Skip to content
Independent perspectives. Global stories.
BREAKING

ਮਾਦਾ ਭਰੂਣ ਹੱਤਿਆ ’ਤੇ ਲੱਗੇ ਰੋਕ

Share this story

ਮਾਦਾ ਭਰੂਣ ਹੱਤਿਆ ਮਨੁੱਖੀ ਸਮਾਜ ਲਈ ਇੱਕ ਅਪਰਾਧ ਦੀ ਤਰ੍ਹਾਂ ਹੈ। ਮਨੁੱਖ ਜਿਉਂ-ਜਿਉਂ ਸੱਭਿਆ ਹੋਣ ਵੱਲ ਵੱਧ ਰਿਹਾ ਹੈ, ਤਿਉਂ-ਤਿਉਂ ਉਸ ਦਾ ਵਰਤਾਰਾ ਗੈਰ-ਮਨੁੱਖੀ ਹੁੰਦਾ ਜਾ ਰਿਹਾ ਹੈ। ਦੇਸ਼ ਵਿੱਚ ਲਗਾਤਾਰ ਘੱਟ ਰਹੇ ¦ਿਗ ਅਨੁਪਾਤ ਦੇ ਵੇਰਵੇ ਕਾਫ਼ੀ ਚਿੰਤਾਜਨਕ ਹਨ। ਪੰਜਾਬ ਉਨ੍ਹਾਂ ਸੂਬਿਆਂ ਵਿੱਚ ਸ਼ਾਮਲ ਹੈ, ਜਿਨ੍ਹਾਂ ਵਿੱਚ ਮਾਦਾ ਭਰੂਣ ਹੱਤਿਆ ਦੇ ਮਾਮਲੇ ਸਭ ਤੋਂ ਵਧੇਰੇ ਵਾਪਰ ਰਹੇ ਹਨ। ਮਾਦਾ ਭਰੂਣ ਹੱਤਿਆ ਦੀ ਸਮਾਜਿਕ ਬੁਰਾਈ ਭਾਵੇਂ ਸਦੀਆਂ ਪੁਰਾਣੀ ਹੈ ਪ੍ਰੰਤੂ ਨਵੀਆਂ ਮੈਡੀਕਲ ਸਹੂਲਤਾਂ ਕਾਰਨ ਇਸ ਬੁਰਾਈ ਨੇ 20ਵੀਂ ਸਦੀ ਦੇ ਅੰਤਲੇ ਦਹਾਕਿਆਂ ’ਚ ਇੱਕ ਨਵਾਂ ਰੂਪ ਧਾਰ ਲਿਆ ਹੈ। 21ਵੀਂ ਸਦੀ ਦੇ ਇਸ ਪਹਿਲੇ ਦਹਾਕੇ ਦੌਰਾਨ ਇਹ ਖ਼ਤਰਾ ਹੋਰ ਵਧੇਰੇ ਵੱਧ ਰਿਹਾ ਪ੍ਰਤੀਤ ਹੋ ਰਿਹਾ ਹੈ। ਸਰਕਾਰੀ ਅੰਕੜਿਆਂ ਮੁਤਾਬਿਕ ਮੁਲਕ ’ਚ ਸੰਨ 1991 ਦੌਰਾਨ 0-6 ਸਾਲ ਦੇ ਉਮਰ ਵਰਗ ਦੇ 1000 ਮੁੰਡਿਆਂ ਪਿੱਛੇ ਕੁੜੀਆਂ ਦੀ ਗਿਣਤੀ 945 ਸੀ, ਜੋ ਸੰਨ 2001 ਵਿੱਚ ਘੱਟ ਕੇ 927 ਰਹਿ ਗਈ। ਇਸੇ ਉਮਰ ਵਰਗ ’ਚ 1961 ਵਿੱਚ 1000 ਮੁੰਡਿਆਂ ਪਿੱਛੇ 976 ਕੁੜੀਆਂ ਸਨ, ਜੋ 1972 ਵਿੱਚ 964 ਰਹਿ ਗਈਆਂ ਅਤੇ 1981 ਵਿੱਚ 962 । ਪੰਜਾਬ ਵਿੱਚ ਕੁੜੀਆਂ ਦੀ ਗਿਣਤੀ 1981 ਤੋਂ ਘੱਟ ਕੇ 793 ਤੱਕ ਪਹੁੰਚ ਗਈ ਹੈ ਅਤੇ ਇਹ ਗਿਣਤੀ ਹਰਿਆਣਾ ਵਿੱਚ 879 ਤੋਂ 820 ਤੱਕ ਹੀ ਹੈ। ਇਹ ਗਿਣਤੀ ਹਿਮਾਚਲ ਪ੍ਰਦੇਸ਼ ਵਿੱਚ 951 ਤੋਂ 897, ਗੁਜਰਾਤ ਵਿੱਚ 928 ਤੋਂ 878, ਚੰਡੀਗੜ੍ਹ ਵਿੱਚ 898 ਤੋਂ 845 ਅਤੇ ਦਿੱਲੀ ਵਿੱਚ 915 ਤੋਂ ਘੱਟ ਕੇ 865 ਰਹਿ ਗਈ ਹੈ। ਪੰਜਾਬ ਸਮੇਤ ਕੁਝ ਸੂਬਿਆਂ ਦੇ ਕੁਝ ਇਲਾਕਿਆਂ ਵਿੱਚ ਤਾਂ ਕੁੜੀਆਂ ਦੀ ਗਿਣਤੀ 1000 ਪਿੱਛੇ 780 ਤੱਕ ਹੀ ਰਹਿ ਗਈ ਹੈ। ਪੰਜਾਬ ਵਿੱਚ ਮਾਦਾ ਭਰੂਣ ਹੱਤਿਆ ਬਾਰੇ ਪਹਿਲੀ ਵਾਰ ਸੰਨ 1901 ਵਿੱਚ ਹੋਈ ਮਰਦਮਸ਼ੁਮਾਰੀ ਵੇਲੇ ਤੱਥ ਸਾਹਮਣੇ ਆਏ ਸਨ ਪ੍ਰੰਤੂ ਇਸ ਨੂੰ ਅੰਗਰੇਜ਼ ਸਰਕਾਰ ਨੇ ਗੰਭੀਰਤਾ ਨਾਲ ਨਹੀਂ ਲਿਆ। ਯੂਨੀਵਰਸਿਟੀ ਆਫ਼ ਟੋਰਾਂਟੋ (ਕੈਨੇਡਾ) ਅਤੇ ਪੀ. ਜੀ. ਆਈ. ਚੰਡੀਗੜ੍ਹ ਵੱਲੋਂ ਕੀਤੀ ਗਈ ਇੱਕ ਸਾਂਝੀ ਖੋਜ ਮੁਤਾਬਕ ਪਿਛਲੇ 20 ਵਰ੍ਹਿਆਂ ਦੌਰਾਨ ਮੁਲਕ ’ਚ 1 ਕਰੋੜ ਕੁੜੀਆਂ ਦੀ ਗਰਭ ਵਿੱਚ ਹੱਤਿਆ ਹੋ ਚੁੱਕੀ ਹੈ। ਇਸ ਦਾ ਮਤਲਬ ਇਹ ਹੈ ਕਿ ਅਸੀਂ ਹਰ ਸਾਲ 5 ਲੱਖ ਕੁੜੀਆਂ ਨੂੰ ਕੁੱਖ ਵਿੱਚ ਹੀ ਮਾਰ ਦਿੰਦੇ ਹਾਂ। ਇਹ ਖੋਜ 1998 ਵਿੱਚ 11 ਲੱਖ ਪਰਿਵਾਰਾਂ ਨੂੰ ਆਧਾਰ ਬਣਾ ਕੇ ਕੀਤੀ ਗਈ। ਇਹ ਇੱਕ ਜਾਣਿਆ-ਪਛਾਣਿਆ ਤੱਥ ਹੈ ਕਿ ਮਾਦਾ ਭਰੂਣ ਹੱਤਿਆ ਦਾ ਰੁਝਾਨ ਸਿਰਫ਼ ਰੂੜੀਵਾਦੀ ਲੋਕਾਂ, ਮੱਧ ਵਰਗ ਜਾਂ ਨਿਮਨ ਮੱਧ ਵਰਗ ਤੱਕ ਹੀ ਸੀਮਤ ਨਹੀਂ ਹੈ, ਸਗੋਂ ਪੜ੍ਹੇ-ਲਿਖੇ ਅਤੇ ਖੁਸ਼ਹਾਲ ਪਰਿਵਾਰ ਵੀ ਇਸ ਅਪਰਾਧ ਤੋਂ ਗੁਰੇਜ਼ ਨਹੀਂ ਕਰਦੇ। ਸਮਾਜ ਦੀ ਚੁੱਪ ਸਹਿਮਤੀ ਕਾਰਨ ਹਰ ਸਾਲ ਪੰਜਾਬ ਅਤੇ ਹਰਿਆਣਾ ਵਿੱਚ ਤਕਰੀਬਨ 2 ਲੱਖ ਮਾਦਾ ਭਰੂਣ ਹੱਤਿਆਵਾਂ ਹੁੰਦੀਆਂ ਹਨ। ਇਹ ਮਾਦਾ ਭਰੂਣ ਹੱਤਿਆਵਾਂ ਪਿੰਡਾਂ ਦੇ ਮੁਕਾਬਲੇ ਸ਼ਹਿਰਾਂ ਵਿੱਚ ਵਧੇਰੇ ਹੋ ਰਹੀਆਂ ਹਨ। ਧੀਆਂ ਨੂੰ ਮਾਂ ਦੀ ਕੁੱਖ ਵਿੱਚ ਹੀ ਕਤਲ ਕਰਨ ਦੇ ਹਰ ਵਰਗ ਕੋਲ ਵੱਖ-ਵੱਖ ਕਾਰਨ ਅਤੇ ਦਲੀਲਾਂ ਹਨ । ਇਸ ਲਈ ਔਰਤਾਂ ਪ੍ਰਤੀ ਸਾਡਾ ਨਜ਼ਰੀਆਂ ਵੀ ਜ਼ਿੰਮੇਵਾਰ ਹੈ। ਅਸੁਰੱਖਿਅਤ ਹੁੰਦੇ ਜਾ ਰਹੇ ਸਮਾਜਿਕ ਵਾਤਾਵਰਣ ਕਾਰਨ ਅਤੇ ਔਰਤਾਂ ਖਿਲਾਫ਼ ਵੱਧ ਰਹੇ ਅਪਰਾਧਾਂ ਕਾਰਨ ਕੋਈ ਵੀ ਮਾ-ਪਿਓ ਧੀ ਨੂੰ ਜਨਮ ਦੇਣ ਦੇ ਹੱਕ ਵਿੱਚ ਨਹੀਂ। ਜੇਕਰ ਮਾਦਾ ਭਰੂਣ ਹੱਤਿਆ ਨੂੰ ਰੋਕ ਪਾਉਣੀ ਹੈ, ਤਾਂ ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਔਰਤਾਂ ਲਈ ਆਪਣੀ ਪਹੁੰਚ ਨੂੰ ਬਦਲੀਏ ਅਤੇ ਉਨ੍ਹਾਂ ਦੇ ਜਿਊਣ ਲਈ ਵਧੀਆਂ ਅਤੇ ਸੁਰੱਖਿਅਤ ਮਾਹੌਲ ਪੈਦਾ ਕਰੀਏ। ਇਸ ਸਮਾਜਿਕ ਬੁਰਾਈ ਨੂੰ ਖ਼ਤਮ ਕਰਨ ਲਈ ਕਾਨੂੰਨ ਬਹੁਤੇ ਕਾਰਗਰ ਨਹੀਂ ਹੋ ਸਕਦੇ। ਇਸ ਮਾਮਲੇ ਵਿੱਚ ਸਦਾਚਾਰਕ ਪਹੁੰਚ ਅਤੇ ਧਰਮ ਵੱਡੀ ਭੂਮਿਕਾ ਨਿਭਾਅ ਸਕਦਾ ਹੈ। ਸਾਨੂੰ ਇਸ ਗੱਲ ਦੀ ਲੋੜ ਹੈ ਕਿ ਧਾਰਮਿਕ ਰਹਿਨੁਮਾ ਇਸ ਅਪਰਾਧ ਖਿਲਾਫ਼ ਅੱਗੇ ਆਉਣ।
– ਬਲਜੀਤ ਸਿੰਘ ਬਰਾੜ

WRITTEN BY