June 28, 2026 5:03 am

ਤੇਲ ਕੀਮਤਾਂ ’ਚ ਨਿਗੁਣੀ ਕਮੀ

ਕੇਂਦਰ ਸਰਕਾਰ ਵੱਲੋਂ ਵੱਧ ਰਹੀਆਂ ਤੇਲ ਕੀਮਤਾਂ ਦੇ ਮੁੱਦੇ ਉਪਰ ਆਮ ਲੋਕਾਂ ਨਾਲ ਵੱਡਾ ਮਜ਼ਾਕ ਕੀਤਾ ਗਿਆ ਹੈ। ਕੇਂਦਰ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਤੇ ਲਗਦੀ ਐਕਸਾਈਜ਼ ਡਿਊਟੀ ਡੇਢ ਰੁਪਏ ਪ੍ਰਤੀ ਲੀਟਰ ਘਟਾ ਦਿੱਤੀ ਹੈ। ਇਸ ਦੇ ਨਾਲ ਹੀ ਤੇਲ ਕੰਪਨੀਆਂ ਨੂੰ ਵੀ ਪ੍ਰਤੀ ਲੀਟਰ 1 ਰੁਪਏ ਕੀਮਤ ਘੱਟ ਕਰਨ ਲਈ ਆਖਿਆ ਹੈ। ਇਸ ਤਰ੍ਹਾਂ ਕੁਲ ਮਿਲਾ ਕੇ ਖਪਤਕਾਰਾਂ ਨੂੰ ਢਾਈ ਰੁਪਏ ਪ੍ਰਤੀ ਲੀਟਰ ਦੀ ਰਾਹਤ ਦਿੱਤੀ ਗਈ ਹੈ। ਇਹ ਰਾਹਤ ਤੁਰੰਤ ਲਾਗੂ ਹੋ ਗਈ ਹੈ। ਸਵਾਲ ਤਾਂ ਇਹ ਹੈ ਕਿ ਕੇਂਦਰ ਵੱਲੋਂ ਦਿੱਤੀ ਗਈ ਇਸ ਰਾਹਤ ਨਾਲ ਕਿੰਨਾ ਕੁ ਫਰਕ ਪਿਆ ਹੈ। ਅਸਲ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਪਹਿਲਾਂ ਹੀ ਵੱਡਾ ਵਾਧਾ ਹੋ ਚੁੱਕਾ ਹੈ। ਇਹ ਵਾਧਾ ਲਗਾਤਾਰ ਜਾਰੀ ਹੈ। ਸਰਕਾਰ ਨੇ ਲੋਕਾਂ ਨੂੰ ਉਮੀਦ ਦੇ ਮੁਤਾਬਿਕ ਰਾਹਤ ਨਹੀਂ ਦਿੱਤੀ। ਪਹਿਲਾਂ ਸਰਕਾਰ ਵੱਲੋਂ ਇਹ ਭਰੋਸੇ ਦਿੱਤੇ ਜਾ ਰਹੇ ਸਨ ਕਿ ਤੇਲ ਕੀਮਤਾਂ ਨੂੰ ਜੀ.ਐਸ.ਟੀ. ਦੇ ਘੇਰੇ ਵਿੱਚ ਲਿਆਂਦਾ ਜਾਵੇਗਾ ਹੁਣ ਐਕਸਾਈਜ਼ ਡਿਊਟੀ ਵਿੱਚ ਕਟੌਤੀ ਤੋਂ ਬਾਅਦ ਇਹ ਲੱਗ ਰਿਹਾ ਹੈ ਕਿ ਤੇਲ ਪਦਾਰਥ ਜੀ.ਐਸ.ਟੀ. ਦੇ ਘੇਰੇ ਵਿੱਚ ਨਹੀਂ ਲਿਆਂਦੇ ਜਾਣਗੇ। ਇਹ ਸਾਫ ਹੈ ਕਿ ਲੋਕਾਂ ਨੂੰ ਹਾਲੇ ਹੋਰ ਮਹਿੰਗੇ ਮੁੱਲ ’ਤੇ ਡੀਜ਼ਲ ਪੈਟਰੋਲ ਖਰੀਦਣਾ ਪਵੇਗਾ। ਜੇਕਰ ਸਰਕਾਰ ਇਸ ਮੁੱਦੇ ’ਤੇ ਗੰਭੀਰ ਹੁੰਦੀ ਤਦ ਉਹ ਤੇਲ ਦੀਆਂ ਕੀਮਤਾਂ ਵਿੱਚ ਲੋਕਾਂ ਦੀਆਂ ਉਮੀਦਾਂ ਮੁਤਾਬਿਕ ਨਿਤਰਦੀ। ਅਸਲ ਵਿੱਚ ਤੇਲ ਕੰਪਨੀਆਂ ਨੂੰ ਸਰਕਾਰ ਨੇ ਖੁੱਲ੍ਹੀ ਛੁੱਟੀ ਦੇ ਰੱਖੀ ਹੈ। ਉਹ ਹਰ ਰੋਜ਼ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕਰਦੇ ਚਲੇ ਜਾ ਰਹੇ ਹਨ। ਤੇਲ ਕੀਮਤਾਂ ਵਿੱਚ ਇਹ ਵਾਧੇ ਦਾ ਸਿਲਸਿਲਾ ਹਾਲੇ ਰੁਕਣ ਵਾਲਾ ਨਹੀਂ ਹੈ। ਅਗਲੇ ਮਹੀਨੇ ਤੱਕ ਪੈਟਰੋਲ ਦੀਆਂ ਕੀਮਤਾਂ 100 ਰੁਪਏ ਪ੍ਰਤੀ ਲੀਟਰ ਹੋ ਜਾਣ ਦਾ ਖਦਸ਼ਾ ਹੈ। ਇਸ ਮੁੱਦੇ ਉਪਰ ਕੇਂਦਰ ਸਰਕਾਰ ਬੁਰੀ ਤਰ੍ਹਾਂ ਅਸਫਲ ਰਹੀ ਹੈ। ਤੇਲ ਕੀਮਤਾਂ ਵਿੱਚ ਵੱਡੇ ਵਾਧੇ ਕਾਰਨ ਟਰਾਂਸਪੋਰਟ ਅਤੇ ਹੋਰ ਸੇਵਾਵਾਂ ਵੀ ਮਹਿੰਗੀਆਂ ਹੋ ਗਈਆਂ ਹਨ। ਜ਼ਰੂਰੀ ਵਸਤਾਂ ਦੀ ਖਰੀਦ ਲਈ ਵੀ ਲੋਕਾਂ ਨੂੰ ਵਧੇਰੇ ਕੀਮਤ ਤਾਰਨੀ ਪੈ ਰਹੀ ਹੈ। ਕੁਲ ਮਿਲਾ ਕੇ ਤੇਲ ਕੀਮਤਾਂ ਵਿੱਚ ਵਾਧੇ ਨੇ ਆਮ ਲੋਕਾਂ ਦਾ ਜੀਵਨ ਮੁਸ਼ਕਿਲ ਵਿੱਚ ਪਾ ਦਿੱਤਾ ਹੈ। ਕਿਸਾਨਾਂ ਉਪਰ ਵੀ ਇਸ ਦਾ ਮਾੜਾ ਅਸਰ ਪਿਆ ਹੈ। ਜੇਕਰ ਇਹ ਸਥਿਤੀ ਹੋਰ ਦੋ ਚਾਰ ਮਹੀਨੇ ਰਹਿੰਦੀ ਹੈ ਤਾਂ ਲੋਕਾਂ ਨੂੰ ਰੋਟੀ ਕਾਣੀ ਵੀ ਮੁਸ਼ਕਿਲ ਹੋ ਜਾਵੇਗੀ। ਸਰਕਾਰ ਨੂੰ ਇਸ ਮੁੱਦੇ ’ਤੇ ਗੰਭੀਰ ਹੋਣਾ ਚਾਹੀਦਾ ਹੈ। ਟੈਕਸਾਂ ਵਿੱਚ ਮਾਮੂਲੀ ਕਟੌਤੀ ਕਰਕੇ ਲੋਕਾਂ ਨਾਲ ਮਜ਼ਾਕ ਨਹੀਂ ਕਰਨਾ ਚਾਹੀਦਾ।
– ਬਲਜੀਤ ਸਿੰਘ ਬਰਾੜ

Send this to a friend