ਪੰਜਾਬ ਵਿੱਚ ਸਿਹਤ ਮਹਿਕਮੇ ਵੱਲੋਂ ਛਾਪੇਮਾਰੀ ਦੌਰਾਨ ਮਿਲਾਵਟੀ ਚੀਜ਼ਾਂ ਦੇ ਜਦੋਂ ਸੈਂਪਲ ਭਰੇ ਜਾਂਦੇ ਹਨ ਤਾਂ ਕਈ ਜਿਲ੍ਹਿਆਂ ਵਿੱਚ ਤਕਰੀਬਨ-ਤਕਰੀਬਨ 50 ਫੀਸਦੀ ਦੇ ਨੇੜੇ ਤੇੜੇ ਸੈਂਪਲ ਫੇਲ ਵੀ ਪਾਏ ਜਾਂਦੇ ਹਨ, ਜੋ ਕਿ ਬਹੁਤ ਹੀ ਚਿੰਤਾ ਵਾਲੀ ਗੱਲ ਹੈ।ਦੁੱਧ, ਘਿਉ, ਮੱਖਣ ਦੇ ਤਾਂ ਅੱਧੇ ਸੈਂਪਲ ਫੇਲ ਪਾਏ ਗਏ। ਦੁੱਧ ਤੋਂ ਬਣਨ ਵਾਲੀਆਂ ਮਠਿਆਂਈਆਂ ਤੇ ਹੋਰ ਪਦਾਰਥ ਵੀ ਕੁਆਲਟੀ ਪਖੋਂ ਸਹੀ ਨਹੀ ਪਾਏ ਗਏ। ਨਮਕੀਨ ਦੇ ਅੱਧੇ ਤੋਂ ਵੀ ਜ਼ਿਆਦਾ ਸੈਂਪਲ ਫੇਲ ਪਾਏ ਗਏ।ਹੋਰ ਤਾਂ ਹੋਰ ਬੋਤਲ ਬੰਦ ਪਾਣੀ ਵੀ ਸਹੀ ਨਹੀ ਪਾਇਆ ਗਿਆ। ਇਸ ਦੇ ਵੀ ਤਕਰੀਬਨ ਚਾਲੀ ਫੀਸਦੀ ਤੋਂ ਉਪਰ ਹੀ ਸੈਂਪਲ ਫੇਲ ਪਾਏ ਗਏ।ਹੁਣ ਫਿਰ ਤਿਉਹਾਰੀ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਥੋੜ੍ਹੇ ਦਿਨਾਂ ਬਾਅਦ ਦੀਵਾਲੀ ਹੈ, ਫਿਰ ਵਿਸ਼ਕਰਮਾ, ਟਿੱਕਾ ਤੇ ਇਸ ਮਹੀਨੇ ਹੋਰ ਵੀ ਕਈ ਤਿਉਹਾਰ ਤੁਹਾਡੇ ਬੂਹੇ ਤੇ ਦਸਤਕ ਦੇਣ ਜਾ ਰਹੇ ਹਨ। ਰੰਗ-ਬਿਰੰਗੀਆਂ ਮਠਿਆਈਆਂ ਜ਼ਹਿਰ ਦੇ ਰੂਪ ਵਿੱਚ ਦੁਕਾਨਾਂ ਤੇ ਸੱਜ ਕੇ ਤੁਹਾਡਾ ਇੰਤਜ਼ਾਰ ਕਰਦੀਆ ਦਿਖਾਈ ਦੇ ਰਹੀਆਂ ਹਨ।ਤਿਉਹਾਰਾਂ ਦੇ ਇਸ ਸੀਜ਼ਨ ਤੇ ਸਭ ਤੋਂ ਜ਼ਿਆਦਾ ਇੱਕ ਦੂਜੇ ਨੂੰ ਗਿਫਟ ਦੇ ਰੂਪ ਮਠਿਆਈਆਂ ਦਿੱਤੀਆਂ ਜਾਂਦੀਆਂ ਹਨ। ਇਸ ਲਈ ਮਠਿਆਈਆਂ ਦੀ ਖ੍ਰੀਦੋ ਫਰੋਖਤ ਤਿਉਹਰੀ ਸੀਜ਼ਨ ਤੇ ਕੁੱਝ ਜ਼ਿਆਦਾ ਹੀ ਕੀਤੀ ਜਾਂਦੀ ਹੈ, ਪਰ ਕੀ ਅਸੀ ਕਦੇ ਇਹ ਸੋਚਿਆ ਹੈ ਕਿ ਜਿਹੜੀਆਂ ਮਠਿਆਈਆਂ ਅਸੀ ਖ੍ਰੀਦ ਕੇ ਖਾਅ ਰਹੇ ਹਾਂ, ਇਹ ਸਾਡੀ ਸਿਹਤ ਲਈ ਕਿੰਨੀਆਂ ਕੁ ਫਾਇਦੇਮੰਦ ਹਨ ਤੇ ਕਿੰਨੀਆਂ ਕੁ ਨੁਕਸਾਨਦਾਇਕ ਹਨ। ਅੱਜ ਕੱਲ ਤਾਂ ਦਿਖਾਈ ਦੇਂਦਾ ਹੈ ਕਿ ਨੁਕਸਾਨ ਹੀ ਨੁਕਸਾਨ ਹੈ। ਪ੍ਰਿੰਟ ਮੀਡੀਏ ਵਿੱਚ ਵੀ ਇਹ ਖਬਰਾਂ ਅਕਸਰ ਛਪਦੀਆਂ ਰਹਿੰਦੀਆਂ ਹਨ ਕਿ ਤਿਉਹਾਰੀ ਮੌਸਮ ਤੇ ਹਜਾਰਾਂ ਕੁਇੰਟਲ ਨਕਲੀ ਖੋਆ ਪਕੜਿਆ ਗਿਆ ਹੈ। ਉਸਦਾ ਵੀ ਇੱਕ ਕਾਰਨ ਹੈ, ਕਿਉਂਕਿ 80 ਫੀਸਦੀ ਮਠਿਆਈਆਂ ਖੋਏ ਤੋਂ ਤਿਆਰ ਹੁੰਦੀਆਂ ਹਨ।ਮਾਹਿਰ ਦੱਸਦੇ ਹਨ ਕਿ ਇਹ ਨਕਲੀ (ਸਿੰਥੈਟਿਕ) ਖੋਆ ਯੂਰੀਆ ਮਿਲਾ ਕੇ ਤਿਆਰ ਕੀਤਾ ਜਾਂਦਾ ਹੈ। ਇਹ ਮਠਿਆਈਆਂ ਤਿਆਰ ਕਰਨ ਲਈ ਨਕਲੀ ਤੇਲ ਤੇ ਘਿਉ ਵਰਤੇ ਜਾਂਦੇ ਹਨ। ਫਿਰ ਇੰਨ੍ਹਾਂ ਮਠਿਆਈਆਂ ਵਿੱਚ ਵਰਤੇ ਜਾਣ ਵਾਲੇ ਰੰਗ ਵੀ ਹੱਦ ਦਰਜੇ ਦੇ ਮਾੜੇ ਹੁੰਦੇ ਹਨ, ਕਿਉੁਂਕਿ ੳਰਜੀਨਲ ਰੰਗ ਮਹਿੰਗੇ ਹੋਣ ਕਰਕੇ ਹਲਵਾਈ ਤਕਰੀਬਨ ਨਕਲੀ ਰੰਗ ਹੀ ਵਰਤਦੇ ਹਨ। ਇਹ ਨਕਲੀ ਰੰਗ ਲੱਡੂ, ਜਲੇਬੀ, ਵੇਸਣ, ਗੁਲਾਬ ਜਾਮਨ ਤੇ ਕੋਕੋਨਟ ਬਰਫੀ ਆਦਿ ਵਿੱਚ ਵਰਤੇ ਜਾਂਦੇ ਹਨ। ਇਹ ਰੰਗ ਵਾਲੀਆਂ ਮਠਿਆਈਆਂ ਖਾਣ ਨਾਲ ਸਾਡੀ ਪਾਚਨ ਕਿਰਿਆ, ਦਿਲ ਜਿਗਰ ਤੇ ਗੁਰਦਿਆ ਤੇ ਮਾੜਾ ਅਸਰ ਕਰਦੀਆਂ ਹਨ।ਮਠਿਆਈਆਂ ਨੂੰ ਤਰੋਤਾਜ਼ਾ ਤੇ ਇਹਨਾਂ ਮਠਿਆਈਆਂ ਦਾ ਸਵਾਦ ਬਰਕਰਾਰ ਰੱਖਣ ਲਈ ਉਪਰ ਖੁਸ਼ਬੂਆਂ ਦਾ ਜੋ ਛਿੜਕਾਅ ਕੀਤਾ ਜਾਂਦਾ ਹੈ, ਉਹ ਸਾਡੀ ਸਿਹਤ ਲਈ ਹੱਦ ਦਰਜੇ ਦੀਆਂ ਮਾੜੀਆਂ ਤੇ ਖਤਰਨਾਕ ਹੁੰਦੀਆਂ ਹਨ। ਵੇਖਣ ਵਾਲੀ ਗੱਲ ਤਾਂ ਇਹ ਹੈ ਕਿ, ਕੀ ਇਹ ਨਕਲੀ ਮਠਿਆਈਆਂ ਦਾ ਕਾਰੋਬਾਰ ਸਿਰਫ ਤਿਉਹਾਰਾਂ ਦੇ ਦਿਨਾਂ ਵਿੱਚ ਹੀ ਹੁੰਦਾ ਹੈ। ਤਿਉਹਾਰੀ ਸੀਜ਼ਨ ਤੇ ਮਹਿਕਮੇ ਵੱਲੋਂ ਛੋਟੀਆਂ ਮੱਛੀਆਂ ਨੂੰ ਫੜ੍ਹ ਕੇ ਖਾਨਾਪੂਰਤੀ ਕੀਤੀ ਜਾਂਦੀ ਹੈ ਤੇ ਆਪਣੇ ਜਾਣ-ਪਛਾਣ ਵਾਲਿਆਂ ਤੇ ਚਹੇਤਿਆਂ ਨੂੰ ਬਚਾਅ ਲਿਆ ਜਾਂਦਾ ਹੈ। ਉਹ ਛੋਟੀਆਂ ਮੱਛੀਆਂ ਵੀ ਕੋਈ ਠੋਸ ਕਾਰਵਾਈ ਨਾ ਹੋਣ ਕਰਕੇ ਫਿਰ ਉਹੀ ਧੰਦੇ ਨੂੰ ਅੰਜਾਮ ਦੇਂਦੀਆਂ ਹਨ।ਸਿਹਤ ਮਹਿਕਮਾ ਇਸ ਪ੍ਰਤੀ ਆਪਣੀ ਪੂਰੀ ਇਮਾਨਦਾਰੀ ਦਿਖਾਵੇ ਤਾਂ ਜੋ ਇਹ ਹਲਵਾਈ ਚੰਦ ਰੁਪਿਆਂ ਦੀ ਖਾਤਿਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰ ਸਕਣ ਤੇ ਆਉ ਅਸੀ ਵੀ ਇਹ ਬਜ਼ਾਰੀ ਰੰਗ-ਬਿਰੰਗੇ ਜ਼ਹਿਰ ਖਾਣ ਤੋਂ ਪ੍ਰਹੇਜ਼ ਕਰੀਏ। ਕੁੱਝ ਮਠਿਆਈਆਂ ਅਸੀਂ ਖੁੱਦ ਵੀ ਘਰ ਵਿੱਚ ਬਣਾ ਸਕਦੇ ਹਾਂ। ਲੋੜ ਹੈ ਥੋੜ੍ਹੀ ਜਿਹੀ ਮਿਹਨਤ ਤੇ ਹਿੰਮਤ ਦੀ। ਆਉ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਈਏ ਤੇ ਇੱਕ ਤੰਦਰੁਸਤ ਜੀਵਨ ਜੀਵਏ।
ਆਉ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਈਏ



