June 28, 2026 3:45 am

ਤਰਸੇਮ ਜੱਸੜ ਤੇ ਨਿਮਰਤ ਖਹਿਰਾ ਦੀ ‘ਅਫ਼ਸਰ’ ਜੋੜੀ

‘ਰੱਬ ਦਾ ਰੇਡੀਓ’, ‘ਸਰਦਾਰ ਮੁਹੰਮਦ’ ਫ਼ਿਲਮਾਂ ਨਾਲ ਪੰਜਾਬੀ ਪਰਦੇ ‘ਤੇ ਇਕ ਵੱਖਰੀ ਪਛਾਣ ਸਥਾਪਤ ਕਰਨ ਵਾਲਾ ਗਾਇਕ ਤੇ ਅਦਾਕਾਰ ਤਰਸੇਮ ਜੱਸੜ ਹੁਣ ਆਪਣੀ ਨਵੀਂ ਆ ਰਹੀ ਫ਼ਿਲਮ ‘ਅਫ਼ਸਰ ‘ ਵਿਚ ਗਾਇਕਾ ਨਿਮਰਤ ਖਹਿਰਾ ਨਾਲ ਬਤੌਰ ਨਾਇਕ ਰੁਮਾਂਟਿਕ ਕਿਰਦਾਰ ਵਿਚ ਨਜ਼ਰ ਆਵੇਗਾ। ਇਸ ਫ਼ਿਲਮ ਵਿਚ ਨਿਮਰਤ ਖਹਿਰਾ ਇਕ ਸਕੂਲ ਅਧਿਆਪਕਾ ਹੈ ਜੋ ਕਾਨੂੰਗੋ ਜਸਪਾਲ ਸਿੰਘ ਨੂੰ ਪਸੰਦ ਕਰਦੀ ਹੈ। ‘ਲਾਹੌਰੀਏ’ ਤੋਂ ਬਾਅਦ ਨਿਮਰਤ ਖਹਿਰਾ ਦੀ ਇਹ ਦੂਜੀ ਫ਼ਿਲਮ ਹੈ। ਤਰਸੇਮ ਜੱਸੜ ਦਾ ਕਿਰਦਾਰ ਵੀ ਪਹਿਲੀਆਂ ਫ਼ਿਲਮਾਂ ਤੋਂ ਬਹੁਤ ਹਟ ਕੇ ਰੁਮਾਂਟਿਕ ਤੇ ਚੁਲਬੁਲੇਪਣ ਵਾਲਾ ਹੈ। ਇਹ ਫ਼ਿਲਮ ‘ਅਫ਼ਸਰ’ ਅੱਜ ਤੋਂ ਵੀਹ ਸਾਲ ਪੁਰਾਣੇ ਪੰਜਾਬ ਦੇ ਮਾਹੌਲ ਦੀ ਕਹਾਣੀ ਹੈ। ਫ਼ਿਲਮ ਦਾ ਨਾਇਕ ਜਸਪਾਲ ਸਿੰਘ ( ਤਰਸੇਮ ਜੱਸੜ) ਇਕ ਜ਼ਿੰਮੀਂਦਾਰ ਪਰਿਵਾਰ ਦਾ ਮੁੰਡਾ ਹੈ ਜੋ ਪੜ੍ਹ-ਲਿਖ ਕੇ ਕਾਨੂੰਗੋ ਲੱਗ ਜਾਂਦਾ ਹੈ ਪਰ ਪਿੰਡ ਦੇ ਲੋਕ ਕਾਨੂੰਗੋ ਨੂੰ ਵੱਡਾ ਅਫ਼ਸਰ ਹੀ ਨਹੀਂ ਮੰਨਦੇ, ਉਨ੍ਹਾਂ ਲਈ ਤਾਂ ਵੱਡਾ ਅਫ਼ਸਰ ਪਟਵਾਰੀ ਹੀ ਹੈ। ਫ਼ਿਲਮ ਦਾ ਡਾਇਲਾਗ ‘ ਝੁੱਕ ਝੁੱਕ ਸਲਾਮਾਂ ਤਾਂ ਬੇਈਮਾਨੀ ਦੀ ਕਮਾਈ ਨੂੰ ਨੇ…ਇਮਾਨਦਾਰ ਬੰਦੇ ਦੀ ਤਾਂ ਹਰੇਕ ਇੱਜ਼ਤ ਕਰਦਾ’ ਇਕ ਵੱਡਾ ਮੈਸਜ ਹੈ।
ਨਦਰ ਫ਼ਿਲਮਜ਼ ਅਤੇ ਵੇਹਲੀ ਜਨਤਾ ਫ਼ਿਲਮਜ਼ ਦੇ ਬੈਨਰ ਹੇਠ ਨਿਰਮਾਤਾ ਅਮੀਕ ਵਿਰਕ ਅਤੇ ਮਨਪ੍ਰੀਤ ਜੌਹਲ ਦੀ ਇਸ ਫ਼ਿਲਮ ‘ਅਫ਼ਸਰ’ ਦਾ ਨਿਰਦੇਸ਼ਨ ਗੁਲਸ਼ਨ ਸਿੰਘ ਨੇ ਦਿੱਤਾ ਹੈ। ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਜਸ ਗਰੇਵਾਲ ਨੇ ਲਿਖਿਆ ਹੈ ਜਦਕਿ ਸੰਵਾਦ ਜਤਿੰਦਰ ਲੱਲ ਨੇ ਲਿਖੇ ਹਨ। ਤਰਸੇਮ ਜੱਸੜ, ਨਿਮਰਤ ਖਹਿਰਾ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਗੁਰਪ੍ਰੀਤ ਘੁੱਗੀ, ਪੁਖਰਾਜ ਭੱਲਾ, ਹਰਦੀਪ ਗਿੱਲ, ਗੁਰਪ੍ਰੀਤ ਕੌਰ ਭੰਗੂ, ਸੀਮਾ ਕੌਸ਼ਲ, ਮਲਕੀਤ ਰੌਣੀ, ਸੁਖਦੇਵ ਬਰਨਾਲਾ, ਰਾਣਾ ਜੰਗ ਬਹਾਦਰ, ਰਵਿੰਦਰ ਮੰਡ, ਪ੍ਰਕਾਸ ਗਾਦੂ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। 5 ਅਕਤੂਬਰ ਨੂੰ ਰਿਲੀਜ਼ ਹੋ ਰਹੀ ‘ਅਫ਼ਸਰ’ ਪੰਜਾਬੀ ਸਿਨਮੇ ਨੂੰ ਨਵਾਂ ਮੋੜ ਦੇਵੇਗੀ।

Send this to a friend