ਸੰਗੀਤ ਸਮੁੰਦਰ ’ਚੋਂ ਕਤਰਾ ਲੈ ਕੇ ਆਪ ਹੀ ਸਮੁੰਦਰ ਹੋ ਗਿਆ ‘ਪਰਵਾਜ਼’ !

ਮਿੰਟੂ ਗੁਰੂਸਰੀਆ
ਸੰਗੀਤ ਉਹ ਇਬਾਦਤਗ਼ਾਹ ਹੈ, ਜਿਸ ਵਿਚ ਰੂਹ ਤੇ ਸਕੂਨ ਦਾ ਵਸਲ ਹੁੰਦਾ ਹੈ। ਸੰਗੀਤ ਉਹ ਆਇਨਾ ਹੈ, ਜਿਸ ਵਿਚ ਅਲੌਕਿਕ ਸੁਪਨ ਸੰਸਾਰ ਦਾ ਪ੍ਰਤੀਬਿੰਬ ਸੁਰਾਂ ਦੀ ਸਰਦਲ ’ਤੇ ਪੈਲ ਪਾਉਂਦਾ ਹੈ। ਸੰਗੀਤ ਉਹ ਤੱਪ ਹੈ, ਜਿਸ ਦੀ ਤਪਿਸ਼ ਰੂਹ ਦੀ ਮਲੀਨਤਾ ਨੂੰ ਧੋ ਕੇ ਪਾਕੀਜ਼ਗੀ ਨਾਲ ਸਰਾਬੋਰ ਕਰ ਦੇਂਦੀ ਹੈ। ਸੰਗੀਤ ਅਸੀਮ ਆਨੰਦ ਤੇ ਸਦੀਵੀਂ ਖੇੜੇ ਦਾ ਉਹ ਖ਼ਜਾਨਾ ਹੈ, ਜਿਸ ਨੂੰ ਜਿੰਨ੍ਹਾਂ ਲੁੱਟੀਏ, ਉਨ੍ਹਾਂ ਹੀ ਉਹ ਦੂਣ ਸਵਾਇਆ ਹੁੰਦਾ ਹੈ। ਪਰ ਅਫ਼ਸੋਸ, ਅੱਜ ਤਰੱਕੀ ਦੇ ਸ਼ਹਿਰ ’ਚ ਆ ਕੇ ਸੰਗੀਤ ਆਪਣੀ ਪਹਿਚਾਣ ਖੋਹ ਬੈਠਾ ਹੈ। ਲਾਲਸਾਵਾਂ ਨੇ ਸੰਗੀਤ ਦੀ ਪਰਿਭਾਸ਼ਾ ਨੂੰ ਬਦਲ ਕੇ ਰੱਖ ਦਿੱਤਾ ਹੈ। ਅੱਜ ਸੰਗੀਤ ਸਿਰਫ ਦੌਲਤ ਕਮਾਉਂਣ ’ਤੇ ਸ਼ੌਹਰਤ ਪਾਉਂਣ ਦੀ ਸੀੜ੍ਹੀ ਬਣ ਕੇ ਰਹਿ ਗਿਆ, ਇਸ ਪ੍ਰਤੀ ਜਨੂੰਨ ਮਨਫ਼ੀ ਹੋ ਗਿਐ। ਪਰ ਚੰਦ ਸਰਸਵਤੀ ਦੇ ਸਪੂਤ ਹਾਲੇ ਵੀ ਸੰਗੀਤ ਨੂੰ ਕਮਾਊ ਪੁੱਤ ਨਹੀਂ, ਰੂਹ ਵਾਲੀ ਮਰਜ਼ ਦੀ ਦਵਾਈ ਮੰਨਦੇ ਹਨ। ਅਜਿਹੇ ਪੂਜਣਹਾਰ ਸੰਗੀਤ ਆਸ਼ਕਾਂ ’ਚੋਂ ਇੱਕ ਹੈ ਸੂਫੀ ਗਾਇਕ, ਸੰਗੀਤਕਾਰ ਅਤੇ ਲੇਖਕ ‘ਪਰਵਾਜ਼’ (ਉਸਤਾਦ ਵਿਨੋਦ ਖੁਰਾਣਾ)। ਜਿਸ ਦੇ ਪੱਲੇ ਪ੍ਰਾਪਤੀਆਂ ਦੇ ਅਸੀਮ ਭੰਡਾਰ ਹਨ, ਪਰ ਉਹ ਅੱਜ ਦੇ ਗਾਇਕ-ਗੀਤਕਾਰਾਂ ਵਾਂਗੂੰ ਫੋਟੋਆਂ ਲਵਾਉਂਣ ਲਈ ਖੌਰੂ ਨਹੀਂ ਪੁੱਟਦਾ, ਬਲਕਿ ਆਪਣੀ ਮਸਤੀ ’ਚ ਸੰਗੀਤਕ ਪਰਵਾਜ਼ਾਂ ਭਰਦਾ ਤੇ ਸੰਗੀਤਕ ਮਹਿਕਾਂ ਵੰਡਦਾ ਜਾ ਰਿਹਾ ਹੈ। ਇਸੇ ਲਈ ਉਸ ਦੀ ਅੰਬਰਾਂ ਨੂੰ ਛੂੰਂਹਦੀ ਸੰਗੀਤਕ ਪਰਵਾਜ਼ ਤੇ ਖ਼ੂਹਾਂ ਤੋਂ ਡੂੰਂਘੀ ਲੇਖਣੀ, ਉਸ ’ਤੇ ਨਾਜ਼ ਕਰਨ ਦਾ ਸਬੱਬ ਬਖਸ਼ਦੀ ਹੈ। ਪਰਵਾਜ਼ ਦੀਆਂ ਨਾੜਾਂ ’ਚ ਰੱਤ ਨਹੀਂ ਸੰਗੀਤਕ ਤਰੰਗਾਂ ਦੌੜਦੀਆਂ ਹਨ। ਜਿੰਨ੍ਹੀ ਉਸ ਦੀ ਸ਼ਖਸੀਅਤ ਵੱਡੀ ਹੈ, ਉਸ ਤੋਂ ਵੀ ਕਿਤੇ ਵੱਡੀ ਹੈ ਉਸ ਦੀ ਸੋਚ। ਜੇ ਸੋਚ ਵਿਚ ਸਿਦਕ ਨਾ ਹੁੰਦਾ ਤਾਂ ਸ਼ਾਇਦ ਉਹ ਵੀ ਅੱਜ ਟਰੱਕ ਜਿੱਡੀ ਕਾਰ ’ਚ 25-30 ਲਫ਼ੰਡਰ ਲੱਦ ਕੇ ਸਟੇਜ਼ਾਂ ’ਤੇ ਗਾਹ ਪਾ ਕੇ ਮਾਂ ਬੋਲੀ ਨੂੰ ਬੇਪੱਤ ਕਰਨ ’ਚ ਆਪਣਾ ‘ਵੱਢਮੁੱਲਾ’ ਯੋਗਦਾਨ ਪਾ ਰਿਹਾ ਹੁੰਦਾ। ਪਰ ਨਹੀਂ, ਉਹ ਤਾਂ ਇਸ ਗੱਲ ’ਚ ਯਕੀਨ ਰੱਖਦਾ ਹੈ ਕਿ ਪਰਵਾਜ਼ ਚਾਹੇ ਛੋਟੀ ਭਰਾਂ ਪਰ ਉਹ ਹੋਵੇ ਆਪਣੇ ਖੰਭਾਂ ਦੀ, ਜਿਸ ’ਤੇ ਲੋਕ ਵੀ ਮਾਣ ਕਰਨ ਤੇ ਉਹ ਖੁਦ ਵੀ ਆਪਣੀਆਂ ਨਜ਼ਰਾਂ ’ਚ ਗ਼ੁਨਾਹਗਾਰ ਨਾ ਬਣੇ।

ਪਰਵਾਜ਼ ਚੰਦ ਅਜੋਕੇ ਗਾਇਕਾਂ ’ਚੋਂ ਇਕ ਫ਼ੁਨਕਾਰ ਹੈ, ਜੋ ਇਕ ਨਹੀਂ ਪੂਰੇ ਤਿੰਨ ਸੰਗੀਤਕ ਘਰਾਣਿਆਂ ਦੀ ਤਾਲੀਮ ਆਪਣੀ ਝੋਲੀ ’ਚ ਪੁਆ ਕੇ ਵਢਭਾਗਾ ਬਣਿਆ ਹੈ। ਪਰਵਾਜ਼ ਨੇ ਪੰਡਤ ਯਸ਼ਪਾਲ ਸ਼ਰਮਾਂ ਆਗਰਾ ਘਰਾਣੇ ਵਾਲੇ, ਪੰਡਤ ਅਰਵਿੰਦ ਦੱਤਾ ਗਵਾਲੀਅਰ ਘਰਾਣੇ ਵਾਲੇ, ਅਤੇ ਨੀਲਮ ਪਾਲ ਬਨਾਰਸ ਘਰਾਣੇ ਵਾਲਿਆਂ ਦੀ ਤਾਲੀਮ ਰੂਪੀ ਪਾਰਸ ਨੂੰ ਛੋਹ ਕੇ ਖੁਦ ਨੂੰ ਸੋਨਾ ਬਣਾ ਲਿਆ, ਜੋ ਗੁਰੂ ਅਰਵਿੰਦਰਪਾਲ ਸਿੰਘ ਹੋਰਾਂ ਦੇ ਗਿਆਨ ਰੂਪੀ ਭੱਠੀ ’ਚ ਤੱਪ ਕੇ ਕੁੰਦਨ ਬਣ ਗਿਆ। ਉਸਤਾਦੀ ਤਾਲੀਮ ਹੀ ਨਹੀਂ ਪਰਵਾਜ਼ ਨੇ ਐੱਮ ਏ ਸੰਗੀਤ ਗਾਇਨ (ਪੰਜਾਬ ਯੂਨੀਵਰਸਿਟੀ ਚੰਡੀਗੜ੍ਹ), ਸੰਗੀਤ ਵਿਸ਼ਾਰਦ (ਚੰਡੀਗੜ੍ਹ, ਲਖਨੳ ਅਤੇ ਮੁੰਬਈ) ਅਤੇ ਸੰਗੀਤ ਪ੍ਰਭਾਕਰ ਦੀ ਡਿਗਰੀ (ਇਲਾਹਾਬਾਦ ਤੋਂ) ਵੀ ਹਾਸਲ ਕੀਤੀ ਹੈ। 20 ਨਵੰਬਰ 1974 ਨੂੰ ਮਲੋਟ ਵਿਖੇ ਪਿਤਾ ਹੇਮ ਰਾਜ ਖੁਰਾਣਾ ਦੇ ਆਂਗਣ ਤੇ ਮਾਤਾ ਸਤਵੰਤ ਕੌਰ ਮੱਕੜ ਦੀ ਕੁੱਖ ਨੂੰ ਭਾਗ ਲਾਉਂਣ ਵਾਲੇ ਪਰਵਾਜ਼ ਨੇ ਸੰਗੀਤ ਨੂੰ ਕਾਰੋਬਾਰ ਨਹੀਂ ਬਣਾਇਆ, ਬਲਕਿ ਬਣੇ ਹੋਏ ਕਾਰੋਬਾਰ ਨੂੰ ਸੰਗੀਤ ’ਤੇ ਵਾਰ ਕੇ ਉਹ ਸਰਸਵਤੀ ਦੇ ਲੜ ਲੱਗਿਆ। ਉਸ ਨੇ ਚੰਗੇ-ਭਲੇ ਬਿਜ਼ਨਸ ਨੂੰ ਠੋਕਰ ਮਾਰ ਕੇ ਚੰਡੀਗੜ੍ਹ ਨੂੰ ਮਹਿਜ਼ ਇਸ ਲਈ ਜਾ ਅੱਡਾ ਬਣਾਇਆ, ਕਿਉਂਕ ਉਹ ਸੰਗੀਤ-ਸਮੁੰਦਰ ਦੇ ਕਿਨਾਰੇ ਬੈਠ ਮੋਤੀ ਨਹੀਂ ਸੀ ਚੁੱਗਣਾਂ ਚਾਹੁੰਦਾ, ਬਲਕਿ ਕੇ ਉਹ ਉਸ ’ਚ ਉੱਤਰ ਕੇ ਗਿਆਨ ਦਾ ਇਸ਼ਨਾਨ ਕਰਨਾ ਲੋਚਦਾ ਸੀ। ਚੰਡੀਗੜ੍ਹ ਪੀ ਯੂ ਹੋਸਟਲ ’ਚ ਪਰਵਾਜ਼ ’ਤੇ ਸਤਿੰਦਰ ਸਰਤਾਜ਼ ਇਕੱਠੇ ਤਿੰਨ ਸਾਲ ਵਿਚਰੇ। ਇਹ ਉਸਤਾਦਾਂ ਦੀਆਂ ਮਾਰਾਂ ਤੇ ਕੀਤੇ ਤੱਪ ਦਾ ਹੀ ਫ਼ਲ ਸੀ ਕਿ ਪਰਵਾਜ਼ ਦੀ ਪਹਿਲੀ ਸੰਗੀਤਕ ਮਹਿਫ਼ਲ ‘ਆਗਾਜ਼-ਏ-ਪਰਵਾਜ਼’ ਦਾ ਆਯੋਜਨ ਮਸ਼ਹੂਰ ਰੈਪ ਸਟਾਰ ਤੇ ਸੰਗੀਤਕਾਰ ਹਨੀ ਸਿੰਘ ਦੀ ਕੰਪਨੀ ਐਕਮੇ ਨੇ ਕੀਤਾ ਸੀ। ਇਸ ਨਿੱਘੇ ਆਗਾਜ਼ ਤੋਂ ਬਾਅਦ ਪਰਵਾਜ਼ ਨੇ ਬਾਲ ਭਵਨ ਚੰਡੀਗੜ੍ਹ, ਦੁਸਿਹਰਾ ਗਰਾਂਊਡ ਮੋਹਾਲੀ, ਸੋਹਾਣਾ, ਅਮ੍ਰਿਤਸਰ ਅਤੇ ਹੋਰ ਅਨੇਕਾਂ ਥਾਵਾਂ ’ਤੇ ਮਹਿਫ਼ਲਾਂ ਸਜ਼ਾ ਕੇ ਅਸਲ ਸੰਗੀਤ ਦੀ ਦਾਤ ਲੱਖਾਂ ਸਰੋਤਿਆਂ ਦੇ ਦਾਮਨ ’ਚ ਪਾਈ। ਦਿਵਿਯਾ ਚੈਨਲ ’ਤੇ ਪਰਵਾਜ਼ ਦੀ ਆਵਾਜ਼ ’ਚ ਸਾਂਈ ਸੰਧਿਆਂ ਦਾ ਪ੍ਰਸਾਰਣ ਤੇ ਕਲਾਮ ਰਿਕਾਰਡ ਹੋਏ। ਇਸ ਤੋਂ ਇਲਾਵਾ, ਆਲ ਇੰਡੀਆ ਰੇਡੀਓ ਪਟਿਆਲਾ, ਚੜ੍ਹਦਾ ਪੰਜਾਬ ਰੇਡੀਓ ਇੰਗਲੈਂਡ, ਰਾਬਤਾ ਰੇਡੀਓ ਆਸਟ੍ਰੇਲੀਆ, ਦਿਲ ਆਪਣਾ ਪੰਜਾਬੀ ਰੇਡੀਓ ਇੰਗਲੈਂਡ ’ਤੇ ਪਰਵਾਜ਼ ਦੇ ਪ੍ਰੋਗਰਾਮ ਪ੍ਰਸਾਰਿਤ ਕੀਤੇ ਗਏ। ਪਰਵਾਜ਼ ਨੇ ਮਸ਼ਹੂਰ ਫਿਲਮੀ ਅਦਾਕਾਰਾ ਦਿਵਿਆ ਦੱਤਾ ਨਾਲ ਤਾਰਾ ਚੈਨਲ ਦੇ ਰਿਐਲਟੀ ਸ਼ੋਅ ‘ਪੇਚੇ ਗੁੱਡੀਆਂ ਦੇ’ ਵਿਚ ਵੀ ਸ਼ਿਰਕਤ ਕੀਤੀ। ਪਰਵਾਜ਼ ਸਨਮਾਨਾਂ ਪਿੱਛੇ ਨਹੀਂ ਸਨਮਾਨ ਪਰਵਾਜ਼ ਦੇ ਪਿੱਛੇ ਦੌੜਦੇ ਹਨ।  ਲੇਖਕ ਦੇ ਤੌਰ ’ਤੇ ਗੀਤ, ਗਜ਼ਲ, ਨਜਮ, ਮਿੰਨੀ ਕਹਾਣੀ, ਦੋਹੇ ਆਦਿ ਦੇ ਰੂਪ ’ਚ ਹੁਣ ਤੱਕ ਪਰਵਾਜ਼ ਦੀਆਂ 400 ਰਚਨਾਵਾਂ ਹਿੰਦੁਸਤਾਨ, ਪਾਕਿਸਤਾਨ, ਕੈਨੇਡਾ ਅਤੇ ਅਮਰੀਕਾ ਤੋਂ ਵੱਖ-ਵੱਖ ਅਖ਼ਬਾਰਾਂ ਤੇ 120 ਮੈਗਜੀਨਾਂ ’ਚ ਛੱਪ ਚੁੱਕੀਆਂ ਹਨ। ਪੰਜਾਬੀ ਸਾਹਿਤ ਜਗਤ ਦੇ ਥੰਮ ਲੇਖਕ ਡਾ: ਜਗਤਾਰ, ਡਾ: ਸਤਿੰਦਰ ਨੂਰ, ਡਾ: ਐੱਸ ਤਰਸੇਮ, ਡਾ: ਬੀ ਐੱਸ ਬੀਰ ਆਪਣੇ ਮੈਗਜ਼ੀਨਾਂ ’ਚ ਪਰਵਾਜ਼ ਦੀਆਂ ਲਿਖਤਾਂ ਛਾਪ ਚੁੱਕੇ ਹਨ, ਜੋ ਬਹੁਤ ਵੱਡੀ ਪ੍ਰਾਪਤੀ ਹੈ। ਪਰਵਾਜ਼ ਦੀਆਂ ਦੋ ਮਿੰਨੀ ਕਹਾਣੀਆਂ ਨੂੰ ਰਾਸ਼ਟਰੀ ਪੱਧਰ ’ਤੇ ਸਨਮਾਨ ਵੀ ਪ੍ਰਾਪਤ ਹੋਏ ਹਨ।  ਪਰਵਾਜ਼ ਦੀ ਸੰਗੀਤ ’ਤੇ ਜਿੰਨ੍ਹੀ ਗਹਿਰੀ ਪਕੜ ਹੈ, ਓਨੀ ਹੀ ਡੂੰਘੀਲ ਉਸ ਦੀ ਸੋਚ ਹੈ। ਵੱਡੇ-ਛੋਟੇ ਨੂੰ ਭਾਜੀ ਕਹਿਣਾ ਪਰਵਾਜ਼ ਦੀ ਫਿਤਰਤ ਹੈ। ਉਸ ਦੇ ਘਰ ਦਾ ਬੂਹਾ ਕਦੇ ਬੰਦ ਨਹੀਂ ਮਿਲਦਾ, ਦਿਨ ਰਾਤ ਮਹਿਮਾਨ ਉਡੀਕਦੈ। ਕੋਈ ਸੰਗੀਤ ਸਿੱਖਣ ਲਈ ਆ ਰਿਹਾ ਹੁੰਦੈ ਤੇ ਕੋਈ ਪਰਵਾਜ਼ ਦੀ ਰੂਹ ਨੂੰ ਸਿੱਜਦਾ ਕਰਕੇ ਜਾ ਰਿਹਾ ਹੁੰਦੈ। ਇਨਸਾਨੀ ਕਦਰਾਂ-ਕੀਮਤਾਂ ਦੀ ਸ਼ਾਹਦੀ ਭਰਨ ਵਾਲਾ ਪਰਵਾਜ਼ ਜਦੋਂ ਸਟੇਜ਼ ’ਤੇ ‘‘ਚੜ੍ਹਦਾ ਪੰਜਾਬ ਲਹਿੰਦਾ ਪੰਜਾਬ’’ ਗਾਉਂਦਾ ਹੈ ਤਾਂ ਹਰ ਅੱਖ ’ਚ ਸਮੁੰਦਰ ਤੇ ਦਿਲ ’ਚ ਪੀੜ ਉਤਰ ਆਉਂਦੀ ਹੈ। ‘‘ਅੰਮੀ ਰੋਂਦੀ ਏ’’ ਅਤੇ ‘‘ਧੀ’’ ਜਿਹੀਆਂ ਰਚਨਾਵਾਂ ਜਦੋਂ ਉਹ ਪੇਸ਼ ਕਰਦਾ ਹੈ ਤਾਂ ਪੰਡਾਲ ’ਚ ਹੰਝੂਆਂ ਦੀ ਸਿੱਲ੍ਹ ਹੀ ਨਹੀਂ ਆਉਂਦੀ ਬਜ਼ੁਰਗ ਮਹਿਲਾਵਾਂ ਪਰਵਾਜ਼ ਦਾ ਆ ਕੇ ਮੱਥਾ ਵੀ ਚੁੰਮਦੀਆਂ ਹਨ। ਉਹ ਨਾ ਤਾਂ ਸ਼ੌਹਰਤ ਦਾ ਭੁੱਖਾ ਹੈ ਤੇ ਨਾ ਦੌਲਤ ਦਾ। ਉਹ ਇਕ ਹੱਥ ਗਿਆਨ ਲਈ ਜਾਂਦਾ ਹੈ ਤੇ ਦੂਜੇ ਹੱਥ ਦਈ ਜਾਂਦਾ ਹੈ। ਉਹ ਕਹਿੰਦੈ ‘ਬੱਚਿਆਂ ਨੂੰ ਭੁੱਖ ਨਾਲ ਵਿਲਕਦਾ ਦੇਖ ਸਕਦਾ ਹਾਂ, ਪਰ ਮਾਂ ਬੋਲੀ ਦੀ ਇੱਜ਼ਤ ਨਿਲਾਮ ਕਰਕੇ ਟੁੱਕ ਨਹੀਂ ਕਮਾ ਸਕਦਾ’। ਅੱਜ ਦੇ ਸੰਗੀਤ ਬਾਰੇ ਗੱਲ ਕਰਨ ’ਤੇ ਪਰਵਾਜ਼ ਠੰਢਾ ਹੌਂਕਾ ਭਰਕੇ ਕਹਿੰਦੈ ਕਿ ਅੱਜ ਦੇ ਗਾਇਕ ਉਸਤਾਦਾਂ ਤੋਂ ਨਹੀਂ ਟੇਪਾਂ ਤੋਂ ਸਿੱਖਦੇ ਹਨ, ਫੇਰ ਉਹ ਉਹੀ ਦੇਂਣਗੇ ਜੋ ਉਨ੍ਹਾਂ ਦੇ ਪੱਲੇ ਹੈ। ਪਰਵਾਜ਼ ਨੂੰ ਇਕ ਬਹੁਤ ਵੱਡਾ ਸ਼ਿਕਵਾ ਹੈ। ਉਹ ਆਖਦੈ ਕਿ ਹਾਕਮ ਸਾਫ਼-ਸੁਥਰਾ ਗਾਉਂਣ ਦੀ ਸਲਾਹ ਤਾਂ ਦੇਂਦੇ ਹਨ ਪਰ ਜੋ ਸਾਫ਼ ਗਾਉਂਦੇ ਨੇ ਉਨ੍ਹਾਂ ਦੀਆਂ ਭੁੱਖ ਨਾਲ ਵਿਲਕਦੀਆਂ ਆਦਰਾਂ ਇਨ੍ਹਾਂ ਦੀਆਂ ਫਰੇਬੀ ਅੱਖਾਂ ਨੂੰ ਦਿਖਦੀਆਂ ਨਹੀਂ। ਪੰਜਾਬੀ ਸੰਗੀਤ ਦੇ ਪੱਧਰ ਨੂੰ ਉੱਚਾ-ਸੁੱਚਾ ਕਰਨ ਲਈ ਪਰਵਾਜ਼ ਕਹਿੰਦੈ, ਕਿ ਸੰਗੀਤ ਦੇ ਬੂਟੇ ਦੀ ਕਲਮ ਸਕੂਲੀ ਬੱਚਿਆਂ ਦੇ ਹਿਰਦੇ ’ਚ ਲਾਈ ਜਾਵੇ ਤਾਂ ਜੋ ਕਾਲਜ਼  ਪਹੁੰਚਦਿਆਂ ਸੰਗੀਤ ਦੇ ਸੁਰਖ ਫੁੱਲ ਖਿੜ ਜਾਣ, ਇਸ ਕੰਮ ਲਈ ਸਕੂਲਾਂ ’ਚ ਸੰਗੀਤ ਅਧਿਆਪਕ ਰੱਖੇ ਜਾਣ, ਹਾਲ ਦੀ ਘੜੀ ਤਾਂ 1996 ਤੋਂ ਸਰਕਾਰ ਨੇ ਸੰਗੀਤ ਅਧਿਆਪਕ ਭਰਤੀ ਹੀ ਨਹੀਂ ਕੀਤੇ।
ਸੰਗੀਤ ਦੇ ਵਿਸਮਾਦੀ ਆਨੰਦ ’ਚ ਸਦੀਵੀਂ ਡੁੱਬਾ ਰਹਿਣ ਵਾਲਾ ਪਰਵਾਜ਼ ਪੰਜਾਬੀ ਸੰਗੀਤ ਨੂੰ ਅਸ਼ਲੀਲਤਾ ਦੀ ਦਲਦਲ ’ਚੋਂ ਕੱਢਣ ਲਈ ਸਰੋਤਿਆਂ ਨੂੰ ਅਪੀਲ ਕਰਦਾ ਹੈ ਕਿ ਚੰਗਾ ਸੁਣੋਂ, ਚੰਗਾ ਦੇਖੋ ਨਹੀਂ ਤਾਂ ਆਉਂਣ ਵਾਲੀਆਂ ਨਸਲਾਂ ਦੀ ਝੋਲੀ ’ਚ ਅਸੀਂ ਵਿਰਸਾ ਨਹੀਂ ਬਰੂਦ ਪਾ ਕੇ ਜਾਵਾਂਗੇ, ਜੋ ਸਾਡੀ ਵਿਰਸਾਤ ਦੇ ਮੀਰੀ ਗੁਣਾਂ ਦੇ ਚੀਥੜੇ ਉੱਡਾ ਦੇਵੇਗਾ। ਅੱਜਕੱਲ੍ਹ ਪਰਵਾਜ਼ ਆਪਣੀ ਹਮਸਫ਼ਰ ਸਾਰਿਕਾ, ਬੇਟੇ ਰਿਦਮ ਅਤੇ ਬੇਟੀ ਨਜ਼ਮ ਨਾਲ ਮਲੋਟ ਵਿਖੇ ਖੁਸ਼ਹਾਲ ਜਿੰਦਗੀ ਜੀਂਦਾ ਹੋਇਆ, ਸੰਗੀਤ ਦੀ ਪੂਜਾ ਕਰ ਰਿਹਾ ਹੈ। ਉਹ ਅਨੇਕਾਂ ਪ੍ਰੋਜੈਕਟਾਂ ’ਤੇ ਕੰਮ ਕਰ ਰਿਹਾ ਹੈ। ਸ਼ਾਲਾ ! ਜੁੱਗ-ਜੁੱਗ ਜੀਵੇ ਪਰਵਾਜ਼ ।
ਵੰਡ ਦੀ ਪੀੜ ’ਚ ਭਿੱਜੀ ਪਰਵਾਜ਼ ਦੀ ਇਕ ਰਚਨਾ ਦੀਆਂ ਕੁਝ ਸਤਰਾਂ-:
ਬੰਬ ਫੱਟਦੈ ਲਾਹੌਰ ’ਚ, ਏਧਰ ਦਿੱਲੀ ਰੋਂਦੀ ਏ,
ਹਿੰਸਾ ਭੜ੍ਹਕੇ ਅਹਿਮਦਾਬਾਦ, ਕਰਾਚੀ ਰੋਂਦੀ ਏ।
ਇਕ ਸਿੱਕੇ ਦੇ ਦੋ ਪਹਿਲੂ ਕਦੇ ਵੱਖ ਨਹੀਂ ਹੋ ਸਕਦੇ,
ਫਿਰ ਹਿੰਦੁਸਤਾਨ ਤੇ ਪਾਕਿਸਤਾਨ ਕਿਉਂ ਇਕ ਨਹੀਂ ਹੋ ਸਕਦੇ।
ਦਿਲ ਦੇ ਸਭ ਅਰਮਾਨ ਅਸਾਡੇ ਖਾਬ੍ਹ ਹੋ ਗਏ,
ਇਕ ਚੜ੍ਹਦਾ ਤੇ ਇਕ ਲਹਿੰਦਾ ਦੋ ਪੰਜਾਬ ਹੋ ਗਏ !!

Send this to a friend