Skip to content
Independent perspectives. Global stories.
BREAKING

ਨਵੇਂ ਜਥੇਦਾਰ ਦੀ ਚੋਣ ਕੌਮੀ ਸਹਿਮਤੀ ਨਾਲ ਹੋਵੇ

Share this story

ਕਈ ਵੱਡੇ ਵਿਵਾਦਾਂ ਵਿੱਚ ਫਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਆਖਰ ਆਪਣੇ ਅਹੁਦੇ ਤੋਂ ਤਿਆਗ ਪੱਤਰ ਦੇ ਦਿੱਤਾ ਹੈ। ਬੇਸ਼ਕ ਹਾਲੇ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਦਾ ਅਸਤੀਫਾ ਪ੍ਰਵਾਨ ਨਹੀਂ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਇਸ ਸਬੰਧੀ ਅੰਤਿਮ ਫੈਸਲਾ ਲਵੇਗੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਕਾਰਜਕਾਰਨੀ ਦੀ ਬੈਠਕ 22 ਅਕਤੂਬਰ ਨੂੰ ਬੁਲਾਈ ਗਈ ਹੈ। ਚਰਚਾ ਹੈ ਕਿ ਇਸ ਬੈਠਕ ਵਿੱਚ ਜਥੇਦਾਰ ਦੇ ਅਸਤੀਫੇ ਸਬੰਧੀ ਅਤੇ ਨਵੇਂ ਜਥੇਦਾਰ ਦੀ ਚੋਣ ਬਾਰੇ ਕੋਈ ਫੈਸਲਾ ਲਿਆ ਜਾਣਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਸਿੱਖ ਕੌਮ ਵਿੱਚ ਵੱਡਾ ਮਹੱਤਵ ਅਤੇ ਪ੍ਰਭਾਵ ਹੈ। ਇਸ ਅਹੁਦੇ ਉਪਰ ਬਿਰਾਜਮਾਨ ਸਖਸ਼ੀਅਤ ਧਾਰਮਿਕ ਮਾਮਲਿਆਂ ’ਚ ਕੌਮ ਨੂੰ ਅਗਵਾਈ ਦਿੰਦੀ ਹੈ। ਧਾਰਮਿਕ ਅਵੱਗਿਆ ਦੀ ਸੂਰਤ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੀ ਸੁਣਵਾਈ ਕੀਤੀ ਜਾਂਦੀ ਹੈ। ਪਿਛਲੇ ਕੁਝ ਸਮੇਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਭੂਮਿਕਾ ਬਾਰੇ ਕੌਮ ਵਿੱਚ ਵੱਡੇ ਵਿਵਾਦ ਉਭਰੇ ਹੋਏ ਹਨ। ਚੱਬਾ ਵਿਖੇ ਹੋਏ ਸਰਬੱਤ ਖਾਲਸਾ ’ਚ ਤਿੰਨ ਪ੍ਰਮੁੱਖ ਤਖਤਾਂ ਦੇ ਜਥੇਦਾਰਾਂ ਨੂੰ ਉਤਾਰ ਕੇ ਨਵੇਂ ਮਤਵਾਜੀ ਜਥੇਦਾਰ ਲਗਾ ਦਿੱਤੇ ਗਏ ਸਨ। ਕਾਨੂੰਨੀ ਤੌਰ ’ਤੇ ਮਤਵਾਜੀ ਜਥੇਦਾਰਾਂ ਨੂੰ ਸ਼੍ਰੋਮਣੀ ਕਮੇਟੀ ਨੇ ਕੋਈ ਮਾਨਤਾ ਨਹੀਂ ਦਿੱਤੀ। ਇਸ ਕਰਕੇ ਤਿੰਨੇ ਤਖਤਾਂ ਦੇ ਦੋਹਰੇ ਜਥੇਦਾਰ ਕਾਰਜਸ਼ੀਲ ਹਨ। ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਦੂਸਰੀਆਂ ਪੰਥਕ ਧਿਰਾਂ ਨੇ ਇਸ ਵਿਵਾਦ ਨੂੰ ਹੱਲ ਕਰਨ ਲਈ ਕੋਈ ਪਹਿਲਕਦਮੀ ਨਹੀਂ ਲਈ। ਇਸ ਕਾਰਨ ਸਿੱਖ ਕੌਮ ਲਈ ਵੱਡੀ ਦੁਬਿਧਾ ਪੈਦਾ ਹੋ ਚੁੱਕੀ ਹੈ। ਬਰਗਾੜੀ ਵਿੱਚ ਚੱਲ ਰਹੇ ਇਨਸਾਫ ਮੋਰਚੇ ਤੋਂ ਬਾਅਦ ਇਹ ਸਥਿਤੀ ਹੋਰ ਪੇਚੀਦਾ ਹੋ ਗਈ ਹੈ। ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਵੱਲੋਂ ਮਤਵਾਜੀ ਜਥੇਦਾਰਾਂ ਨੂੰ ਮਾਨਤਾ ਦਿੱਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਨਿਯੁਕਤ ਜਥੇਦਾਰਾਂ ਲਈ ਕੰਮਕਾਜ ਦੇ ਹਾਲਾਤ ਮੁਸ਼ਕਿਲ ਬਣੇ ਹੋਏ ਹਨ। ਸ਼ਾਇਦ ਇਸ ਸਥਿਤੀ ਕਾਰਨ ਹੀ ਗਿਆਨੀ ਗੁਰਬਚਨ ਸਿੰਘ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਲਈ ਮਜ਼ਬੂਰ ਹੋਣਾ ਪਿਆ ਹੈ। ਇਸ ਅਸਤੀਫੇ ਤੋਂ ਬਾਅਦ ਵੱਡਾ ਸਵਾਲ ਇਹ ਹੈ ਕਿ ਉਨ੍ਹਾਂ ਦੀ ਥਾਂ ਨਵਾਂ ਜਥੇਦਾਰ ਕਿਸ ਨੂੰ ਲਗਾਇਆ ਜਾਵੇ। ਸੁਭਾਵਕ ਤੌਰ ’ਤੇ ਮੌਜੂਦਾ ਹਾਲਾਤਾਂ ਮੁਤਾਬਿਕ ਬੇਸ਼ਕ ਇਸ ਦਾ ਫੈਸਲਾ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਅਤੇ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਵੱਲੋਂ ਕੀਤਾ ਜਾਣਾ ਅਤੇ ਇਸ ਸੂਰਤ ਵਿੱਚ ਜਥੇਦਾਰਾਂ ਬਾਰੇ ਵਿਵਾਦ ਹੋਰ ਵੱਧਣ ਦਾ ਖਦਸ਼ਾ ਹੈ। ਚੰਗਾ ਹੈ ਜੇਕਰ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਦੂਸਰੀਆਂ ਪ੍ਰਮੁੱਖ ਪੰਥਕ ਧਿਰਾਂ ਆਪਸੀ ਸਲਾਹ ਮਸ਼ਵਰੇ ਅਤੇ ਕੌਮੀ ਸਹਿਮਤੀ ਨਾਲ ਕਿਸੇ ਅਜਿਹੀ ਸਖਸ਼ੀਅਤ ਨੂੰ ਜਥੇਦਾਰ ਬਣਾਉਣ ਜਿਸ ਨੂੰ ਸਾਰੀਆਂ ਧਿਰਾਂ ਪ੍ਰਵਾਨ ਕਰਨ।
– ਬਲਜੀਤ ਸਿੰਘ ਬਰਾੜ

WRITTEN BY