ਸਕੂਲੀ ਵਿਦਿਆਰਥੀਆਂ ਲਈ ਇਕ ਬਹੁਤ ਹੀ ਚੰਗਾ ਫੈਸਲਾ ਲਿਆ ਗਿਆ ਹੈ। ਹੁਣ ਪਹਿਲੀ ਤੇ ਦੂਜੀ ਜਮਾਤ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਸਕੂਲ ਵਲੋਂ ਹੁਣ ਘਰ ਲਈ ਕੋਈ ਕੰਮ ਨਹੀਂ ਦਿਤਾ ਜਾਵੇਗਾ।ਇਸ ਦੇ ਨਾਲ ਹੀ ਸਕੂਲੀ ਵਿਦਿਆਰਥੀਆਂ ਲਈ ਬਸਤਿਆਂ ਦਾ ਬੋਝ ਘਟਾਉਣ ਬਾਰੇ ਵੀ ਨਿਰਣਾ ਲਿਆ ਗਿਆ ਹੈ। ਮਨੁਖੀ ਵਸੀਲਾ ਵਿਕਾਸ ਮੰਤਰਾਲੇ ਵਲੋਂ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜਾਰੀ ਕੀਤੀਆਂ ਤਾਜ਼ਾ ਹਦਾਇਤਾਂ ਵਿਚ ਹਰ ਜਮਾਤ ਲਈ ਸਕੂਲ ਬੈਗ ਦੇ ਭਾਰ ਦੀ ਸੀਮਾ ਮੁਕਰਰ ਕਰਨ ਲਈ ਵੀ ਕਿਹਾ ਗਿਆ ਹੈ।ਮੰਤਰਾਲੇ ਨੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਵਿਸ਼ਿਆਂ ਦੀ ਪੜ੍ਹਾਈ ਤੇ ਸਕੂਲ ਬਸਤਿਆਂ ਦੇ ਭਾਰ ਨੂੰ ਭਾਰਤ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਠੀਕ ਕਰਨ ਲਈ ਦਿਸ਼ਾ ਨਿਰਦੇਸ਼ਾਂ ਨੂੰ ਨੇਮਬਧ ਕਰਨ। ਵਿਦਿਆਰਥੀਆਂ ਨੂੰ ਸਕੂਲ ਜਾਣ ਸਮੇਂ ਵਾਧੂ ਕਿਤਾਬਾਂ ਤੇ ਵਾਧੂ ਸਮਗਰੀ ਲਿਆਉਣ ਲਈ ਵੀ ਜ਼ੋਰ ਨਹੀਂ ਪਾਇਆ ਜਾਵੇਗਾ ਤੇ ਸਕੂਲ ਬਸਤੇ ਦਾ ਭਾਰ ਨਿਰਧਾਰਿਤ ਹਦ ਨਾਲੋਂ ਵਧ ਨਹੀਂ ਹੋਵੇਗਾ।ਪਹਿਲੀ ਤੇ ਦੂਜੀ ਜਮਾਤ ਦੇ ਵਿਦਿਆਰਥੀ ਦੇ ਬਸਤੇ ਦਾ ਭਾਰ ਡੇਢ ਕਿਲੋ ਤੋਂ ਵਧ ਨਹੀਂ ਹੋਵੇਗਾ।ਤੀਜੀ ਤੋਂ ਪੰਜਵੀਂ ਲਈ ਇਹ ਹਦ 2 ਤੋਂ 3 ਕਿਲੋ ਅਤੇ ਛੇਵੀਂ ਤੇ ਸਤਵੀਂ ਲਈ ਚਾਰ ਕਿਲੋ, ਅਠਵੀਂ ਤੇ ਨੌਵੀਂ ਲਈ ਸਾਢੇ ਚਾਰ ਕਿਲੋ ਅਤੇ ਦਸਵੀਂ ਦੇ ਵਿਦਿਆਰਥੀਆਂ ਲਈ ਇਹ ਹਦ ਪੰਜ ਕਿਲੋ ਰਹੇਗੀ। ਇਸ ਨਾਲ ਸਕੂਲੀ ਬੱਚਿਆਂ ਨੂੰ ਵੱਡੀ ਰਾਹਤ ਮਿਲੇਗੀ। ਵੱਡੇ- ਵੱਡੇ ਸਕੂਲੀ ਬਸਤਿਆਂ ਕਾਰਨ ਬੱਚਿਆਂ ਨੂੰ ਭਾਰੀ ਮਾਨਸਿਕ ਅਤੇ ਸਰੀਰਕ ਪੀੜਾ ਵਿੱਚੋਂ ਗੁਜ਼ਰਨਾ ਪੈਂਦਾ ਹੈ। ਇਸ ਮਾਮਲੇ ਵਿੱਚ ਸਭ ਤੋਂ ਦੁਖਦਾਇਕ ਗੱਲ ਇਹ ਹੈ ਕਿ ਸਕੂਲ ਸਰਕਾਰ ਦੀਆਂ ਹਦਾਇਤਾਂ ਦੀ ਯੋਗ ਤਰੀਕੇ ਨਾਲ ਪਾਲਣਾ ਨਹੀਂ ਕਰਦੇ। ਨਿੱਜੀ ਸਕੂਲ ਤਾਂ ਸਰਕਾਰ ਦੇ ਆਦੇਸ਼ਾਂ ਵੱਲ ਧਿਆਨ ਹੀ ਨਹੀਂ ਦਿੰਦੇ। ਬੇਸ਼ਕ ਸਰਕਾਰ ਦੀ ਤਰਫੋਂ ਨਵੇਂ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਪ੍ਰੰਤੂ ਇਨ੍ਹਾਂ ਨੂੰ ਲਾਗੂ ਕਰਨ ਲਈ ਸਖਤਾਈ ਵਰਤਣ ਦੀ ਜ਼ਰੂਰਤ ਹੈ। ਬੱਚਿਆਂ ਦੇ ਸਹੀ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਇਨ੍ਹਾਂ ਆਦੇਸ਼ਾਂ ’ਤੇ ਤੁਰੰਤ ਅਮਲ ਹੋਣਾ ਚਾਹੀਦਾ ਹੈ। ਇਸ ਨਾਲ ਬੱਚਿਆਂ ਦੀ ਪੜ੍ਹਾਈ ਪ੍ਰਤੀ ਰੁਚੀ ਵਧੇਗੀ ਅਤੇ ਉਹ ਬੇਹਤਰ ਨਤੀਜੇ ਦੇ ਸਕਣਗੇ।



