ਅੱਜ ਤੋਂ ਤੀਹ-ਚਾਲੀ ਸਾਲ ਪਹਿਲਾਂ ਵਾਲੇ ਪੰਜਾਬ ਵਿੱਚ ਜਾਈਏ ਤਾਂ ਪਤਾ ਲੱਗਦਾ ਹੈ ਕਿ ਪੰਜਾਬ ਵਿੱਚ ਕਿਸਾਨ ਆਪਣੇ ਘਰ ਦੀ ਲੋੜ ਪੂਰੀ ਕਰਨ ਲਈ ਹਰ ਫਸਲ ਥੋੜ੍ਹੀ-ਥੋੜ੍ਹੀ ਜਰੂਰ ਬੀਜ ਲੈਂਦੇ ਸਨ। ਜਿਵੇਂ ਮਾਂਹ ਦੀ ਦਾਲ, ਮਸਰਾਂ ਦੀ ਦਾਲ, ਮੂੰਗੀ ਦੀ ਦਾਲ, ਕਾਲੇ ਛੋਲੇ ਤੇ ਸਬਜ਼ੀਆਂ ਜਿਵੇਂ ਆਲੂ, ਗੰਡੇ, ਲਸਣ, ਗਾਜਰ, ਗੋਭੀ, ਮੇਥੀ, ਮਿਰਚਾਂ ਤੇ ਹੋਰ ਨਿੱਕ ਸੁੱਕ ਦੇ ਨਾਲ-ਨਾਲ ਹਰ ਕਿਸਾਨ ਆਪਣਾ ਕਮਾਦ ਜਰੂਰ ਲਗਾਉਂਦੇ ਸਨ। ਉਦੋਂ ਕਮਾਦ ਪੰਜਾਬ ਦੀ ਪ੍ਰਮੁੱਖ ਫਸਲ ਹੋਇਆ ਕਰਦਾ ਸੀ। ਦੋ ਤਰ੍ਹਂਾਂ ਦੇ ਗੰਨੇ ਹੁੰਦੇ ਹਨ ਇੱਕ ਤਾਂ ਨਵਾਂ ਕਮਾਦ ਬੀਜਿਆ ਜਾਂਦਾ ਤੇ ਦੂਜਾ ਮੂਢਾ ਕਮਾਦ ਹੁੰਦੈ। ਦੇਸੀ ਮਹੀਨੇ ਕੱਤਕ, ਮੱਘਰ ਤੇ ਪੋਹ ਦੇ ਮਹੀਨੇ ਗੁੜ੍ਹ ਕੱਢਿਆ ਜਾਂਦਾ ਹੈ। ਜੇ ਅੰਗਰੇਜ਼ੀ ਮਹੀਨਿਆਂ ਦੀ ਗੱਲ ਕਰੀਏ ਤਾਂ ਨਵੰਬਰ, ਦਸੰਬਰ ਤੇ ਜਨਵਰੀ ਮਹੀਨੇ ਗੁੜ੍ਹ ਕੱਢਿਆ ਜਾਂਦਾ ਹੈ।ਗੰਨੇ ਚੂਪਣੇ, ਰਹੁ ਪੀਣੀ ਤੇ ਜਦ ਗੁੜ੍ਹ ਨਿਕਲਣਾ ਤਾਂ ਗਰਮ -ਗਰਮ ਗੁੜ੍ਹ ਗੰਢ ਦੁਆਲੇ ਬੈਠ ਕੇ ਖਾਣਾ।ਸਿਆਣੇ ਬਜ਼ੁਰਗਾਂ ਨੇ ਕਹਿਣਾ ਕਿ ਥੋੜ੍ਹਾ ਖਾਇਉ ਪੇਟ ਖਰਾਬ ਹੋ ਜਾਏਗਾ, ਪਰ ਕਿਸੇ ਨੇ ਇਸ ਗੱਲ ਦੀ ਪ੍ਰਵਾਹ ਨਾ ਕਰਨੀ। ਵੇਲਣਾ, ਚੁੰਭਾ ਤੇ ਗੁੜ੍ਹ ਕੱਢਣ ਵਾਲਾ ਕੜਾਹਾ ਇਹ ਸਭ ਗੁੜ੍ਹ ਕੱਢਣ ਲਈ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਸਨ। ਜਿਸ ਥਾਂ ਤੇ ਗੁੜ੍ਹ ਨਿਕਲਣਾ ਉਸ ਥਾਂ ਤੇ ਜੋ ਖੁਸ਼ਬੂ ਆਉਂਦੀ ਸੀ। ਉਸਦਾ ਇੱਕ ਵੱਖਰਾ ਹੀ ਨਜ਼ਾਰਾ ਹੁੰਦਾ ਸੀ। ਅੱਜ ਵੀ ਉਹ ਖੁਸ਼ਬੂ ਮੇਰੇ ਜ਼ਿਹਨ ਵਿੱਚ ਵੱਸੀ ਹੋਈ ਹੈ। ਪੁਰਾਣੇ ਸਮਿਆਂ ਵਿੱਚ ਖੇਤਾਂ ਵਿੱਚ ਕੰਮ ਕਰਨ ਵਾਲੇ ਕਿਸਾਨਾਂ ਲਈ ਸਵਾਣੀਆਂ ਜਦ ਵੀ ਰੋਟੀ ਲੈ ਕੇ ਜਾਂਦੀਆਂ ਸਨ ਤਾਂ ਨਾਲ ਗੁੜ੍ਹ ਜਰੂਰ ਲੈ ਕੇ ਜਾਂਦੀਆਂ ਸਨ। ਕਿਸਾਨ ਦਹੀ ਨਾਲ ਵੀ ਗੁੜ੍ਹ ਖਾਂਦੇ ਸਨ ਤੇ ਲੱਸੀ ਪੀਣ ਸਮੇਂ ਵੀ ਨਾਲ ਵੀ ਗੁੜ੍ਹ ਖਾਂਦੇ ਸਨ।ਜਦ ਫਸਲਾਂ ਪੱਕ ਜਾਂਦੀਆਂ ਸਨ ਤਾਂ ਕਣਕ ਕੱਟਣ ਸਮੇਂ, ਕਣਕ ਕੱਢਣ ਸਮੇਂ, ਫਿਰ ਫਸਲ ਸਾਂਭਣ ਸਮੇਂ. ਤੂੜੀ ਸਾਂਭਣ ਸਮੇਂ ਰੋਟੀ ਤੋਂ ਬਾਦ ਗੁੜ੍ਹ ਜਰੂਰ ਖਾਦਾ ਜਾਂਦਾ ਸੀ, ਕਿਉਂਕਿ ਉਹ ਲੋਕ ਦੱਸਦੇ ਸਨ ਕਿ ਇਸ ਨਾਲ ਸਾਰੇ ਦਿਨ ਦਾ ਜੋ ਘੱਟਾ ਮਿੱਟੀ ਅੰਦਰ ਚਲਾ ਗਿਆ ਹੈ, ਉਹ ਸਾਰਾ ਨੀਚੇ ਹੋ ਕੇ ਸਰੀਰ ਵਿੱਚੋਂ ਬਾਹਰ ਨਿਕਲ ਜਾਂਦਾ ਹੈ। ਸਰੀਰ ਇੱਕ ਦਮ ਸਾਫ ਸੁਥਰਾ ਤੇ ਨਰੋਆ ਹੋ ਜਾਂਦਾ ਹੈ। ਸ਼ੁੱਧ ਦੇਸੀ ਘਿਉ ਦਾ ਗੁੜ ਵਾਲਾ ਕੜਾਹ ਵਾਢੀਆਂ ਵਿੱਚ ਕਾਫੀ ਖਾਦਾ ਜਾਂਦਾ ਸੀ।ਉਹ ਲੋਕ ਚਾਹ ਵੀ ਗੁੜ੍ਹ ਦੀ ਬਣੀ ਹੋਈ ਹੀ ਪੀਂਦੇ ਸਨ ਤਾਂ ਹੀ ਤੰਦਰੁਸਤ ਰਹਿੰਦੇ ਸਨ। ਸ਼ੁੱਧ ਖਾਣਾ ਤੇ ਤੰਦਰੁਸਤ ਰਹਿਣਾ ਉਹਨਾਂ ਦਾ ਸੁਭਾਅ ਸੀ।ਵਿਆਹਾਂ ਵਿੱਚ ਸ਼ਗਨ ਸਮੇਂ ਗੁੜ ਦੀ ਰੋੜੀ ਭੇਜੀ ਜਾਂਦੀ ਸੀ। ਅੱਜ ਕੱਲ ਮਿਲਾਵਟੀ ਮਠਿਆਈਆਂ ਦੇ ਦਸ ਬਾਰਾਂ ਡੱਬੇ ਭੇਜੇ ਜਾਂਦੇ ਹਨ।ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਗੁੜ ਵੰਡਿਆਂ ਜਾਂਦਾ ਸੀ। ਅੱਜ ਕੱਲ ਜ਼ਹਿਰੀਲੀਆ ਮਠਿਆਈਆਂ ਵੰਡੀਆਂ ਜਾਂਦੀਆਂ ਹਨ।ਆਉ ਹੁਣ ਗੱਲ ਕਰੀਏ ਕਿ ਗੁੜ੍ਹ ਤਿਆਰ ਕਿਸ ਤਰ੍ਹਾਂ ਕੀਤਾ ਜਾਂਦਾ ਸੀ। ਸਭ ਤੋਂ ਪਹਿਲਾਂ ਘਰ ਦੇ ਸਾਰੇ ਮਰਦ ਮੈਂਬਰਾਂ ਨੇ ਇੱਕਠੇ ਹੋ ਕੇ ਖੇਤ ਜਾਣਾ। ਗੰਨੇ ਥੱਲਿਉਂ ਥੋੜ੍ਹੇ ਜਿਹੇ ਮੁੱਢ ਛੱਡ ਕੇ ਦਾਤਰੀ ਨਾਲ ਜਾਂ ਦਾਤ ਨਾਲ ਵੱਢਣੇ, ਫਿਰ ਗੰਨੇ ਦਾ ਉਪਰਲਾ ਸਿਰਾ ਜਿਸਨੂੰ ਆਗ ਕਹਿੰਦੇ ਹਨ, ਉਹ ਵੱਢਣੇ ਤੇ ਫਿਰ ਗੰਨੇ ਦੇ ਉਪਰ ਲੱਗੀ ਖੋਰੀ ਦਾਤਰੀ ਨਾਲ ਝਾੜਣੀ। ਆਗ ਤਾਂ ਪਸ਼ੂਆਂ ਨੂੰ ਖਵਾਉਣ ਦੇ ਕੰਮ ਆ ਜਾਂਦੇ ਸਨ ਤੇ ਖੋਰੀ ਗੁੜ ਬਨਾਉਣ ਸਮੇਂ ਚੁੰਭੇ ਵਿੱਚ ਜਲਾਉਣ ਦੇ ਕੰਮ ਵੀ ਆ ਜਾਂਦੀ ਸੀ। ਫਿਰ ਬਲਦ ਦੀਆਂ ਅੱਖਾਂ ਤੇ ਖੋਪੇ ਲਾ ਕੇ ਵੇਲਣੇ ਤੇ ਜੋਣਾ। ਰਹੁ ਪਾਉਣ ਲਈ ਪੀਪੇ ਤਿਆਰ ਕਰਨੇ ਜੋ ਘੱਟੋ ਘੱਟ ਦੋ ਜਾਂ ਤਿੰਨ ਹੁੰਦੇ ਸਨ। ਉਹ ਪੀਪੇ ਜਦ ਵੇਲਣੇ ਵਿੱਚ ਗੰਨੇ ਪੀੜਣ ਤੇ ਜੋ ਗੰਨੇ ਦਾ ਰਸ ਨਿਕਲਦਾ ਸੀ, ਉਸਨੂੰ ਉਸ ਪੀਪੇ ਵਿੱਚ ਪਾਇਆ ਜਾਂਦਾ ਸੀ, ਫਿਰ ਪੀਪਾ ਭਰਨ ਤੇ ਦੂਜਾ ਪੀਪਾ ਲਗਾ ਦਿੱਤਾ ਜਾਂਦਾ ਤੇ ਪਹਿਲੇ ਵਾਲਾ ਰਹੁ ਨਾਲ ਭਰਿਆ ਪੀਪਾ ਨਜ਼ਦੀਕ ਹੀ ਵੱਡੇ ਲੋਹੇ ਦੇ ਕੜਾਹੇ ਵਿੱਚ ਪਾ ਦਿੱਤਾ ਜਾਂਦਾ। ਇਸ ਤਰ੍ਹਾਂ ਵੇਲਣਾ ਚੱਲਦਾ ਰਹਿੰਦਾ। ਇੱਕ ਬੱਚਾ ਜਾਂ ਕੋਈ ਹੋਰ ਮੈਂਬਰ ਉਸ ਬਲਦ ਨੂੰ ਹੱਕਦਾ ਰਹਿੰਦਾ। ਉਸ ਵੱਡੇ ਕੜਾਹੇ ਵਿੱਚ 5- 6 ਪੀਪੇ ਜਾਂ ਕਈ ਕਿਸਾਨ ਇਸ ਤੋਂ ਵੀ ਵੱਧ ਪੀਪੇ ਰਹੁ (ਗੰਨੇ ਦਾ ਰਸ) ਦੇ ਪਾਏ ਜਾਂਦੇ ਤੇ ਫਿਰ ਉਸ ਕੜਾਹੇ ਦੇ ਹੇਠਾਂ ਅੱਗ ਬਾਲ ਦਿੱਤੀ ਜਾਂਦੀ। ਜਦ ਉਹ ਗੰਨੇ ਦਾ ਰਸ ਗਰਮ ਹੋ ਕੇ ਉਬਲਣ ਲੱਗਦਾ ਤਾਂ ਉਸ ਵਿੱਚ ਮਿੱਠਾ ਸੋਡਾ ਪਾ ਦਿੱਤਾ ਜਾਂਦਾ ਸੀ।
– ਬਾਕੀ ਕੱਲ੍ਹ ਪੜ੍ਹੋ
ਵੇਲਣੇ ਚਲਾਉਣੇ ਤੇ ਗੁੜ ਕੱਢਣਾ ਹੋਇਆ ਬੀਤੇ ਸਮੇਂ ਦੀ ਕਹਾਣੀ



