ਲੜੀ ਜੋੜਨ ਲਈ 29 ਦਾ ਅੰਕ ਪੜ੍ਹੋ
ਫ਼ਾਊਂਡੇਸ਼ਨ ਨੇ ਅਪਣੀ ਰਿਪੋਰਟ ਵਿਚ ਭਾਰਤ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਠ ਦੁਨੀਆਂ ਦੀ ਦੂਜੀ ਸਭ ਤੋਂ ਵਡੀ ਅਬਾਦੀ ਵਾਲੇ ਦੇਸ਼ ਜਿਥੇ 1.3 ਬਿਲੀਅਨ ਲੋਕ ਰਹਿੰਦੇ ਹਨ, ਉਹ ਤਿੰਨ ਮਾਮਲਿਆਂ ਵਿਚ ਦੁਨੀਆਂ ਦਾ ਸਭ ਤੋਂ ਖ਼ਤਰਨਾਕ ਦੇਸ਼ ਹੈ ਤੇ ਇਹ ਹਨ, ਔਰਤਾਂ ਦੇ ਵਿਰੁਧ ਜਿਨਸੀ ਤਸ਼ਦਦ, ਸਭਿਆਚਾਰਕ ਤੇ ਰਵਾਇਤੀ ਮਾਮਲੇ ਅਤੇ ਇਨਸਾਨੀ ਸਮਗਲਿੰਗ , ਜਿਨ੍ਹਾਂ ਵਿਚ ਜਬਰਨ ਮਜ਼ਦੂਰੀ ਕਰਾਉਣਾ ਤੇ ਘਰੇਲੂ ਮੁਲਾਜ਼ਮ ਬਣਾ ਕੇ ਰਖਣਾ ਆਦਿ ਸ਼ਾਮਲ ਹਨ। ‘‘ ਇਸ ਸਬੰਧੀ ਔਰਤਾਂ ਦੇ ਕੌਮੀ ਕਮਿਸ਼ਨ (ਐਨ.ਸੀ.ਡਬਲਿਊ) ਨੇ ਉਕਤ ਸਰਵੇਖਣ ਦੀਆਂ ਲਭਤਾਂ ਨੂੰ ਖ਼ਾਰਜ ਕਰ ਦਿਤਾ।
ਕਮਿਸ਼ਨ ਦਾ ਕਹਿਣਾ ਹੈ ਕਿ ਜਿਨ੍ਹਾਂ ਮੁਲਕਾਂ ਨੂੰ ਭਾਰਤ ਹੇਠ ਰਖਿਆ ਗਿਆ ਹੈ, ਉਨ੍ਹਾਂ ਮੁਲਕਾਂ ਦੀਆਂ ਔਰਤਾਂ ਨੂੰ ਤਾਂ ਜਨਤਕ ਤੌਰ ਉਤੇ ਬੋਲਣ ਦੀ ਵੀ ਖੁਲ੍ਹ ਨਹੀਂ। ਉਨ੍ਹਾਂ ਰਿਪੋਰਟ ਨੂੰ ਰਦ ਕਰਦਿਆਂ ਦਾਅਵਾ ਕੀਤਾ ਕਿ ਸਰਵੇ ਲਈ ਜਿਹੜਾ ਨਮੂਨਾ ਵਰਤਿਆ ਗਿਆ, ਉਹ ਮਾਪ ਵਿਚ ਕਾਫ਼ੀ ਛੋਟਾ ਸੀ ਤੇ ਉਹ ਪੂਰੇ ਮੁਲਕ ਦੀ ਪ੍ਰਤੀਨਿਧਤਾ ਨਹੀਂ ਕਰ ਸਕਦਾ। ਇਸ ਵਿਚ ਕੋਈ ਸ਼ਕ ਨਹੀਂ ਕਿ ਉਕਤ ਕਮਿਸ਼ਨ ਨੇ ਜੋ ਰਿਪੋਰਟ ਨੂੰ ਰਦ ਕਰਨ ਲਈ ਦਲੀਲਾਂ ਦਿਤੀਆਂ ਹਨ, ਉਹ ਸਭ ਵਾਜਬ ਹਨ। ਪ੍ਰੰਤੂ ਜਦ ਅਸੀ ਅਪਣਾ ਉਕਤ ਰਿਪੋਰਟ ਤੇ ਧਿਆਨ ਦਿੰਦੇ ਹਾਂ ਤਾਂ ਗ਼ਾਲਿਬ ਦਾ ਇਹ ਸ਼ੇਅਰ ਬੇ-ਅਖ਼ਤਿਆਰ ਜ਼ਬਾਨ ਉਤੇ ਆ ਜਾਂਦਾ ਹੈ ਕਿ :
ਬੇ-ਖੁਦੀ ਬੇ-ਸਬਬ ਨਹੀਂ ਗ਼ਾਲਿਬ,
ਕੁਛ ਤੋ ਹੈ ਜਿਸ ਕੀ ਪਰਦਾਦਾਰੀ ਹੈ।
ਭਾਰਤ ਸਰਕਾਰ ਦੇ ਅੰਕੜਿਆਂ ਅਨੁਸਾਰ ਵੀ 2007 ਤੋਂ 2016 ਦੇ ਵਿਚਕਾਰ ਔਰਤਾਂ ਉਤੇ ਕੀਤੇ ਜਾਂਦੇ ਜੁਰਮਾਂ ਦੇ ਮਾਮਲਿਆਂ ਵਿਚ 83 ਫ਼ੀ ਸਦੀ ਦਾ ਵਾਧਾ ਹੋਇਆ ਹੈ ਤੇ ਹਰ ਘੰਟੇ ਚਾਰ ਔਰਤਾਂ ਨਾਲ ਬਲਾਤਕਾਰ ਦੇ ਮਾਮਲੇ ਪੇਸ਼ ਆਉਂਦੇ ਹਨ। ਤਾਜ਼ਾ ਘਟਨਾ ਬਿਹਾਰ ਦੇ ਮੁਜ਼ਫ਼ਰਪੁਰ ਦੀ ਹੈ ਜਿਥੇ ਕਿ ਇਕ ਗਰਲਜ਼ ਸ਼ੈਲਟਰ ਹੋਮ ਵਿਖੇ 34 ਬਚੀਆਂ ਨਾਲ ਜਬਰਜਿਨਾਹ ਦੀਆਂ ਦੁਖ-ਦਾਈ ਵਾਰਦਾਤਾਂ ਸਾਹਮਣੇ ਆਉਣ ਨਾਲ ਹੜਕੰਪ ਮਚ ਗਿਆ ਸੀ। ਉਕਤ ਘਟਨਾ ਨੇ ਦੇਸ਼ ਨੂੰ ਔਰਤਾਂ ਦੀ ਸੁਰਖਿਆ ਦੇ ਮਾਮਲੇ ਵਿਚ ਦੁਨੀਆਂ ਸਾਹਮਣੇ ਇਕ ਵਾਰ ਫਿਰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ।
ਇਹ ਘਟਨਾ ਥਾਮਸਨ ਰਾਈਟਰਜ਼ ਦੀ ਉਕਤ ਰਿਪੋਰਟ ਵਿਚ ਦਰਸਾਏ ਅੰਕੜਿਆਂ ਦੀ ਹਾਮੀ ਭਰਦਾ ਪ੍ਰਤੀਤ ਹੁੰਦਾ ਹੈ। ਜਦੋਂ ਕਿ ਇਸ ਸੰਦਰਭ ਵਿਚ ਮਾਹਰਾਂ ਦਾ ਕਹਿਣਾ ਹੈ ਕਿ ਸਾਲ 2012 ਵਿਚ ਨਿਰਭਿਆ ਬਲਾਤਕਾਰ ਮਾਮਲੇ ਤੋਂ ਬਾਅਦ ਭਾਰਤ ਵਿਚ ਔਰਤਾਂ ਦੀ ਸੁਰਖਿਆ ਨੂੰ ਲੈ ਕੇ ਕੋਈ ਬਹੁਤੇ ਸਾਕਾਰਤਮਕ ਕਦਮ ਨਹੀਂ ਚੁਕੇ ਗਏ। ਜੇਕਰ ਨਿਰਭਿਆ ਕੇਸ ਵਿਚ ਸ਼ਾਮਲ ਮੁਲਜ਼ਮਾਂ ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਜਲਦ ਮਿਲੀ ਹੁੰਦੀ ਤਾਂ ਸ਼ਾਇਦ ਕਠੂਆ, ਉਨਾਓ ਤੇ ਮਸੰਦੋਰ ਜਿਹੀਆਂ ਘਟਨਾਵਾਂ ਨਾ ਵਾਪਰੀਆਂ ਹੁੰਦੀਆਂ ਤੇ ਨਾ ਹੀ ਦੇਸ਼ ਦੀ ਦੁਨੀਆਂ ਵਿਚ ਰੁਸਵਾਈ ਹੁੰਦੀ।ਹੁਣ ਦੇਸ਼ ਵਾਸੀਆਂ, ਸਰਕਾਰ ਤੇ ਸਮੁਚੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਔਰਤਾਂ ਵਿਰੁਧ ਜ਼ੁਲਮ ਕਰਨ ਵਾਲੇ ਦਾਨਵਾਂ ਨੂੰ ਕਿਸੇ ਕੀਮਤ ਉਤੇ ਨਾ ਬਖ਼ਸ਼ਿਆ ਜਾਵੇ ਸਗੋਂ ਕਾਨੂੰਨ ਦੇ ਦਾਇਰੇ ਵਿਚ ਲਿਆ ਕੇ ਅਜਿਹੇ ਕੇਸਾਂ ਵਿਚ ਸ਼ਾਮਲ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਫਾਸਟ ਟਰੈਕ ਅਦਾਲਤਾਂ ਰਾਹੀਂ ਸ਼ਰੇਆਮ ਸਜ਼ਾ ਦੇਣ ਦਾ ਪ੍ਰਬੰਧ ਕੀਤਾ ਜਾਵੇ ਤਾਕਿ ਕੋਈ ਅਜਿਹਾ ਘਿਨਾਉਣਾ ਜੁਰਮ ਨਾ ਕਰ ਸਕੇ। ਜੇਕਰ ਦੇਸ਼ ਵਿਚ ਅਜਿਹੇ 10 ਕੁ ਮੁਲਜ਼ਮਾਂ ਨੂੰ ਵੀ ਸਜ਼ਾਵਾਂ ਮਿਲੀਆਂ ਹੁੰਦੀਆਂ ਤਾਂ ਅਜ ਸ਼ਾਇਦ ਦੇਸ਼ ਦਾ ਨਾਮ ਅਜਿਹੇ ਘਿਨਾਉਣੇ ਸ਼ਰਮਸਾਰ ਕਰਨ ਵਾਲੇ ਜੁਰਮਾਂ ਦੀ ਸ਼੍ਰੇਣੀ ਵਿਚ ਦੁਨੀਆਂ ਦੇ ਪਹਿਲੇ ਨੰਬਰ ਉਤੇ ਨਾ ਆਉਂਦਾ। ਅਜ ਸਾਡੇ ਸਾਹਮਣੇ ਔਰਤਾਂ ਦੀ ਸਥਿਤੀ ਬਾਰੇ ਅਹਿਮ ਸਵਾਲ ਹੈ- ਜਿਸ ਦਾ ਜਵਾਬ ਸਦੀਆਂ ਤੋਂ ਲਭਿਆ ਜਾ ਰਿਹਾ ਹੈ।
– ਸਮਾਪਤ
ਔਰਤ ਅਤੇ ਸਮਾਜ ਦਾ ਸੱਚ



