਛਾਣ ਕੇ ਪੀਣ ਨਾਲ ਸਰੀਰ ਦੀ ਸਾਰੀ ਗਰਮੀ ਨਿਕਲ ਜਾਂਦੀ ਹੈ। ਲੌਂਗ, ਹਰੀ ਇਲਾਚੀ, ਮੋਟੀ ਇਲਾਚੀ, ਜਵੈਣ, ਸੁੰਢ, ਸੌਂਫ ਪੀਸ ਕੇ ਗੁੜ੍ਹ, ਅਦਰਕ, ਤੇ ਤੁਲਸੀ ਦੀ ਚਾਹ ਬਣਾ ਕੇ ਪੀਣ ਨਾਲ ਜ਼ੁਕਾਮ ਤੋਂ ਆਰਾਮ ਮਿਲਦਾ ਹੈ। ਦਹੀ ਗੁੜ੍ਹ ਮਿਲਾ ਕੇ ਖਾਣ ਨਾਲ ਚਿਹਰੇ ਤੇ ਜਲਦੀ ਝੁਰੜੀਆਂ ਨਹੀ ਪੈਂਦੀਆਂ। ਗੁੜ੍ਹ ਖਾਣ ਨਾਲ ਯਾਦ ਸ਼ਕਤੀ ਵੱਧਦੀ ਹੈ। ਗੁੜ੍ਹ ਵਿੱਚ ਕਾਲਾ ਨਮਕ ਤੇ ਸੇਂਧਾ ਨਮਕ ਮਿਲਾ ਕੇ ਖਾਣ ਨਾਲ ਹਾਜ਼ਮਾ ਠੀਕ ਰਹਿੰਦਾ ਹੈ, ਗੈਸ ਨਹੀ ਬਣਦੀ। ਇਹ ਪਾਚਨ ਕ੍ਰਿਆ ਲਈ ਬਹੁਤ ਵਧੀਆਂ ਚੀਜ਼ ਹੈ। ਗੁੜ੍ਹ ਵਾਲੇ ਗਰਮ-ਗਰਮ ਚਾਵਲਾਂ ਦੀ ਭਾਫ ਲੈਣ ਨਾਲ ਜ਼ੁਕਾਮ ਤੇ ਬੰਦ ਛਾਤੀ ਠੀਕ ਹੋ ਜਾਂਦੀ ਹੈ ਤੇ ਚਾਵਲ ਖਾਣ ਨਾਲ ਖਰਾਬ ਗਲਾ ਠੀਕ ਹੋ ਜਾਂਦਾ ਹੈ। ਭੁੰਨੇ ਹੋਏ ਛੋਲੇ ਤੇ ਗੁੜ੍ਹ ਮਿਲਾ ਕੇ ਖਾਣ ਨਾਲ ਦਮ ਪੱਕਦਾ ਹੈ ਤੇ ਅਵਾਜ਼ ਵੀ ਸੁਰੀਲੀ ਹੋ ਜਾਂਦੀ ਹੈ। ਬਾਜਰੇ ਦੀ ਖਿਚੜੀ ਵਿੱਚ ਗੁੜ੍ਹ ਮਿਲਾ ਕੇ ਖਾਣ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। ਸਰਦੀਆਂ ਵਿੱਚ ਗੁੜ੍ਹ ਵਾਲੀ ਗਚਕ ਖਾਣ ਨਾਲ ਤੰਦਰੁਸਤੀ ਬਣੀ ਰਹਿੰਦੀ ਹੈ। ਸਵੇਰ ਦੇ ਟਾਈਮ ਕੋਸੇ ਪਾਣੀ ਵਿੱਚ ਗੁੜ੍ਹ ਘੋਲ ਕੇ ਪੀਣ ਨਾਲ ਸਰੀਰ ਵਿੱਚੋਂ ਸਾਰੇ ਹਾਨੀਕਾਰਕ ਤੱਤ ਬਾਥਰੂਮ ਰਾਹੀਂ ਬਾਹਰ ਨਿਕਲ ਜਾਂਦੇ ਹਨ। ਜੇ ਸਰੀਰ ਨੂੰ ਠੰਢ ਲੱਗੀ ਹੋਵੇ ਤਾਂ ਗੁੜ੍ਹ ਵਾਲੀ ਸੁੰਢ ਬਣਾ ਕੇ ਖਾਣ ਨਾਲ ਸਰੀਰ ਠੀਕ ਹੋ ਜਾਂਦਾ ਹੈ। ਰਾਤ ਨੂੰ ਗਰਮ ਦੁੱਧ ਨਾਲ ਗੁੜ ਖਾਣ ਨਾਲ ਕਬਜ਼ ਤੋਂ ਅਰਾਮ ਮਿਲਦਾ ਹੈ। ਗੁੜ੍ਹ ਦਾ ਸੇਵਨ ਅਨੀਮੀਆਂ ਰੋਗ ਤੋਂ ਨਿਯਾਤ ਦਿਵਾਉਂਦਾ ਹੈ। ਗੁੜ੍ਹ ਖਾਣ ਨਾਲ ਚਿਹਰੇ ਦੇ ਦਾਗ ਧੱਬੇ ਤੇ ਛਾਈਆਂ ਦੂਰ ਹੋ ਜਾਂਦੀਆਂ ਹਨ। ਜਿੰਨ੍ਹਾਂ ਨੂੰ ਗੁੜ ਤੋਂ ਅਲਰਜ਼ੀ ਹੈ ਜਾਂ ਕਿਸੇ ਬੀਮਾਰੀ ਤੋਂ ਪੀੜਤ ਹਨ ਤਾਂ ਉਹ ਪ੍ਰਹੇਜ਼ ਹੀ ਕਰਨ।
ਕਾਸ਼! ਜੇ ਕਿਤੇ ਕਿਸਾਨ ਵੀਰ ਦੁਬਾਰਾ ਆਪ ਵੇਲਣੇ ਚਲਾਉਣ, ਆਪ ਗੁੜ੍ਹ ਕੱਢਣ ਤਾਂ ਖੂਹਾਂ ਤੇ ਉਹ ਪੁਰਾਣੀਆਂ ਰੌਣਕਾਂ ਫਿਰ ਤੋਂ ਪਰਤ ਆਉਣ। ਕਿਸਾਨ ਵੀਰ ਆਪ ਗੁੜ੍ਹ ਵੇਚਣ ਤਾਂ ਕਮਾਈ ਵਿੱਚ ਵੀ ਵਾਧਾ ਹੋਵੇਗਾ।ਗੁੜ੍ਹ ਖੰਡ ਨਾਲੋਂ ਮਹਿੰਗਾ ਵਿਕ ਰਿਹਾ ਹੈ। ਖੰਡ ਖਾਣ ਨਾਲ ਬੀਮਾਰੀਆਂ ਜ਼ਿਆਦਾ ਲੱਗਦੀਆ ਹਨ ਤੇ ਗੁੜ੍ਹ ਖਾਣ ਨਾਲ ਬੀਮਾਰੀਆਂ ਖਤਮ ਹੁੰਦੀਆ ਹਨ।
– ਸਮਾਪਤ
ਕਾਸ਼! ਜੇ ਕਿਤੇ ਕਿਸਾਨ ਵੀਰ ਦੁਬਾਰਾ ਆਪ ਵੇਲਣੇ ਚਲਾਉਣ



