ਖੱਦਰ ਜਾਂ ਕੇਸਮੈਂਟ ਦਾ ਬੂਟੀਆਂ ਵਾਲਾ ਝੋਲਾ ਪੰਜਾਬੀ ਸੱਭਿਆਚਾਰ ਦੀ ਅਹਿਮ ਵੰਨਗੀ ਰਿਹਾ ਹੈ। ਸਮੇਂ ਦੇ ਨਾਲ ਨਾਲ ਪੰਜਾਬ ਦੇ ਅਮੀਰ ਵਿਰਸੇ ਵਿਚੋਂ ਇਹ ਵੰਨਗੀ ਵੀ ਲੋਪ ਹੋ ਗਈ ਹੈ। ਪੁਰਾਣੇ ਸਮਿਆਂ ਵਿਚ ਬੂਟੀਆਂ ਵਾਲੇ ਝੋਲੇ ਦਾ ਬਹੁਤ ਰਿਵਾਜ ਸੀ। ਪਿੰਡੋਂ ਸ਼ਹਿਰ ਘਰ ਦਾ ਸਮਾਨ ਲੈਣ ਜਾਣਾ, ਧੀ ਦੇ ਵਿਆਹ ਦੇ ਗਹਿਣੇ, ਮੰਡੀ ਕੋਈ ਫ਼ਸਲ ਵੇਚਣ ਜਾਣਾ ਤਾਂ ਇਹ ਝੋਲਾ ਉਸ ਵੇਲੇ ਅਕਸਰ ਹੀ ਵਰਤਿਆ ਜਾਂਦਾ। ਸ਼ਾਮ ਨੂੰ ਜਦੋਂ ਬਾਪੂ ਫ਼ਸਲ ਵੇਚ ਕੇ ਮੰਡੀਓ ਘਰ ਆਉਂਦੇ ਤਾਂ ਜਵਾਕਾਂ ਦੀ ਨਿਗ੍ਹਾ ਬੂਟੀਆਂ ਵਾਲੇ ਝੋਲੇ ਤੇ ਹੁੰਦੀ ਕਿ ਬਾਪੂ ਖਾਣ ਨੂੰ ਕੀ ਲੈ ਕੇ ਆਇਆ ਹੈ। ਕੋਈ ਵੀ ਦੁੱਖ ਸੁੱਖ ਹੁੰਦਾ ਤਾਂ ਝੋਲਾ ਉਸ ਦਾ ਹਿੱਸਾ ਬਣਦਾ ਭਾਵ ਕਿ ਕੰਮ ਆਉਂਦਾ। ਬੂਟੀਆਂ ਵਾਲਾ ਝੋਲਾ ਘਰ ਦੀਆਂ ਸੁਆਣੀਆਂ ਵੱਲੋਂ ਘਰੇ ਖੱਡੀ ਤੇ ਬੁਣੇ ਖੱਦਰ ਜਾਂ ਕੇਸਮੈਂਟ ਦੀ ਚਾਦਰ ਤੋਂ ਬਣਾਇਆ ਜਾਂਦਾ ਸੀ। ਝੋਲੇ ਦੀ ਸਿਲਾਈ ਕਰਕੇ ਘਰ ਦੀਆਂ ਸੁਆਣੀਆਂ ਉਸ ਉੱਪਰ ਸੋਹਣੇ ਸੋਹਣੇ ਫੁੱਲ ਬੂਟੀਆਂ ਜਾਂ ਚਿੜੀ ਜਨੌਰਾਂ ਦੀਆਂ ਤਸਵੀਰਾਂ ਪੱਛਮ ਜਾਂ ਕਿਸੇ ਖ਼ਾਸ ਕਿਸਮ ਦੇ ਧਾਗੇ ਨਾਲ ਬਣਾ ਦਿੰਦੀਆਂ ਸਨ। ਝੋਲੇ ਦੀਆਂ ਤਣੀਆਂ ਤੇ ਵੀ ਕਢਾਈ ਕੀਤੀ ਜਾਂਦੀ। ਕਈ ਵਾਰ ਤਾਂ ਤਣੀਆਂ ਦੇ ਨਾਲ ਛੋਟੇ ਛੋਟੇ ਰੇਸ਼ਮ ਦੇ ਧਾਗਿਆਂ ਦੇ ਫੁੱਲ ਬਣਾ ਕੇ ਲਾ ਦਿੱਤੇ ਜਾਂਦਾ। ਇਸ ਬੂਟੀਆਂ ਵਾਲੇ ਝੋਲੇ ਨੂੰ ਧੀ ਦੇ ਦਾਜ ਵਿਚ ਦਿੱਤੀ ਜਾਣ ਵਾਲੀ ਸੌਗਾਤ ਦਾ ਵੀ ਮਾਣ ਹਾਸਲ ਰਿਹਾ ਹੈ। ਲੜਕੀ ਦੀਆਂ ਤਾਈਆਂ, ਚਾਚੀਆਂ, ਭੂਆ ਅਤੇ ਮਾਸੀਆਂ ਵੱਧ ਤੋਂ ਵੱਧ ਮੀਨਾਕਾਰੀ ਕਰ ਕੇ ਇਹ ਝੋਲੇ ਦਾਜ ਵਿਚ ਪਾਉਣ ਲਈ ਲਿਆਉਂਦੀਆਂ ਤਾਂ ਜੋ ਉਨ੍ਹਾਂ ਦੇ ਹੁਨਰ ਦਾ ਚਰਚਾ ਧੀ ਦੇ ਸਹੁਰਿਆਂ ਤੱਕ ਵੀ ਪਹੁੰਚ ਸਕੇ। ਵਿਆਹ ਤੋਂ ਪਹਿਲਾਂ ਕਈ ਕੁੜੀਆਂ ਆਪਣੇ ਹੱਥੀਂ ਵੀ ਝੋਲੇ ਤੇ ਬੂਟੀਆਂ ਕੱਢਦੀਆਂ। ਇਹ ਕੰਮ ਉਹ ਆਪਣੀ ਮਾਂ ਤੋਂ ਪੇਕੇ ਘਰੋਂ ਹੀ ਸਿੱਖ ਕੇ ਜਾਂਦੀਆਂ ਤਾਂ ਜੋ ਵਿਆਹ ਤੋਂ ਅੱਗੇ ਕੰਮ ਆ ਸਕੇ। ਬੂਟੀਆਂ ਵਾਲਾ ਝੋਲਾ ਸੰਧਾਰੇ ਵੇਲੇ ਵੀ ਵਰਤਿਆ ਜਾਂਦਾ ਰਿਹਾ ਹੈ। ਜਦੋਂ ਕੋਈ ਭਰਾ ਆਪਣੀ ਭੈਣ ਕੋਲ ਉਸ ਦੇ ਸਹੁਰੇ ਘਰ ਸੰਧਾਰਾ ਦੇਣ ਜਾਂਦਾ ਤਾਂ ਉਸ ਦੇ ਇੱਕ ਪੀਪਾ ਫੜਿਆ ਹੁੰਦਾ ਤੇ ਦੂਜੇ ਹੱਥ ਵਿਚ ਖੂੰਡੇ ਨਾਲ ਬੂਟੀਆਂ ਵਾਲਾ ਝੋਲਾ।ਪਰ ਅਜੋਕੇ ਸਮੇਂ ਵਿਚ ਨਵੀਂ ਪੀੜ੍ਹੀ ਨੇ ਇਸ ਵਿਰਸੇ ਨੂੰ ਵਿਸਾਰ ਦਿੱਤਾ ਹੈ। ਕਈ ਨੂੰ ਤਾਂ ਇਸ ਦੇ ਬਾਰੇ ਪਤਾ ਵੀ ਨਹੀਂ ਹੈ। ਪਲਾਸਟਿਕ ਦੇ ਝੋਲਿਆਂ ਨੇ ਬੂਟੀਆਂ ਵਾਲੇ ਝੋਲੇ ਦੀ ਥਾਂ ਲੈ ਲਈ ਹੈ। ਜਿੱਥੇ ਅਸੀਂ ਆਪਣੀ ਇਸ ਵੰਨਗੀ ਨੂੰ ਵਿਸਾਰ ਦਿੱਤਾ ਹੈ, ਉੱਥੇ ਹੀ ਪਲਾਸਟਿਕ ਦੇ ਝੋਲਿਆਂ ਦੀ ਵਰਤੋਂ ਨਾਲ ਬਿਮਾਰੀਆਂ ਵੀ ਸਹੇੜ ਲਈਆਂ ਹਨ। ਬੂਟੀਆਂ ਵਾਲੇ ਝੋਲੇ ਹੁਣ ਸਿਰਫ਼ ਪੰਜਾਬੀ ਵਿਰਾਸਤੀ ਮੇਲਿਆਂ ਦਾ ਸ਼ਿੰਗਾਰ ਬਣ ਕੇ ਰਹਿ ਗਏ ਹਨ। ਇਨ੍ਹਾਂ ਦੀ ਵਰਤੋਂ ਹੁਣ ਕਿਧਰੇ ਨਹੀਂ ਹੁੰਦੀ। ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਇਸ ਵੰਨਗੀ ਨੂੰ ਦੁਬਾਰਾ ਜਿਉਂਦਾ ਕਰਨ ਤਾਂ ਜੋ ਇਹ ਬੂਟੀਆਂ ਵਾਲੇ ਝੋਲੇ ਪੰਜਾਬੀ ਵਿਰਸੇ ਦੀ ਸ਼ਾਨ ਬਣ ਸਕਣ।
ਪੰਜਾਬੀ ਵਿਰਸੇ ਦੀ ਵੰਨਗੀ ਬੂਟੀਆਂ ਵਾਲਾ ਝੋਲਾ



