ਆਬਾਦੀ ਪੱਖੋਂ ਭਾਰਤ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਕਿਸੇ ਵਕਤ ਗਰੀਬੀ ਅਤੇ ਭੁੱਖਮਰੀ ਕਾਰਨ ਦੂਜੇ ਦੇਸ਼ਾਂ ਤੋਂ ਅਨਾਜ ਖਰੀਦ ਕੇ ਆਪਣੀਆਂ ਲੋੜਾਂ ਪੂਰਨ ਵਾਲਾ ਇਹ ਦੇਸ਼ ਅੱਜ ਅਨਾਜ ਪੱਖੋਂ ਕਿਸੇ ਹੱਦ ਤੱਕ ਆਤਮ ਨਿਰਭਰ ਕਹਾਉਂਦਾ ਹੈ। ਬੇਸ਼ਕ ਉਦਯੋਗ ਅਤੇ ਫੈਕਟਰੀਆਂ ਸਥਾਪਿਤ ਹੋਣ ਨਾਲ ਵਿਕਾਸ ਦੀ ਦਰ ਕਾਫੀ ਮਜਬੂਤ ਹੋਈ ਹੈ ਪਰ ਭਾਰਤ ਦੀ ਆਰਥਿਕਤਾ ਦਾ ਮੁੱਖ ਧੁਰਾ ਅੱਜ ਵੀ ਖੇਤੀਬਾੜੀ ਹੀ ਹੈ। ਇਸ ਦੇਸ਼ ਦੀ ਤਕਰੀਬਨ ਸੱਤਰ ਫੀਸਦੀ ਆਬਾਦੀ ਖੇਤੀਬਾੜੀ ਕਰਕੇ ਆਪਣਾ ਗੁਜ਼ਾਰਾ ਚਲਾਉਂਦੀ ਹੈ। ਹਿੰਮਤੀ, ਮਿਹਨਤੀ ਅਤੇ ਸਿਰੜੀ ਕਿਸਾਨਾਂ ਨੇ ਵਾਧੂ ਅਨਾਜ ਪੈਦਾ ਕਰਕੇ 1960 ਦੇ ਦਹਾਕੇ ਵਿੱਚ ਹਰੀ ਕ੍ਰਾਂਤੀ ਨੂੰ ਜਨਮ ਦਿੱਤਾ ਅਤੇ ਅਨਾਜ ਖਰੀਦਣ ਵਾਲਾ ਇਹ ਦੇਸ਼ ਅੱਜ ਹੋਰ ਦੇਸ਼ਾਂ ਨੂੰ ਅਨਾਜ ਵੇਚਣ ਦੇ ਸਮਰੱਥ ਹੋ ਗਿਆ ਹੈ। ਪਰ ਇਹ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਹੱਡਭੰਨਵੀਂ ਮਿਹਨਤ ਕਰਕੇ ਅਨਾਜ਼ ਪੈਦਾ ਕਰਨ ਵਾਲਾ ਕਿਸਾਨ ਅੱਜ ਗਰੀਬੀ ਅਤੇ ਕਮਜੋਰ ਆਰਥਿਕ ਹਾਲਾਤਾਂ ਕਾਰਨ ਦਰੜਿਆ ਮਹਿਸੂਸ ਕਰ ਰਿਹਾ ਹੈ। ਰੋਜ਼ਾਨਾ ਹੁੰਦੀਆਂ ਖੁਦਕਸ਼ੀਆਂ ਇਸ ਦਾ ਜਿਉਂਦਾ ਜਾਗਦਾ ਪ੍ਰਮਾਣ ਹਨ।
ਵਧੇ ਖਰਚਿਆਂ ਨੇ ਖੇਤੀਬਾੜੀ ਕਿੱਤੇ ਨੂੰ ਆਰਥਿਕ ਤੌਰ ’ਤੇ ਵੱਡੀ ਢਾਹ ਲਾਈ ਹੈ। ਯੂਰੀਆ, ਡੀ.ਏ.ਪੀ ਅਤੇ ਹੋਰ ਖਾਦ ਪਦਾਰਥਾਂ ਦੇ ਵਧੇ ਭਾਅ ਕਿਸਾਨਾਂ ਲਈ ਇੱਕ ਚਣੌਤੀ ਬਣ ਗਏ ਹਨ। ਇਮਾਨਦਾਰ ਕਿਰਤ ਕਰਨ ਵਾਲਾ ਕਿਸਾਨ ਬੈਂਕਾਂ ਤੋਂ ਲਏ ਕਰਜੇ ਮੋੜਨ ’ਚ ਅਸਮਰੱਥ ਨਜ਼ਰ ਆ ਰਿਹਾ ਹੈ। ਫਸਲਾਂ ਦੇ ਮਿਲਦੇ ਘੱਟ ਮੁੱਲ ਅਤੇ ਕੁਦਰਤੀ ਕਰੋਪੀਆਂ ਨੇ ਕਿਸਾਨਾਂ ਦੀ ਹਾਲਤ ਤਰਸਯੋਗ ਬਣਾ ਦਿੱਤੀ ਹੈ। ਇੱਕ ਵਾਰੀ ਟੁੱਟੀ ਕਿਸ਼ਤ ਅਤੇ ਫਿਰ ਉਸ ਉਤੇ ਲਗਦਾ ਵਿਆਜ਼ ਉਧਾਰ ਲਈ ਰਕਮ ਨੂੰ ਵੱਡੀ ਕਰ ਦਿੰਦਾ ਹੈ, ਜੋ ਇੱਕ ਦਰਮਿਆਨੇ ਕਿਸਾਨ ਲਈ ਉਤਾਰਨੀ ਹੱਦੋਂ ਵੱਧ ਮੁਸ਼ਕਿਲ ਹੈ। ਕੁੱਝ ਦਿਨ ਪਹਿਲਾਂ ਇੱਕ ਅਖਬਾਰ ’ਚ ਖਬਰ ਪੜੀ ਕੀ ਕਿਸਾਨ ਦੇ ਘਰ ਬੈਂਕ ਨੇ ਪੈਸੇ ਸਮੇਂ ਸਿਰ ਮੋੜਨ ਦਾ ਨੋਟਿਸ ਭੇਜਿਆ, ਜਿਸ ਨੂੰ ਪੜ ਕੇ ਕਿਸਾਨ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਕਿਸੇ ਸਮੇਂ ਖੁਸ਼ਹਾਲ ਕਹਾਉਣ ਵਾਲੇ ਕਿਸਾਨਾਂ ਦੇ ਘਰ ਅੱਜ ਘਟੀ ਆਮਦਨ ਕਾਰਨ ਸਤਰ ਵਿਛ ਗਏ ਹਨ। ਫਸਲਾਂ ’ਤੇ ਆਉਂਦੇ ਵੱਡੇ ਖਰਚੇ ਸਾਹਮਣੇ ਫਸਲਾਂ ਦੇ ਮੁੱਲ ਬੌਨੇ ਮਹਿਸੂਸ ਹੋ ਰਹੇ ਹਨ। ਕਿਸਾਨਾਂ ਦੇ ਰੋਜ਼ਾਨਾ ਲਗਦੇ ਧਰਨੇ ਇਸੇ ਦਰਦ ਦੀ ਆਵਾਜ਼ ਨੂੰ ਪ੍ਰਗਟਾਉਂਦੇ ਹਨ, ਪਰ ਸਰਕਾਰਾਂ ਨੇ ਅਜੇ ਤੱਕ ਕੋਈ ਵੀ ਅਜਿਹੀ ਨੀਤੀ ਨਹੀਂ ਬਣਾਈ ਜਿਸ ਨੂੰ ਪੂਰੀ ਤਰਾਂ ਕਿਸਾਨ ਹਿਤੈਸ਼ੀ ਕਿਹਾ ਜਾ ਸਕੇ। ਪਿਛਲੇ ਦਿਨੀ ਇੱਕੋ ਦਿਨ ਪੰਜ ਕਿਸਾਨਾਂ ਵਲੋਂ ਕੀਤੀਆਂ ਖੁਦਕਸ਼ੀ ਦੀਆਂ ਛਪੀਆਂ ਖਬਰਾਂ ਨੇ ਸਰਕਾਰਾਂ ਦਵਾਰਾ ਬਣਾਈਆਂ ਕਿਸਾਨ ਪੱਖੀ ਨੀਤੀਆਂ ਦੀਆਂ ਹਵਾ ਕੱਢ ਦਿੱਤੀ। ਜੇਕਰ ਸਰਕਾਰ ਟੈਕਸ ਲਾ ਕੇ ਖਾਦ ਅਤੇ ਹੋਰ ਚੀਜਾਂ ਦੇ ਮੁੱਲ ਵਧਾਉਂਦੀ ਹੈ ਤਾਂ ਫਸਲਾਂ ਦੇ ਮੁੱਲ ਵੀ ਉਸ ਵਾਧੇ ਦੇ ਅਨੁਸਾਰ ਕਿਸਾਨਾਂ ਨੂੰ ਦਿੱਤੇ ਜਾਣੇ ਚਾਹੀਦੇ ਹਨ। ਇੱਕ ਅਨੁਮਾਨ ਅਨੁਸਾਰ ਜੇਕਰ ਖੇਤੀ ਉਤੇ ਆਉਂਦੇ ਖਰਚਿਆਂ ਦੇ ਅਨੁਸਾਰ ਫਸਲਾਂ ਦੇ ਮੁੱਲ ਵਧਾਏ ਜਾਂਦੇ ਤਾਂ ਅੱਜ ਕਣਕ, ਝੋਨੇ ਅਤੇ ਹੋਰ ਫਸਲਾਂ ਦੇ ਮੁੱਲ ਕਈ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਹੋਣੇ ਸਨ, ਜੋ ਕਿ ਸਰਕਾਰਾਂ ਦੀਆਂ ਕਿਸਾਨ ਮਾਰੂ ਨੀਤੀਆਂ ਕਾਰਨ ਨਹੀਂ ਹੋ ਸਕੇ। ਮਹਾਨ ਕ੍ਰਿਸ਼ੀ ਵਿਗਿਆਨੀ ਅਤੇ ਚਿੰਤਕ ਡਾ. ਸਵਾਮੀਨਾਥਨ ਦੇ ਅਨੁਸਾਰ ’ਜੇਕਰ ਭਾਰਤ ਦੇਸ਼ ਵਿੱਚ ਖੇਤੀਬਾੜੀ ਗਲਤ ਦਿਸ਼ਾ ’ਚ ਜਾਵੇਗੀ ਤਾਂ ਕੁੱਝ ਵੀ ਠੀਕ ਨਹੀਂ ਰਹੇਗਾ’ ਸਹੀ ਸਾਬਿਤ ਹੋ ਰਿਹਾ ਹੈ। ਉਹਨਾਂ ਵਲੋਂ ਦਿੱਤੇ ਕਿਸਾਨ ਪੱਖੀ ਸੁਝਾਵਾਂ ਨੇ ਸਰਕਾਰਾਂ ਦੀਆਂ ਅੱਖਾਂ ਤਾਂ ਖੋਲ ਦਿੱਤੀਆਂ ਪਰ ਅੱਜ ਤੱਕ ਕਿਸੇ ਵੀ ਸਰਕਾਰ ਨੇ ਉਹਨਾਂ ਦੇ ਸੁਝਾਵਾਂ ਨੂੰ ਇੰਨ ਬਿੰਨ ਲਾਗੂ ਕਰਨ ਦੀ ਹਿੰਮਤ ਨਹੀਂ ਦਿਖਾਈ।
ਫਸਲ ਬੀਜਣ ਤੋਂ ਲੈ ਕੇ ਵੱਢਣ ਤੱਕ ਡੀਜ਼ਲ ਦੀ ਭਾਰੀ ਖਪਤ ਹੋਣਾਂ ਜਾਇਜ਼ ਹੈ। ਸ਼ਾਇਦ ਹੀ ਕੋਈ ਹੋਰ ਖੇਤਰ ਹੋਵੇਗਾ ਜਿੱਥੇ ਡੀਜ਼ਲ ਦੀ ਖਪਤ ਖੇਤੀਬਾੜੀ ਜਿੰਨੀ ਹੋਵੇ, ਪਰ ਡੀਜ਼ਲ ਦੇ ਬੇਲਗਾਮ ਵਧਦੇ ਭਾਅ ਨੇ ਖੇਤੀਬਾੜੀ ਦੇ ਆਰਥਿਕ ਸੰਕਟ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਡੀਜ਼ਲ ਦੇ ਭਾਅ ’ਚ ਲਗਾਤਾਰ ਹੁੰਦੇ ਵਾਧੇ ਨੇ ਕਿਸਾਨੀ ਨੂੰ ਆਰਥਿਕ ਤੌਰ ’ਤੇ ਡਾਵਾਂਡੋਲ ਕਰ ਦਿੱਤਾ ਹੈ। ਇਹ ਸੋਚਣ ਵਾਲੀ ਗੱਲ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਆਉਣ ਦੇ ਬਾਵਜੂਦ ਡੀਜ਼ਲ ਦੇ ਭਾਅ ਵਿੱਚ ਕਟੌਤੀ ਕਿਉਂ ਨਹੀਂ ਕੀਤੀ ਜਾਂਦੀ। ਕੁਦਰਤੀ ਦੀ ਕਰੋਪੀ ਦਾ ਸ਼ਿਕਾਰ ਹੁੰਦੇ ਕਿਸਾਨਾਂ ਲਈ ਸਰਕਾਰਾਂ ਕੋਲ ਕੋਈ ਠੋਸ ਆਰਥਿਕ ਨੀਤੀ ਨਹੀਂ ਹੈ। ਕੁੱਝ ਦਿਨ ਪਹਿਲਾਂ ਹੋਈ ਗੜੇਮਾਰੀ ਕਾਰਨ ਫਸਲਾਂ ਦੇ ਹੋਏ ਨੁਕਸਾਨ ਦੀ ਭਰਪਾਈ ਸਰਕਾਰ ਸ਼ਾਇਦ ਹੀ ਕਰ ਸਕੇ। ਮੰਡੀ ਵਿੱਚ ਫਸਲ ਵੇਚਣ ਆਏ ਇੱਕ ਕਿਸਾਨ ਨੇ ਦੱਸਿਆ ਕਿ ਤੇਜ਼ ਹਵਾਵਾਂ ਅਤੇ ਗੜੇਮਾਰੀ ਕਾਰਨ ਪ੍ਰਤੀ ਏਕੜ ਝੋਨੇ ਦਾ ਝਾੜ ਅੱਠ ਤੋਂ ਦਸ ਕੁੰਇਟਲ ਤੱਕ ਘਟਿਆ ਹੈ। ਕਈ ਹਜਾਰਾਂ ਦੇ ਹੋਏ ਇਸ ਨੁਕਸਾਨ ਦਾ ਹਰਜਾਨਾ ਦੇਣ ਲਈ ਸ਼ਾਇਦ ਸਰਕਾਰ ਕੋਲ਼ ਕੋਈ ਨੀਤੀ ਨਹੀਂ। ਫਸਲ ਦਾ ਨੁਕਸਾਨ ਹੋਣ ਤੋਂ ਬਾਅਦ ਬੈਂਕਾਂ ਤੋਂ ਲਏ ਕਰਜ਼ ਮੋੜਨਾ ਕਾਫੀ ਔਖਾ ਹੁੰਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਜਦੋਂ ਵੀ ਕੋਈ ਫਸਲ ਕੁਦਰਤੀ ਕਰੋਪੀ ਦਾ ਸ਼ਿਕਾਰ ਹੋਵੇ ਤਾਂ ਕਿਸਾਨਾਂ ਨੂੰ ਬੈਂਕਾਂ ਦਾ ਕਰਜ਼ ਮੋੜਨ ’ਤੇ ਕੋਈ ਰਿਆਇਤ ਜਰੂਰ ਦਿੱਤੀ ਜਾਵੇ।
ਸਰਕਾਰਾਂ ਵੱਲੋਂ ਦਿੱਤੇ ਜਾਂਦੇ ਝੂਠੇ ਦਿਲਾਸਿਆਂ ਦਾ ਸ਼ਿਕਾਰ ਮਿਹਨਤੀ ਕਿਸਾਨ ਰੈਲਿਆਂ ਅਤੇ ਇੱਕਠਾਂ ’ਚੋਂ ਝੂਠੇ ਦਿਲਾਸੇ ਲੈ ਕੇ ਜਦੋਂ ਘਰ ਨੂੰ ਪਰਤਦਾ ਹੈ ਤਾਂ ਇਸ ਇਮਾਨਦਾਰ, ਮਿਹਨਤੀ ਅਤੇ ਸਿਰੜੀ ਇਨਸਾਨ ਦੀ ਹਾਲਤ ਹੋਰ ਵੀ ਤਰਸਯੋਗ ਬਣ ਜਾਂਦੀ ਹੈ। ਭਾਰਤ ਦੀ ਅਰਥਵਿਵਸਥਾ ਦੀ ਰੀੜ ਦੀ ਹੱਡੀ ਖੇਤੀਬਾੜੀ ਅੱਜ ਸਰਕਾਰਾਂ ਪਾਸੋਂ ਸੱਚੀ ਅਤੇ ਇਮਾਨਦਾਰ ਨੀਅਤ ਅਤੇ ਨੀਤੀ ਦੀ ਮੰਗ ਕਰਦੀ ਹੈ। ਜਿਸ ਦੇਸ਼ ਦਾ ਅੰਨਦਾਤਾ ਭੁੱਖਾ ਹੋਵੇਗਾ ਉਸ ਦੇਸ਼ ਦੇ ਨਾਗਰਿਕਾ ਦਾ ਬਹੁਤਾ ਚਿਰ ਰੱਜਿਆ ਰਹਿਣਾਂ ਮੁਸ਼ਕਿਲ ਹੈ। ਸਮੇਂ ਅਤੇ ਸਰਕਾਰਾਂ ਦੀ ਮਾਰ ਦਾ ਝੰਬਿਆ ਕਿਸਾਨ ਆਰਥਿਕ ਚੱਕਰ ’ਚੋਂ ਨਿਕਲਣ ਲਈ ਹੰਭਲੇ ਮਾਰਦਾ ਨਜ਼ਰ ਆ ਰਿਹਾ ਹੈ, ਪਰ ਸਰਕਾਰੀ ਮਦਦ ਤੋਂ ਬਿਨਾਂ ਇਹ ਮੁਸ਼ਕਿਲ ਹੈ।
ਕਿਸਾਨੀ ਦੀ ਦੁਰਦਸ਼ਾ ਲਈ ਹਾਕਮ ਸਰਕਾਰਾਂ ਜ਼ਿੰਮੇਵਾਰ



