ਪੰਜਾਬ ਵਿਚ ਲੋਕ ਸਭਾ ਚੋਣਾਂ ਦਾ ਦ੍ਰਿਸ਼ ਇਸ ਵਾਰ ਪੂਰੀ ਤਰ੍ਹਾਂ ਬਦਲ ਗਿਆ ਹੈ। ਇਕ ਪਾਸੇ ਹੁਕਰਮਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿਆਸੀ ਤੌਰ ’ਤੇ ਗੈਰ ਪੈਸ਼ੇਵਰ ਵਿਅਕਤੀਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਦੂਜੇ ਪਾਸੇ ਕਾਂਗਰਸ ਵੱਲੋਂ ਆਪਣੇ ਵੱਡੇ ਨੇਤਾਵਾਂ ਨੂੰ ਚੋਣ ਮੈਦਾਨ ਵਿੱਚ ਭੇਜਿਆ ਜਾ ਰਿਹਾ ਹੈ। ਕਾਂਗਰਸ ਹਾਈ ਕਮਾਨ ਨੇ ਪੰਜਾਬ ਕਾਂਗਰਸ ਦੇ ਵੱਡੇ ਨੇਤਾਵਾਂ ਨੂੰ ਚੋਣ ਮੈਦਾਨ ਵਿਚ ਉਤਾਰ ਕੇ ਇਕ ਤੀਰ ਨਾਲ ਕਈ ਸਿਆਸੀ ਨਿਸ਼ਾਨੇ ਫੁੰਡਣ ਦਾ ਯਤਨ ਕੀਤਾ ਹੈ। ਕਾਂਗਰਸ ਦੀ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਅਤੇ ਕੌਮੀ ਮੀਤ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਵੱਲੋਂ ਪੰਜਾਬ ਦੇ ਕਾਂਗਰਸੀ ਨੇਤਾਵਾਂ ਦੀ ਧੜੇਬੰਦੀ ਨੂੰ ਖ਼ਤਮ ਕਰਨ ਲਈ ਚੁਕਿਆ ਗਿਆ ਇਹ ਕਦਮ ਕਾਫੀ ਅਹਿਮੀਅਤ ਰੱਖਦਾ ਹੈ। ਇਸ ਨਾਲ ਕਾਂਗਰਸ ਨੇ ਇਕ ਪਾਸੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਮੁਕਾਬਲੇ ਮਜ਼ਬੂਤ ਉਮੀਦਵਾਰ ਉਤਾਰ ਦਿੱਤੇ ਹਨ। ਦੂਸਰੇ ਪਾਸੇ ਕਾਂਗਰਸ ਦੇ ਸਾਰੇ ਧੜਿਆਂ ਨੂੰ ਆਪਣੀ ਕਾਰਗੁਜ਼ਾਰੀ ਦਿਖਾਉਣ ਦੀ ਚੁਣੌਤੀ ਦੇ ਦਿੱਤੀ ਹੈ। ਲਾਜ਼ਮੀ ਤੌਰ ’ਤੇ ਕਾਂਗਰਸ ਦੇ ਵੱਖ-ਵੱਖ ਧੜਿਆਂ ਦੀ ਅਗਵਾਈ ਕਰ ਰਹੇ ਪ੍ਰਮੁੱਖ ਨੇਤਾਵਾਂ ਦੇ ਚੋਣ ਮੈਦਾਨ ਵਿੱਚ ਆਉਣ ਨਾਲ ਇਕ ਬਹੁਤ ਦਿਲਚਸਪ ਸਥਿਤੀ ਪੈਦਾ ਹੋ ਗਈ ਹੈ। ਪੰਜਾਬ ਵਿੱਚ ਕਾਂਗਰਸ ਆਪਸੀ ਧੜੇਬੰਦੀ ਅਤੇ ਫੁੱਟ ਕਾਰਨ ਹੀ ਹਾਰਦੀ ਰਹੀ ਹੈ। ਕਾਂਗਰਸ ਦੀ ਫੁੱਟ ਦਾ ਲਾਹਾ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਦਾ ਰਿਹਾ ਹੈ ਜਿਸ ਕਾਰਨ ਉਹ ਦੂਸਰੀ ਵਾਰ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋ ਗਿਆ। ਕਾਂਗਰਸ ਹਾਈ ਕਮਾਨ ਨੇ ਪਹਿਲੀ ਵਾਰ ਪੰਜਾਬ ਕਾਂਗਰਸ ਦੀ ਧੜੇਬੰਦੀ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਇਸ ਨੂੰ ਦੂਰ ਕਰਨ ਦਾ ਇਕ ਨਿਯਾਬ ਤਰੀਕਾ ਲੱਭ ਲਿਆ ਹੈ। ਇਸ ਵਾਰ ਘੱਟੋ ਘੱਟ ਕਾਂਗਰਸ ਦੇ ਵੱਡੇ ਨੇਤਾਵਾਂ ਨੂੰ ਇਕ ਦੂਸਰੇ ਖਿਲਾਫ਼ ਕੰਮ ਕਰਨ ਦਾ ਮੌਕਾ ਨਹੀਂ ਮਿਲੇਗਾ। ਲੋਕ ਸਭਾ ਚੋਣਾਂ ’ਚ ਉਨ੍ਹਾਂ ਨੂੰ ਆਪਣੀ ਸਿਆਸੀ ਸਮਰੱਥਾ ਦਾ ਪ੍ਰਗਟਾਵਾ ਵੀ ਕਰਨਾ ਪਵੇਗਾ। ਇਸ ਤੋਂ ਪਹਿਲਾਂ ਸਥਿਤੀ ਪੂਰੀ ਤਰ੍ਹਾਂ ਉਲਟ ਸੀ। ਸਿਆਸੀ ਹਲਕਿਆਂ ਵਿਚ ਇਹ ਪ੍ਰਭਾਵ ਬਣ ਰਿਹਾ ਹੈ ਕਿ ਕਾਂਗਰਸੀ ਨੇਤਾ ਪੰਜਾਬ ਵਿੱਚ ਚੋਣਾਂ ਲੜਨ ਤੋਂ ਭੱਜ ਰਹੇ ਹਨ। ਕਾਂਗਰਸ ਹਾਈ ਕਮਾਨ ਦੇ ਸਿੱਧੇ ਦਖਲ ਨਾਲ ਵੱਡੇ ਨੇਤਾਵਾਂ ਨੂੰ ਵੀ ਚੋਣ ਲੜਨ ਲਈ ਮਜ਼ਬੂਰ ਹੋਣਾ ਪਿਆ ਹੈ। ਸ੍ਰੀ ਰਾਹੁਲ ਗਾਂਧੀ ਪੰਜਾਬ ਦੇ ਕਾਂਗਰਸੀ ਨੇਤਾਵਾਂ ਦੀ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਲੈ ਕੇ ਹੁਣ ਤਕ ਚ¤ਲਦੀ ਆ ਰਹੀ ਧੜੇਬੰਦੀ ਨੂੰ ਕਾਫੀ ਡੂੰਘਾਈ ਨਾਲ ਵੇਖ ਰਹੇ ਸਨ।ਧੜੇਬੰਦੀ ਨੂੰ ਖਤਮ ਕਰਨ ਲਈ ਹੀ ਪੰਜਾਬ ਦੇ ਸਾਰੇ ਪ੍ਰਮੁੱਖ ਨੇਤਾਵਾਂ ਲਈ ਇੱਕ ਅਗਨੀ ਪ੍ਰੀਖਿਆ ਰੱਖੀ ਗਈ ਹੈ। ਇਸ ਪ੍ਰੀਖਿਆ ਵਿੱਚੋਂ ਸਫਲਤਾ ਪ੍ਰਾਪਤ ਕਰਨ ਵਾਲਿਆਂ ਨੂੰ ਅੱਗੋਂ ਪਾਰਟੀ ਦੀ ਅਗਵਾਈ ਕਰਨ ਦਾ ਮੌਕਾ ਮਿਲੇਗਾ। ਕਾਂਗਰਸ ਵੱਲੋਂ ਸਾਬਕਾ ਮੁ¤ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੰਮ੍ਰਿਤਸਰ ਤੋਂ, ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਮੁੜ ਗੁਰਦਾਸਪੁਰ ਤੋਂ, ਸ੍ਰੀ ਸੁਨੀਲ ਜਾਖੜ ਨੂੰ ਫਿਰੋਜ਼ਪੁਰ ਹਲਕੇ ਤੋਂ ਅਤੇ ਸ੍ਰੀਮਤੀ ਅੰਬਿਕਾ ਸੋਨੀ ਨੂੰ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਚੋਣ ਮੈਦਾਨ ਵਿਚ ਉਤਾਰਨਾ ਬਹੁਤ ਹੀ ਦੂਰ-ਅੰਦੇਸ਼ੀ ਵਾਲਾ ਫੈਸਲਾ ਹੈ। ਇਸ ਨਾਲ ਕਾਂਗਰਸੀ ਵਰਕਰਾਂ ਦੇ ਮਨੋਬਲ ਨੂੰ ਉ¤ਚਾ ਚੁੱਕਣ ਵਿੱਚ ਵੀ ਮਦਦ ਮਿਲੇਗੀ। ਜੇਕਰ ਪਾਰਟੀ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਵੀ ਚੋਣ ਮੈਦਾਨ ਵਿਚ ਉਤਾਰਦੀ ਹੈ ਤਾਂ ਸਿਆਸੀ ਤੌਰ ’ਤੇ ਇਹ ਕਾਫੀ ਪ੍ਰਭਾਵੀ ਸਿੱਧ ਹੋਵੇਗਾ। ਪੰਜਾਬ ’ਚ ਲੋਕ ਸਭਾ ਦੀ ਚੋਣ ਦੇ ਨਤੀਜਿਆਂ ਨਾਲ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਬਾਰੇ ਵੀ ਅਸਾਨੀ ਨਾਲ ਫੈਸਲਾ ਹੋ ਸਕੇਗਾ। ਵੱਖ-ਵੱਖ ਧੜਿਆਂ ਦੀ ਸਿਆਸੀ ਤਾਕਤ ਨੂੰ ਪਰਖਣ ਦਾ ਇਹ ਚੰਗਾ ਤਰੀਕਾ ਹੈ। ਸਭ ਤੋਂ ਦਿਲਚਸਪ ਗੱਲ ਤਾਂ ਇਹ ਹੈ ਕਿ ਕਾਂਗਰਸ ਦੀ ਇਸ ਨਵੀਂ ਰਣਨੀਤੀ ਨੂੰ ਪੰਜਾਬ ਦੇ ਲੋਕ ਕਿਸ ਤਰ੍ਹਾਂ ਦਾ ਹੁੰਗਾਰਾ ਭਰਦੇ ਹਨ। ਘੱਟੋ ਘੱਟ ਕਾਂਗਰਸ ਦੀ ਨਵੀਂ ਰਣਨੀਤੀ ਨਾਲ ਪੰਜਾਬ ਦਾ ਚੋਣ ਦ੍ਰਿਸ਼ ਬਹੁਤ ਦਿਲਚਸਪ ਹੋ ਗਿਆ ਹੈ। ਲਾਜ਼ਮੀ ਤੌਰ ’ਤੇ ਇਸ ਵਾਰ ਹੁਕਰਮਾਨ ਅਕਾਲੀ-ਭਾਜਪਾ ਗੱਠਜੋੜ ਨੂੰ ਲੋਕ ਸਭਾ ਚੋਣਾਂ ਵਿੱਚ ਪਹਿਲਾਂ ਦੇ ਮੁਕਾਬਲੇ ਵੱਡੀ ਸਿਆਸੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।
ਬਲਜੀਤ ਸਿੰਘ ਬਰਾੜ