June 23, 2026 1:18 pm

ਚੋਣ ਕਮਿਸ਼ਨ ਦੇ ਸਹੀ ਦਿਸ਼ਾ-ਨਿਰਦੇਸ਼

ਚੋਣ ਕਮਿਸ਼ਨ ਨੇ ਚੋਣਾਂ ਦੌਰਾਨ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਉਮੀਦਵਾਰਾਂ ਵੱਲੋਂ ਰਾਤ ਵੇਲੇ ਸੋਸ਼ਲ ਮੀਡੀਆ ’ਤੇ ਚੋਣ ਪ੍ਰਚਾਰ ਸਬੰਧੀ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ। ਨਵੇਂ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਹੁਣ ਉਮੀਦਵਾਰ ਸੋਸ਼ਲ ਮੀਡੀਆ ’ਤੇ ਗਈ ਰਾਤ ਨੂੰ ਚੋਣ ਪ੍ਰਚਾਰ ਨਹੀਂ ਕਰ ਸਕਣਗੇ। ਇਸ ਤਹਿਤ ਉਮੀਦਵਾਰ ਰਾਤ ਨੂੰ ਫੋਨ ਕਾਲ, ਐਸ.ਐਮ.ਐਸ. ਜਾਂ ਵ੍ਹਾਟਸਐਪ ਮੈਸੇਜ ਰਾਹੀਂ ਵੋਟ ਮੰਗਣ ਦੀ ਅਪੀਲ ਨਹੀਂ ਕੀਤੀ ਜਾ ਸਕੇਗੀ।ਚੋਣ ਕਮਿਸ਼ਨ ਵੱਲੋਂ ਇਸ ਸਬੰਧੀ ਸੋਧੇ ਹੋਏ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਹੁਣ ਭਵਿਖ ਵਿਚ ਹੋਣ ਵਾਲੀਆਂ ਚੋਣਾਂ ਦੌਰਾਨ ਇਹ ਨਵੀਆਂ ਪਾਬੰਦੀ ਲਾਗੂ ਰਹਿਣਗੀਆਂ। ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਰੋਜ਼ਾਨਾ ਰਾਤ 10 ਵਜੇ ਤੋਂ ਸਵੇਰੇ 6 ਵਜੇ ਤਕ ਸੋਸ਼ਲ ਮੀਡੀਆ ਦੀ ਚੋਣ ਪ੍ਰਚਾਰ ਹਿੱਤ ਵਰਤੋਂ ਨਹੀਂ ਕੀਤੀ ਜਾ ਸਕੇਗੀ। ਇਸ ਮਿਆਦ ਦੌਰਾਨ ਆਮ ਚੋਣ ਪ੍ਰਚਾਰ ਵੀ ਬੰਦ ਹੁੰਦਾ ਹੈ। ਕਮਿਸ਼ਨ ਨੇ ਸਾਰੇ ਸੂਬਿਆਂ ਅਤੇ ਸੰਘ ਸ਼ਾਸਿਤ ਖੇਤਰਾਂ ਦੇ ਮੁਖ ਚੋਣ ਅਧਿਕਾਰੀਆਂ ਨੂੰ ਜਾਰੀ ਨਿਰਦੇਸ਼ ਵਿਚ ਇਹ ਸਪਸ਼ਟੀਕਰਨ ਦਿੱਤਾ ਹੈ ਕਿ ਮੌਜੂਦਾ ਵਿਵਸਥਾ ਵਿਚ ਉਮੀਦਵਾਰ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਦਿਨ ਵਿਚ ਹੀ ਹਰ ਤਰ੍ਹਾਂ ਚੋਣ ਪ੍ਰਚਾਰ ਕਰ ਸਕਦੇ ਹਨ।ਪ੍ਰਚਾਰ ਮੁਹਿੰਮ ਸਬੰਧੀ ਮੌਜੂਦਾ ਦਿਸ਼ਾ-ਨਿਰਦੇਸ਼ਾਂ ਤਹਿਤ ਉਮੀਦਵਾਰ ਰਾਤ ਨੂੰ ਪ੍ਰਚਾਰ ਬੰਦ ਹੋਣ ਦੀ ਮਿਆਦ ਵਿਚ ਲਾਊਡ ਸਪੀਕਰ ਜਾਂ ਸਭਾਵਾਂ ਆਯੋਜਿਤ ਕਰਕੇ ਪ੍ਰਚਾਰ ਨਹੀਂ ਕਰ ਸਕਦੇ। ਹਾਲਾਂਕਿ ਇਸ ਮਿਆਦ ਵਿਚ ਉਮੀਦਵਾਰ ਘਰ-ਘਰ ਜਾ ਕੇ ਜਾਂ ਫੋਨ ਕਾਲ ਅਤੇ ਐਸ.ਐਮ.ਐਸ. ਆਦਿ ਨੂੰ ਪ੍ਰਚਾਰ ਦਾ ਜ਼ਰੀਆ ਬਣਾ ਲੈਂਦੇ ਸਨ ਪਰ ਹੁਣ ਉਮੀਦਵਾਰ ਇਹ ਸਭ ਵੀ ਨਹੀਂ ਕਰ ਸਕਣਗੇ। ਨਵੇਂ ਚੋਣ ਦਿਸ਼ਾ ਨਿਰਦੇਸ਼ਾਂ ਦਾ ਮਕਸਦ ਨਾਗਰਿਕਾਂ ਦੀ ਨਿੱਜਤਾ ਦਾ ਸਨਮਾਨ ਕਰਨ ਕਰਨਾ ਅਤੇ ਆਮ ਜਨਜੀਵਨ ਵਿਚ ਅਸ਼ਾਂਤੀ ਜਾਂ ਅੜਿਕੇ ਨੂੰ ਰੋਕਣ ਰੋਕਣਾ ਹੈ।ਅਸਲ ਵਿੱਚ ਸਰਵਉਚ ਅਦਾਲਤ ਸੁਪਰੀਮ ਕੋਰਟ ਦੇ ਇਕ ਫੈਸਲੇ ਦੇ ਹਵਾਲੇ ਨਾਲ ਕਮਿਸ਼ਨ ਨੂੰ ਚੋਣ ਦਿਸ਼ਾ ਨਿਰਦੇਸ਼ਾਂ ਵਿੱਚ ਸੋਧ ਕਰਨੀ ਪਈ ਹੈ। ਸੁਪਰੀਮ ਕੋਰਟ ਨੇ ਇਸ ਸਾਲ 20 ਅਪ੍ਰੈਲ ਨੂੰ ਜਾਰੀ ਨਿਰਦੇਸ਼ ਵਿਚ ਸੋਧ ਕਰਦੇ ਹੋਏ ਇਹ ਰੁਕਾਵਟ ਲਾਗੂ ਕੀਤੀ ਸੀ।ਚੋਣ ਕਮਿਸ਼ਨ ਨੇ ਚੋਣ ਅਧਿਕਾਰੀਆਂ ਅਤੇ ਸਾਰੀਆਂ ਮਾਨਤਾ ਪ੍ਰਾਪਤ ਅਤੇ ਗੈਰ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਨੂੰ ਇਸ ਸਬੰਧੀ ਜਾਣੂੰ ਕਰਵਾ ਦਿੱਤਾ ਹੈ ਤਾਂ ਜੋ ਨਵੇਂ ਨਿਰਦੇਸ਼ਾਂ ਦਾ ਪਾਲਣ ਯਕੀਨੀ ਬਣਾਇਆ ਜਾ ਸਕੇ। ਨਵੇਂ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਹੋਣ ’ਤੇ ਆਮ ਨਾਗਰਿਕ ਚੋਣ ਕਮਿਸ਼ਨ ਦੇ ਸੀ ਵਿਜ਼ਿਲ ਮੋਬਾਈਲ ਐਪ ਰਾਹੀਂ ਸ਼ਿਕਾਇਤ ਕਰ ਸਕਣਗੇ। ਚੋਣ ਕਮਿਸ਼ਨ ਦਾ ਇਹ ਫੈਸਲਾ ਬੇਹਦ ਸ਼ਲਾਘਾਯੋਗ ਹੈ ਇਸ ਨਾਲ ਚੋਣਾਂ ਨੂੰ ਹੋਰ ਬੇਹਤਰ ਬਣਾਉਣ ਵਿੱਚ ਮੱਦਦ ਮਿਲੇਗੀ। ਚੋਣ ਕਮਿਸ਼ਨ ਨੂੰ ਨਵੇਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਸਾਰੇ ਕਦਮ ਚੁੱਕਣੇ ਹੋਣਗੇ।
– ਬਲਜੀਤ ਸਿੰਘ ਬਰਾੜ

Send this to a friend