June 22, 2026 6:12 pm

ਮਹੇਸ਼ ਭੱਟ ਦੀ ਵਾਪਸੀ

ਅੱਸੀ ਅਤੇ ਨੱਬੇ ਦੇ ਦਹਾਕੇ ਵਿਚ ਨਿਰੇਦਸ਼ਕ ਦੇ ਤੌਰ ‘ਤੇ ਮਹੇਸ਼ ਭੱਟ ਦੀ ਤੂਤੀ ਬੋਲਿਆ ਕਰਦੀ ਸੀ। ਉਦੋਂ ਉਹ ਇਕੱਠੀਆਂ ਤਿੰਨ-ਤਿੰਨ ਫ਼ਿਲਮਾਂ ਦੇ ਨਿਰਦੇਸ਼ਨ ਲਈ ਵੀ ਜਾਣੇ ਜਾਂਦੇ ਸਨ ਅਤੇ ਉਨ੍ਹਾਂ ਦੀ ਹਰ ਦੂਜੀ ਫ਼ਿਲਮ ਵਿਚ ਅਵਤਾਰ ਗਿੱਲ ਜ਼ਰੂਰ ਹੁੰਦੇ ਸਨ। ਉਦੋਂ ਬਾਲੀਵੁੱਡ ਵਿਚ ਇਹ ਚੁਟਕਲਾ ਪ੍ਰਚਲਿਤ ਸੀ ਕਿ ਮਹੇਸ਼ ਭੱਟ ਨੂੰ ਫ਼ਿਲਮ ਬਣਾਉਣ ਲਈ ਸਿਰਫ ਤਿੰਨ ਚੀਜ਼ਾਂ ਚਾਹੀਦੀਆਂ। ਕੈਮਰਾ, ਕੱਚੀ ਫ਼ਿਲਮ ਅਤੇ ਅਵਤਾਰ ਗਿੱਲ। ਇਨ੍ਹਾਂ ਤਿੰਨਾਂ ਚੀਜ਼ਾਂ ਦੇ ਨਾਲ ਉਦੋਂ ਮਹੇਸ਼ ਭੱਟ ਨੇ ‘ਅਰਥ’, ‘ਆਸ਼ਿਕੀ’, ‘ਜੁਨੂੰਨ’, ‘ਸਰ’, ‘ਸੜਕ’, ‘ਡੁਪਲੀਕੇਟ’, ‘ਦਿਲ ਹੈ ਕਿ ਮਾਨਤਾ ਨਹੀਂ’, ‘ਸਾਥੀ’ ‘ਮਾਰਗ’, ‘ਸਾਤਵਾਂ ਆਸਮਾਨ’, ‘ਨਾਮ’, ‘ਕਾਸ਼’ ਸਮੇਤ ਕਈ ਫ਼ਿਲਮਾਂ ਬਣਾਈਆਂ। ਸਾਲ 1999 ਵਿਚ ਆਈ ‘ਜ਼ਖ਼ਮ’ ਉਨ੍ਹਾਂ ਵਲੋਂ ਨਿਰਦੇਸ਼ਿਤ ਕੀਤੀ ਆਖਰੀ ਫ਼ਿਲਮ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਫ਼ਿਲਮ ਨਿਰਦੇਸ਼ਨ ਦਾ ਚੋਲਾ ਲਾਹ ਦਿੱਤਾ ਸੀ। ਬਾਅਦ ਵਿਚ ਉਨ੍ਹਾਂ ਵਲੋਂ ਸਥਾਪਿਤ ਬੈਨਰ ਵਿਸ਼ੇਸ਼ ਫ਼ਿਲਮਜ਼ ਲਈ ਵਿਕਰਮ ਭੱਟ, ਪੂਜਾ ਭੱਟ ਤੇ ਮੋਹਿਤ ਸੂਰੀ ਸਮੇਤ ਹੋਰ ਨਿਰਦੇਸ਼ਕਾਂ ਨੇ ਕਈ ਫ਼ਿਲਮਾਂ ਨਿਰਦੇਸ਼ਿਤ ਕੀਤੀਆਂ। ਹੁਣ ਇਕ ਲੰਬੇ ਵਕਫ਼ੇ ਬਾਅਦ ਮਹੇਸ਼ ਭੱਟ ਨੇ ਫ਼ਿਲਮ ਨਿਰਦੇਸ਼ਨ ਦਾ ਚੋਲਾ ਫਿਰ ਪਾ ਲਿਆ ਹੈ ਅਤੇ ਉਨ੍ਹਾਂ ਨੇ ‘ਸੜਕ-2’ ਨਿਰਦੇਸ਼ਿਤ ਕਰਨ ਦਾ ਐਲਾਨ ਕਰ ਦਿੱਤਾ ਹੈ। ਉਹ ਇਹ ‘ਸੜਕ’ ਦੀ ਮੁੱਖ ਜੋੜੀ ਸੰਜੇ ਦੱਤ ਅਤੇ ਪੂਜਾ ਭੱਟ ਦੇ ਨਾਲ ਆਦਿਤਿਆ ਰਾਏ ਕਪੂਰ ਤੇ ਆਲੀਆ ਭੱਟ ਨੂੰ ਲੈ ਕੇ ਬਣਾ ਰਹੇ ਹਨ ਅਤੇ ਇਹ ਅਗਲੇ ਸਾਲ ਮਾਰਚ ਮਹੀਨੇ ਵਿਚ ਪ੍ਰਦਰਸ਼ਿਤ ਹੋਵੇਗੀ।
ਨਿਰਦੇਸ਼ਨ ਵਿਚ ਆਪਣੀ ਵਾਪਸੀ ਬਾਰੇ ਮਹੇਸ਼ ਭੱਟ ਕਹਿੰਦੇ ਹਨ, ‘ਇਸ ਦਾ ਸਿਹਰਾ ਸੰਜੇ ਦੱਤ ਨੂੰ ਜਾਂਦਾ ਹੈ। ਜਦੋਂ ਮੈਂ ‘ਸੜਕ-2’ ਦੀ ਕਹਾਣੀ ਲਿਖ ਰਿਹਾ ਸੀ ਉਦੋਂ ਮੇਰੇ ਦਿਮਾਗ਼ ਵਿਚ ਰਤਾ ਭਰ ਵੀ ਖਿਆਲ ਨਹੀਂ ਸੀ ਕਿ ਇਸ ਨੂੰ ਮੈਂ ਨਿਰਦੇਸ਼ਤ ਕਰਾਂਗਾ। ਜਦੋਂ ਮੈਂ ਸੰਜੂ ਨੂੰ ਕਹਾਣੀ ਸੁਣਾਈ ਤਾਂ ਉਸ ਨੂੰ ਬਹੁਤ ਪਸੰਦ ਆਈ ਅਤੇ ਉਸ ਨੇ ਕੰਮ ਕਰਨ ਲਈ ਹਾਂ ਕਹਿ ਦਿੱਤੀ। ਪਰ ਅਗਲੇ ਦਿਨ ਆ ਕੇ ਕਹਿਣ ਲੱਗੇ ਕਿ ਇਸ ਕਹਾਣੀ ‘ਤੇ ਫ਼ਿਲਮ ਨਹੀਂ ਬਣਾਉਣੀ ਚਾਹੀਦੀ। ਇਹ ਸੁਣ ਕੇ ਮੈਨੂੰ ਝਟਕਾ ਲੱਗਿਆ। ਫਿਰ ਆਪਣੀ ਗੱਲ ਜਾਰੀ ਰੱਖਦੇ ਹੋਏ ਉਸ ਨੇ ਕਿਹਾ ਕਿ ਇਸ ਦੀ ਕਹਾਣੀ ਤੇ ਕਿਰਦਾਰਾਂ ‘ਤੇ ਮੈਂ ਜੋ ਮਿਹਨਤ ਕੀਤੀ ਹੈ ਉਸ ਨੂੰ ਦੇਖ ਕੇ ਨਿਰਦੇਸ਼ਕ ਦੇ ਤੌਰ ‘ਤੇ ਮੈਂ ਹੀ ਇਨ੍ਹਾਂ ਨਾਲ ਸਹੀ ਤਰ੍ਹਾਂ ਨਿਆਂ ਕਰ ਸਕਾਂਗਾ। ਉਸ ਦੀਆਂ ਦਲੀਲਾਂ ਸੁਣ ਕੇ ਮੈਨੂੰ ਨਿਰਦੇਸ਼ਨ ਦੀ ਲਾਲਸਾ ਉੱਠੀ ਅਤੇ ਮੈਂ ਇਸ ਨੂੰ ਨਿਰਦੇਸ਼ਤ ਕਰਨ ਲਈ ਤਿਆਰ ਹੋ ਗਿਆ।’
ਹੁਣ ਜਦੋਂ ਮਹੇਸ਼ ਭੱਟ ਨੇ ਫ਼ਿਲਮ ਨਿਰਦੇਸ਼ਨ ਵਿਚ ਆਪਣੀ ਵਾਪਸੀ ਕਰ ਲਈ ਹੈ ਤਾਂ ਜੇਕਰ ਅਵਤਾਰ ਗਿੱਲ ਲੱਡੂ ਵੰਡਦੇ ਨਜ਼ਰ ਆਉਂਦੇ ਹਨ ਤਾਂ ਇਸ ਵਿਚ ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ ਹੋਵੇਗੀ।